ਭੀਖੀ 16 ਅਗਸਤ
ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਸ਼ਾਇਰ ਸੱਤ-ਔਜ ਦਾ ਪਲੇਠਾ ਕਾਵਿ ਸੰਗ੍ਰਹਿ ‘ਲਾਹੁਤ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਨਾਵਲਕਾਰ ਪਰਗਟ ਸਤੌਜ ਨੇ ਕਿਹਾ ਕਿ ਬੇਸ਼ੱਕ ਅੱਜ ਬੁਹਤ ਸਾਰੀ ਕਵਿਤਾ ਲਿਖੀ ਜਾ ਰਹੀ ਹੈ ਤੇ ਪੜ੍ਹੀ ਬੁਹਤ ਹੀ ਘੱਟ ਜਾ ਰਹੀ ਹੈ, ਪਰ ਨਰੋਈ ਕਵਿਤਾ ਕਿਤੇ-ਕਿਤੇ ਲਿਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁਹਤ ਸਮੇਂ ਬਾਅਦ ਕਵਿਤਾ ਦੀ ਅਜਿਹੀ ਪੁਸਤਕ ਲਿਖੀ ਹੈ ਜੋ ਪੰਜਾਬੀ ਦੇ ਪਾਠਕ ਨੂੰ ਅੰਦਰ ਤੱਕ ਝੰਜੋੜਦੀ ਹੈ। ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਤੇ ਪ੍ਰਸਿੱਧ ਸ਼ਾਇਰ ਗੁਰਪ੍ਰੀਤ ਮਾਨਸਾ ਨੇ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਸਤ-ਔਜ ਦੀ ਕਵਿਤਾ ਕਲਾਸਿਕ ਹੈ। ਸਤ-ਔਜ ਦੀ ਕਵਿਤਾ ’ਚ ਉਰਦੂ ਫਾਰਸੀ ਦੇ ਵਰਤੇ ਸ਼ਬਦ ਉਸਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ। ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫੌਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਪਿੱਛੋਂ ਕਿਹਾ ਕਿ ਇਹ ਕਾਵਿ ਸੰਗ੍ਰਹਿ ਪੰਜਾਬੀ ਕਵਿਤਾ ਦੇ ਖੇਤਰ ’ਚ ਮੀਲ ਪੱਥਰ ਸਾਬਿਤ ਹੋਵੇਗਾ। ਇਸ ਮੌਕੇ ਉਕਤ ਕਿਤਾਬ ਦਾ ਸਰਵਰਕ ਚਿੱਤਰ ਬਨਾਉਣ ਵਾਲੀ ਬਾਲ ਚਿੱਤਰਕਾਰ ਪਰਵਾਜ਼ ਮਾਨਸਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈ। ਇਸ ਮੌਕੇ ਜਗਸੀਰ ਸਿੰਘ ਖਿੱਲਣ, ਅਮਨ ਮਾਨਸਾ, ਹਰਵਿੰਦਰ ਭੀਖੀ, ਅਵਤਾਰ ਡਿਜੀਟਲ, ਰਜਿੰਦਰ ਜਾਫਰੀ, ਮਾ. ਬੂਟਾ ਸਿੰਘ, ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰੈਸ ਸਕੱਤਰ ਗੁਰਿੰਦਰ ਔਲਖ, ਮਾ. ਮਨਜੀਤ ਸਿੰਘ, ਭਰਪੂਰ ਸਿੰਘ ਮੰਨਣ, ਹਰਵਿੰਦਰ ਸਿੰਘ ਚਾਹਲ, ਪੱਤਰਕਾਰ ਡੀ.ਪੀ. ਜਿੰਦਲ, ਬਲਕਾਰ ਸਹੋਤਾ, ਆਦਿ ਹਾਜ਼ਰ ਸਨ। ਮੰਚ ਸੰਚਾਲਨ ਮਾ. ਅਮਰੀਕ ਭੀਖੀ ਨੇ ਬਾਖ਼ੂਬੀ ਨਿਭਾਇਆ। ਅੰਤ ’ਚ ਕਾ. ਧਰਮਪਾਲ ਨੀਟਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਤਸਵੀਰ- ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਵਿਖੇ ‘ਲਾਹੁਤ’ ਕਾਵਿ ਸੰਗ੍ਰਹਿ ਲੋਕ ਅਰਪਣ ਕਰਦੇ ਲਿਖਾਰੀ ਤੇ ਸਾਹਿਤ ਪ੍ਰੇਮੀ।