ਗੁਰਦੀਪ ਸਿੰਘ
- ਸ਼ਿਵ ਬਟਾਲਵੀ ਜਿੰਨਾਂ ਸਮਿਆਂ ਵਿੱਚ ਜਿਉਂਇਆਂ ਉਨ੍ਹਾਂ ਸਮਿਆਂ ਵਿੱਚ ਪੰਜਾਬੀ ਚਿੰਤਨ ਨੇ ਉਸ ਵੱਲ ਪਿੱਠ ਕੀਤੀ। ਬਾਅਦ ਵਿੱਚ ਲੰਮਾ ਸਮਾਂ, ਸੱਚੀ ਗੱਲ ਕਿ ਹੁਣ ਤੱਕ ਉਸਦੀ ਲਿਖਤ ਨੂੰ ਸਮਝਿਆ ਨਹੀਂ ਗਿਆ। ਉਸ ਦਾ ਵੱਡਾ ਕਾਰਨ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਸਾਹਿਤ ਸਿਰਜਣਾ ਦੀ ਵੰਡ ਰਹੀ।
ਸੱਚੀ ਗੱਲ ਤਾਂ ਇਹ ਵੀ ਐ ਕਿ ਸ਼ਿਵ ਬਟਾਲਵੀ ਪੰਜਾਬੀ ਚਿੰਤਨ ਦੇ ਮਾਪਦੰਡਾਂ ਤੋਂ ਪਾਰ ਦਾ ਕਵੀ ਐ। ਪੰਜਾਬੀ ਚਿੰਤਨ ਉਸਦੀ ਮੈਕਰੋ ਸਟੱਡੀ ਕਰਦਿਆਂ ਉਸ ਬਾਰੇ ਮੋਟੀ ਜਿਹੀ ਗੱਲ ਤੋਰਦੈ, ਉਸ ਦੀ ਮਾਈਕਰੋ ਸਟੱਡੀ ਕਰਨਾ ਉਸਦੀ ਸਿਰਜਣਾ ਦੀ ਥਾਹ ਪਾਉਣੈ। ਪੰਜਾਬੀ ਵਿਚ ਮਾਈਕਰੋ ਸਟੱਡੀ ਬਹੁਤ ਘੱਟ ਐ।
ਜਿੰਨਾਂ ਸਮਿਆਂ ਵਿੱਚ ਉਸਨੇ ਸਿਰਜਣਾ ਕੀਤੀ ਉਹ ਸਮਾਂ ਕਦੇ ਪ੍ਰਗਤੀਵਾਦ ਦੇ ਕੰਧੇੜੇ ਚੜ੍ਹਿਆ, ਕਦੇ ਪ੍ਰਯੋਗਵਾਦ ਦੇ ਅਤੇ ਕਦੇ ਜੁਝਾਰਵਾਦ ਦੇ। ਉਸ ਸਮੇਂ ਸ਼ਿਵ ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਖਬਰ ਸਿਰਜਣਾ ਕਰਦਾ ਰਿਹਾ। ਸ਼ਾਇਦ ਇਹ ਅਚੇਤ ਉਸਤੇ ਪ੍ਰਭਾਵ ਸੀ ਕਿ ਉਸਨੂੰ ‘ਲੂਣਾ’ ਵਰਗੀ ਮੈਨੂਫੈਕਚਰਡ ਲਿਖਤ ਲਿਖਣੀ ਪਈ। ਇਸ ਲਿਖਤ ਨੂੰ ਚਿੰਤਨ ਨੇ ਸਿਰਜਣਾ ਦੀ ਸਿਖਰ ਦੀਆਂ ਤਸਬੀਹਾਂ ਦਿੱਤੀਆਂ। ਉਸਦੇ ਇੱਕ ਤੋਂ ਵੱਧ ਸੈਕੜੇ ਕਾਰਨ ਹੋਣਗੇ। ਵੱਡਾ ਕਾਰਨ ਜੋ ਮੈਨੂੰ ਲੱਭਦੈ ਉਹ ਇਹ ਹੈ ਕਿ ਉਸਨੇ ਪੰਜਾਬ ਦੇ ਲੋਕ ਇਤਿਹਾਸ ਵਿੱਚ ‘ਧਰਮ ਦੀ ਮਾਂ’ ਦੇ ਆਦਰਸ਼ ਨੂੰ ਲੂਣਾ ਰਾਹੀਂ ਤੋੜਿਆ ਜਿੱਥੇ ‘ਧਰਮ ਦੀ ਮਾਂ’ ਦਾ ਸੰਕਲਪ ਪਿੱਛੇ ਰਹਿ ਗਿਆ ਅਤੇ ‘ਦੇਹ’ ਦੀ ਤ੍ਰਿਪਤੀ ਅੱਗੇ ਆਈ। ਇਹ ਰੂਪਾਂਤਰਨ ਪੰਜਾਬੀ ਚਿੰਤਨ ਵਿੱਚ ਪ੍ਰਵਾਨ ਹੋਇਆ।
ਪੰਜਾਬੀ ਚਿੰਤਨ ਵਿੱਚ ਸ਼ਿਵ ਦੀ ਜਦੋਂ ਵੀ ਗੱਲ ਤੁਰੀ ਤਾਂ ਚਿੰਤਨ ਨੇ ਦੇਹ ਨੂੰ ਕੇਂਦਰ ਕਰਕੇ ‘ਲੜ ਲਾਇਆ ਮੇਰੇ ਫੁੱਲ ਕਮਲਾਇਆ, ਇੱਛਰਾਂ ਜਿਸਦਾ ਰੂਪ ਹੰਢਾਇਆ, ਮੈਂ ਪੂਰਨ ਦੀ ਮਾਂ, ਪੂਰਨ ਦੇ ਹਾਣ ਦੀ ਕਿਵੇਂ ਹੋਈ’ ਜਾਂ ਪਿਤਾ ਜੇ ਧੀ ਦਾ ਰੂਪ ਹੰਢਾਵੇ, ਤਾਂ ਲੋਕਾਂ ਨੂੰ ਲਾਜ ਨਾ ਆਵੇ, ਜੇ ਲੂਣਾ ਪੂਰਨ ਨੂੰ ਚਾਹਵੇ, ਚਰਿੱਤਰਹੀਣ ਕਿਉਂ ਕਹੇ, ਜੀਭ ਜਹਾਨ ਦੀ?’ ਇਹ ਗੱਲਾਂ ਕੇਂਦਰ ਬਣੀਆਂ।
ਦੂਜਾ ਵੱਡਾ ਮਸਲਾ ਉਸਨੂੰ ‘ਬਿਰਹਾ ਦਾ ਸੁਲਤਾਨ’ ਕਹਿਣ ਦਾ ਹੈ। ਪੰਜਾਬੀ ਚਿੰਤਨ ਨੇ ਸ਼ਿਵ ਨੂੰ ਸਮਝਣ ਤੋਂ ਪਾਸੇ ਹੋਣ ਲਈ ਉਸਨੂੰ ‘ਬਿਰਹਾ ਦੇ ਸੁਲਤਾਨ’ ਦਾ ਖਿਤਾਬ ਦਿੱਤਾ। ਇਹ ਗੱਲ ਤਾਂ ਠੀਕ ਹੈ ਕਿ ਉਸਦੀ ਸਿਰਜਣਾ ਵਿੱਚ ‘ਬਿਰਹਾ’ ਹੈ ਪਰ ਇਹ ਬਿਲਕੁਲ ਠੀਕ ਨਹੀਂ ਕਿ ਉਸਦੀ ਸਮੁੱਚੀ ਸਿਰਜਣਾ ਬਿਰਹਾ ਹੈ, ਇਸ ਗੱਲ ਨੇ ਪੰਜਾਬੀ ਸਿਰਜਣਾ ਵਿੱਚ ਸ਼ਿਵ ਦੀ ਬਣਦੀ ਥਾਂ ਖੋਹੀ। ਬਿਰਹਾ ਬਾਰੇ ਉਸਦੀ ਗਿਣਤੀ ਦੀਆਂ ਨਜ਼ਮਾਂ ਨੂੰ ਛੱਡ ਕਿ ਉਸਨੇ ਜਿਹੜੀ ਸਿਰਜਣਾ ਰਾਹੀਂ ਜਿਹੜੀ ਵੱਢ ਮਾਰੀ ਉਹ ਉਸ ਸਮੇਂ ਦਾ ਕੋਈ ਵੀ ਸ਼ਾਇਰ ਨਹੀਂ ਕਰ ਸਕਿਆ। ਅਸਲ ਗੱਲ ਇਹ ਹੈ ਕਿ ਉਸਨੂੰ ‘ਉਧਾਰੀ ਦ੍ਰਿਸ਼ਟੀ’ ਨਾਲ ਸਮਝਿਆ ਨਹੀਂ ਜਾ ਸਕਦਾ, ਉਸਦਾ ਕਾਰਨ ਉਸਦੀ ਸਿਰਜਣਾ ਵਿੱਚ ‘ਅਧੂਰੀ ਚੇਤਨਾ’ ਗਾਇਬ ਹੈ।
ਉਹ ਜਿਸ ਧਰਾਤਲ ਤੇ ਵਿਚਰਿਆ ਉਸੇ ਰਾਹੀਂ ਉਸਨੂੰ ਸਮਝਿਆ ਜਾ ਸਕਦਾ ਹੈ। ਉਹ ਜਿੰਨਾਂ ਸੂਖਮ ਹੈ, ਉਸ ਕੋਲ ਖਿਆਲ ਦੇ ਹਾਣ ਦੀ ਜਿਸ ਤਰ੍ਹਾਂ ਦੀ ਕਾਵਿ-ਭਾਸ਼ਾ ਹੈ, ਲੋਕ ਮਨ ਦੇ ਹਾਣ ਦਾ ਬਿੰਬ ਹੈ, ਇਸ ਤਰ੍ਹਾਂ ਦਾ ਸ਼ਾਇਰ ਕਦੇ ਕਦਾਈਂ ਪੈਦਾ ਹੁੰਦਾ ਹੈ। ਉਸਦੀ ਗੱਲ ਉਸਦੇ ਕਹਿਣ ਦੇ ਅੰਦਾਜ਼ ਵਿੱਚ ਐ ਕਦੇ ਉਹ ‘ਨੀ ਇੱਕ ਮੇਰੀ ਅੱਖ ਕਾਸ਼ਨੀ’ ਕਹਿਦੈ, ਕਦੇ ‘ਮੇਰਾ ਇਸ਼ਕ ਕੁਆਰਾ ਮਰ ਗਿਆ, ਕੋਈ ਲੈ ਗਿਆ ਕੱਢ ਮਸਾਣ ਵੇ’ ਕਦੇ ‘ਸਾਡੇ ਮੁੱਖ ਦਾ ਮੈਲਾ ਚਾਣਨ ਕਿਸ ਚੁੰਮਣਾ ਕਿਸ ਪੀਣਾ?’ ਕਦੇ ‘ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪਵੇ’ ਕਹਿੰਦੈ। ਉਸ ਕੋਲ ਸਿਰਜਣਾ ਦੇ ਉਚਾਰ ਸਨ, ਸਮਿਆਂ ਦੇ ਨਹੀਂ।
ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਵਿੱਚ ਸ਼ਿਵ ਇਕੱਲਾ ਸੀ, ਇਕੱਲਾ ਰਹੇਗਾ। ਪ੍ਰਵਿਰਤੀਆਂ ਉਸਨੂੰ ਮੇਚ ਨਹੀਂ ਸਕਦੀਆਂ।