12 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ, ਜਿਨ੍ਹਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਪ੍ਰਦਾਨ ਕੀਤਾ ਗਿਆ, ਨੂੰ ਸ਼ਹਿਰ ਦੀ ਪ੍ਰਸਿੱਧ ਸਮਾਜ-ਸੇਵੀ ਸੰਸਥਾ ਸ਼ਿਵ ਸ਼ਕਤੀ ਆਰਟ ਸਭਾ ਮਾਨਸਾ ਵੱਲੋਂ ਇੱਕ ਸਾਦਾ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ. ਵਿਨੋਦ ਮਿੱਤਲ ਵਰਗੇ ਮਿਹਨਤੀ ਅਧਿਆਪਕ ਸਾਡੇ ਮਾਨਸਾ ਦਾ ਮਾਣ ਹਨ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਸਮਰਪਣ ਭਾਵਨਾ ਦੇ ਨਾਲ ਪੜਾਇਆ ਜਾਂਦਾ ਹੈ ਅਤੇ ਮਿਹਨਤ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸ਼ਹਿਰ ਵਿੱਚ ਸਮਾਜ ਸੇਵੀ ਕਾਰਜਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਨਮਾਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਜਾਂਦਾ ਹੈ ਤਾਂ ਜੋ ਉਹ ਅੱਗੇ ਤੋਂ ਹੋਰ ਜਿਆਦਾ ਉਤਸ਼ਾਹ ਦੇ ਨਾਲ ਆਪਣੇ ਸ਼ਲਾਘਾਯੋਗ ਕਾਰਜ ਨਿਰੰਤਰ ਜਾਰੀ ਰੱਖਣ। ਸੰਸਥਾ ਦੇ ਸਕੱਤਰ ਰਾਮੇਸ਼ ਜਿੰਦਲ ਨੇ ਕਿਹਾ ਕਿ ਡਾ. ਵਿਨੋਦ ਮਿੱਤਲ, ਜਿੱਥੇ ਪਿਛਲੇ ਲੰਬੇ ਸਮੇ ਤੋਂ ਸ਼ਹਿਰ ਵਿੱਚ ਵੱਖ-ਵੱਖ ਸਮਾਜ ਸੇਵਾ ਦੇ ਕਾਰਜ, ਵਾਤਾਵਰਨ ਬਚਾਉਣ ਲਈ ਕਾਰਜ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਤੇ ਪ੍ਰਫੁੱਲਤਾ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਇਨ੍ਹਾਂ ਵੱਲੋਂ ਤਰਾਸ਼ੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਸਾਨੂੰ ਅਜਿਹੇ ਮਿਹਨਤੀ ਅਧਿਆਪਕਾਂ ‘ਤੇ ਮਾਣ ਹੈ ਜਿਨ੍ਹਾਂ ਕਰਕੇ ਸਾਡੇ ਮਾਨਸਾ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਹੋਇਆ ਹੈ। ਅਜਿਹੇ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਰਾਸਤਾ ਚੁਨਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਸਕੂਲ ਇੰਚਾਰਜ਼ ਪ੍ਰਿੰਸੀਪਲ ਡਾ. ਸ਼ੁਸ਼ੀਲ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ. ਵਿਨੋਦ ਮਿੱਤਲ ਬਹੁਤ ਮਿਹਨਤੀ ਅਤੇ ਅਣਥੱਕ ਹਨ ਜੋ ਪੂਰੀ ਤਰ੍ਹਾਂ ਆਪਣੇ ਕਿੱਤੇ ਨੂੰ ਸਮਰਪਿਤ ਹਨ। ਇਨ੍ਹਾਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੂੰ ਵੱਡੀ ਪੱਧਰ ਤੇ ਭਾਗ ਦਵਾਇਆ ਜਾਂਦਾ ਹੈ ਅਤੇ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਹਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ, ਸਕੱਤਰ ਰਮੇਸ਼ ਜਿੰਦਲ, ਸੰਜੀਵ ਬੋਬੀ, ਗੋਰਵ ਗਰਗ, ਟੋਨੀ ਵਰਮਾ, ਰਾਜੇਸ਼ ਹੈਪੀ, ਇੰਚਾਰਜ਼ ਪ੍ਰਿੰਸੀਪਲ ਡਾ. ਸ਼ੁਸ਼ੀਲ ਕੁਮਾਰ, ਅਧਿਆਪਕ ਸ਼੍ਰੀਮਤੀ ਨੀਰੂ ਬਾਲਾ, ਸਵੀਟੀ, ਅਨੀਤਾ, ਸੋਨੀਆ ਜੀ ਵੱਲੋਂ ਡਾ. ਵਿਨੋਦ ਮਿੱਤਲ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਸਨਮਾਨ ਚਿੰਨ੍ਹ ਅਰੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।