-ਵਿਦਿਆਰਥੀਆਂ ਨੂੰ ਸਕੂਲਾਂ ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ : ਵਿਧਾਇਕ ਬੁੱਧ ਰਾਮ
ਮਾਨਸਾ, 22 ਅਪ੍ਰੈਲ :
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ ਜਿਸ ਸਦਕਾ ਉਹ ਆਧੁਨਿਕ ਸਿੱਖਿਆ ਪ੍ਰਾਪਤ ਕਰਕੇ ਚੰਗਾ ਮੁਕਾਮ ਹਾਸਿਲ ਕਰਨ ਦੇ ਯੋਗ ਬਣਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਅੱਜ ਬੁਢਲਾਡਾ ਹਲਕੇ ਦੇ ਪਿੰਡਾਂ ਸ਼ੇਰਖਾਂ ਵਾਲਾ ਅਤੇ ਰਾਮਗੜ੍ਹ ਸ਼ਾਹਪੁਰੀਆ ਵਿਖੇ 49 ਲੱਖ 18 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਏ ਕੰਮਾਂ ਦੇ ਉਦਘਾਟਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਪੜ੍ਹਾਈ ਕਰਵਾਈ ਜਾ ਰਹੀ ਹੈ, ਉਥੇ ਹੀ ਖੇਡਾਂ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਸਦਕਾ ਵਿਦਿਆਰਥੀ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰ ਕੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਨਵੇਂ ਕਲਾਸ ਰੂਮਾਂ, ਸਕੂਲਾਂ ਦੀ ਮਜ਼ਬੂਤ ਚਾਰਦੀਵਾਰੀ, ਸਾਇੰਸ ਲੈਬ, ਕਿਤਾਬ ਘਰ ਅਤੇ ਹੋਰ ਜ਼ਰੂਰੀ ਸਹੂਲਤਾਂ ਵੱਲ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਅੱਜ ਦੇ ਸਮਾਗਮਾਂ ਦੌਰਾਨ ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਖਾਂ ਵਾਲਾ ਵਿਖੇ 7 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਕਲਾਸ ਰੂਮ ਦਾ ਉਦਘਾਟਨ ਕੀਤਾ ਅਤੇ ਵਰਦੀਆਂ ਲਈ 1 ਲੱਖ 70 ਹਜ਼ਾਰ ਦੀ ਗ੍ਰਾਂਟ ਦਿੱਤੀ। ਇਸੇ ਤਰ੍ਹਾਂ 2 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 84 ਹਜ਼ਾਰ ਰੁਪਏ ਦੀ ਲਾਗਤ ਨਾਲ ਪੈਨਲ ਦਾ ਉਦਘਾਟਨ ਕੀਤਾ ਅਤੇ ਵਰਦੀਆਂ ਲਈ 1 ਲੱਖ 6 ਹਜ਼ਾਰ ਦੀ ਗ੍ਰਾਂਟ ਦਿੱਤੀ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿਖੇ 3 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 3 ਲੱਖ 67 ਹਜ਼ਾਰ ਰੁਪਏ ਦੀ ਲਾਗਤ ਨਾਲ ਮੇਜਰ ਮੁਰੰਮਤ ਦੇ ਕੰਮਾਂ ਦਾ ਉਦਘਾਟਨ ਕੀਤਾ ਅਤੇ 48 ਹਜ਼ਾਰ ਰੁਪਏ ਵਰਦੀਆਂ ਦੀ ਗ੍ਰਾਂਟ ਦਿੱਤੀ। ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿਖੇ 15 ਲੱਖ ਦੀ ਲਾਗਤ ਨਾਲ ਨਵੀਂ ਚਾਰਦੀਵਾਰੀ, 2 ਲੱਖ 60 ਹਜ਼ਾਰ ਦੀ ਲਾਗਤ ਨਾਲ ਮੁਰੰਮਤ ਦੇ ਕੰਮਾਂ ਦੇ ਉਦਘਾਟਨ ਅਤੇ 1 ਲੱਖ 13 ਹਜ਼ਾਰ ਰੁਪਏ ਵਰਦੀਆਂ ਦੀ ਗ੍ਰਾਂਟ ਦਿੱਤੀ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਤੋਂ ਇਲਾਵਾ ਹੋਰ ਸੂਬੇ ਦੀ ਬਿਹਤਰੀ ਲਈ ਹੋਰ ਕੰਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ।ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ 400 ਮੀਟਰ ਦੇ ਟਰੈਕ ਤੋਂ ਇਲਾਵਾ ਓਪਨ ਜਿਮ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਕਿਉਂਕਿ ਇਸ ਨਾਲ ਨੌਜਵਾਨਾਂ ਨਸ਼ਿਆਂ ਦੀ ਬੁਰੀ ਅਲਾਮਤ ਤੋਂ ਬਚ ਕੇ ਖੇਡਾਂ ਵੱਲ ਆਪਣਾ ਧਿਆਨ ਦੇਣਗੇ।
ਇਸ ਮੌਕੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਹਲਕਾ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਸਰਪੰਚ ਮਨਜੀਤ ਕੌਰ, ਸਰਪੰਚ ਬਲਜਿੰਦਰ ਕੌਰ, ਸਰਪੰਚ ਮਨਜਿੰਦਰ ਕੌਰ, ਸਰਪੰਚ ਸੋਨੀ ਚਹਿਲ, ਐਸ.ਐਮ.ਸੀ. ਚੇਅਰਮੈਨ ਸਿੰਗਾਰਾ ਸਿੰਘ, ਸਰਪੰਚ ਸਤਨਾਮ ਸਿੰਘ, ਸਕੂਲ ਮੁਖੀ ਸੁਰਿੰਦਰ ਕੁਮਾਰ, ਸਕੂਲ ਮੁਖੀ ਵਰਿੰਦਰ ਪਾਲ, ਸਕੂਲ ਮੁਖੀ ਰਾਜਿੰਦਰ ਸਿੰਘ, ਸਕੂਲ ਮੁਖੀ ਗੁਰਦੀਪ ਸਿੰਘ, ਕੁਲਵੰਤ ਸਿੰਘ ਸਟੇਟ ਕਮੇਟੀ ਮੈਂਬਰ, ਸਮਾਜ ਸੇਵੀ ਡੀ.ਸੀ. ਸਿੰਘ, ਡਾ. ਗਮਦੂਰ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ, ਬਘੇਲ ਸਿੰਘ, ਪੰਚ ਗੁਰਮੀਤ ਸਿੰਘ, ਚਮਨਦੀਪ ਸਿੰਘ, ਪਿਆਰਾ ਸਿੰਘ ਹਲਕਾ ਬੁਢਲਾਡਾ ਮੀਡੀਆ ਕੋਆਰਡੀਨੇਟਰ, ਅਵਤਾਰ ਮਘਾਣੀਆ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।