29 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਹਿੰਦ-ਪਾਕਿ ਸਰਹੱਦ ‘ਤੇ ਵੱਸਿਆ ਸਰਹੱਦੀ ਕਸਬਾ ਖਾਲੜਾ ਜੋ ਹਿੰਦ ਪਾਕਿ ਦੀ ਵੰਡ ਤੋਂ ਪਹਿਲਾਂ ਵਪਾਰ ਦਾ ਧੁਰਾ ਹੁੰਦਾ ਸੀ ਅਤੇ ਖਾਲੜਾ ਨੂੰ ਮਿਰਚਾਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਵੀ ਜਾਣਿਆ ਜਾਂਦਾ ਸੀ। ਜਿਸ ਦਾ ਵਪਾਰ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ‘ਤੇ ਦਿੱਲੀ ਤੱਕ ਚੱਲਦਾ ਸੀ। ਇਸ ਦੇਸ਼ ਉੱਪਰ ਫਰੰਗੀਆਂ ਵੱਲੋਂ ਰਾਜ ਕਰਨ ਸਮੇਂ ਡਿਫੈਂਸ ਡਰੈਨ ਕੋਲ ਨਹਿਰੀ ਵਿਸ਼ਰਾਮ ਘਰ ਬਣਾਇਆ ਗਿਆ ਸੀ, ਜਿਸ ਵਿੱਚ ਸਮੇਂ-ਸਮੇਂ ਫਰੰਗੀ ਅਫਸਰਾਂ ਤੋਂ ਬਿਨਾਂ ਵੱਖ-ਵੱਖ ਸਮੇਂ ਵਿੱਚ ਆਈਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਕੈਬਨਿਟ ਮੰਤਰੀਆਂ ‘ਤੇ ਉੱਚ ਕੋਟੀ ਦੇ ਅਧਿਕਾਰੀਆਂ ਨੇ ਇਸ ਵਿਸ਼ਰਾਮ ਘਰ ਵਿੱਚ ਠਹਿਰਾਅ ਕੀਤਾ ਸੀ । ਪਰ ਸਮੇਂ ਸਮੇਂ ਸੂਬੇ ਅੰਦਰ ਬਣੀਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਇਸ ਆਲੀਸ਼ਾਨ ਵਿਸ਼ਰਾਮ ਘਰ ਦੀ ਮੁਰੰਮਤ ਨੂੰ ਅੱਖੋਂ ਪਰੋਖੇ ਕਰਕੇ ਇਸ ਦਾ ਨਵੀਨੀਕਰਨ ਕਰਨ ਲਈ ਕਈ ਹਵਾਈ ਐਲਾਨ ਕੀਤੇ ਜੋ ਸਿਰਫ ਬਿਆਨਾਂ ਤੱਕ ਹੀ ਸੀਮਤ ਰਹਿ ਗਏ ਅਤੇ ਇਹ ਆਲੀਸ਼ਾਨ ਵਿਸ਼ਰਾਮ ਘਰ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਨਹਿਰੀ ਵਿਸ਼ਰਾਮ ਘਰ (ਰੈਸਟ ਹਾਊਸ) ਜੋ ਤਕਰੀਬਨ 4 ਏਕੜ ਵਿੱਚ ਬਣਿਆ ਹੈ। ਜਿਸ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆ ਬਿਲਡਿੰਗਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀਆ ਹਨ। ਇਹ ਬਿਲਡਿੰਗਾਂ ਜੋ ਜਿਲ੍ਹੇਦਾਰ, ਜੇ.ਈ, ੳਵਰਸੀਰ, ਤਾਰ ਬਾਊ ਅਤੇ ਹੋਰ ਕਰਮਚਾਰੀਆ ਦੀਆਂ ਲੱਖਾ ਰੁਪਏ ਨਾਲ ਬਣੀਆਂ ਇਮਾਰਤਾਂ ਸਰਕਾਰਾਂ ਦੀ ਲਾਪਰਵਾਹੀ ਨਾਲ ਮਿੱਟੀ ਹੋ ਚੁਕੀਆਂ ਹਨ। ਦੂਸਰੇ ਪਾਸੇ ਰੈਸਟ ਹਾਊਸ ਦੀ ਬਿਲਡਿੰਗ ਆਰਮੀ ਦੇ ਕਰਨਲ, ਬਰਗੇਡੀਅਰ ਅਤੇ ਜ਼ਰਨਲ ਆਦਿ ਹੋਰ ਵੱਡੇ ਅਧਿਕਾਰੀਆਂ ਦਾ ਇਸ ਰੈਸਟ ਹਾਊਸ ਵਿੱਚ ਮੀਟਿੰਗ ਕਰਨ ਲਈ ਜਾਂ ਰਾਤ ਠਹਿਰਨ ਲਈ ਪੂਰਾ ਪ੍ਰਬੰਧ ਸੀ ‘ਤੇ ਪਿਛਲੇ ਸਮੇ ਇਸ ਰੈਸਟ ਹਾਊਸ ਵਿੱਚ ਸੌਫਾ ਸੈੱਟ, ਡਬਲ-ਬੈੱਡ, ਡਾਇੰਨਗ ਟੇਬਲ, ਕੁਰਸੀਆਂ, ਗੀਜ਼ਰ ਅਤੇ ਬਿਜ਼ਲੀ ਦੇ ਪੱਖੇ, ਲਾਇਟਾਂ ਆਦਿ ਦਾ ਪ੍ਰਬੰਧ ਸੀ। ਪਰ ਜੋ ਅੰਦਰਖਾਤੇ ਮੁਲਾਜ਼ਮਾ ਦੀ ਮਿਲੀਭੁਗਤ ਨਾਲ ਖਤਮ ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਟੌਹੜਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਸਿਮਰਨਜੀਤ ਸਿੰਘ ਮਾਨ ਵੀ ਇਸ ਰੈਸਟ ਹਾਊਸ ਵਿੱਚ ਨਜ਼ਰਬੰਦ ਰਹੇ। ਪਰ ਉਸ ਸਮੇਂ ਇਸ ਰੈਸਟ ਹਾਊਸ ਦੀ ਚਾਰ ਦੁਆਰੀ, ਬਿਜ਼ਲੀ, ਅਤੇ ਰਹਿਣ ਦਾ ਪੂਰਾ ਪ੍ਰਬੰਧ ਸੀ। ਹੁਣ ਇਸ ਰੈਸਟ ਹਾਊਸ ਦਾ ਚਿੱਠਾ ਖੋਲਿਆ ਜਾਵੇ ਤਾਂ ਤੁਸੀ ਹੈਰਾਨ ਪ੍ਰੇਸ਼ਾਨ ਰਹਿ ਜਾਉਗੇ। ਇੱਥੋ ਤੱਕ ਸਭ ਤੋਂ ਪਹਿਲਾਂ ਇਸ ਰੈੱਸਟ ਹਾਊਸ ਦੀ ਚਾਰ ਦੁਆਰੀ ਪੂਰੀ ਤਰ੍ਹਾ ਡਿੱਗ ਚੁੱਕੀ ਹੈ, ਬਿਜ਼ਲੀ ਦੀ ਵੈਰਿੰਗ, ਬੈਠਣ ਨੂੰ ਫਰਨੀਚਰ, ਪੱਖੇ, ਲਾਇਟਾਂ ਤੱਕ ਨਹੀਂ ਹਨ। ਕਮਰਿਆਂ ਦੀਆ ਬੂਹੇ ਬਾਰੀਆਂ ਟੁੱਟੀਆ ਪਈਆ ਹਨ,ਖਾਣਾ ਬਣਾਉਣ ਵਾਲੀ ਰਸੋਈ ਵੀ ਬਿਲਕੁੱਲ ਖਸਤਾਂ ਹੋ ਚੁੱਕੀ ਹੈ, ਪਖਾਣੇ ਵੀ ਬਿਲਕੁੱਲ ਬੰਦ ਹੋ ਚੁੱਕੇ ਹਨ ਅਤੇ ਮਹਿਕਮੇ ਵੱਲੋਂ ਇਸ ਰੈਸਟ ਹਾਊਸ ਦੀ ਕੋਈ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ । ਇਸ ਰੈਸਟ ਹਾਊਸ ਦੇ ਰਕਬੇ ਅੰਦਰ ਖਾਲੀ ਪਈ ਜਮੀਨ ਠੇਕੇ ‘ਤੇ ਵੀ ਦਿੱਤੀ ਜਾਂਦੀ ਰਹੀ ਹੈ। ਜੇਕਰ ਸਲਾਨਾ ਠੇਕਾ ਇਸ ਰੈਸਟ ਹਾਊਸ ‘ਤੇ ਲਗਾਇਆ ਜਾਂਦਾ ਤਾਂ ਇਹ ਇਮਾਰਤਾਂ ਖੰਡਰ ਹੋਣ ਤੋਂ ਬਚ ਸਕਦੀਆਂ ਸਨ । ਪ੍ਰੰਤੂ ਸੰਬੰਧਿਤ ਮਹਿਕਮੇ ਦੀ ਲਾਪਰਵਾਹੀ ਕਾਰਨ ਇਸ ਰੈਸਟ ਹਾਊਸ ਦੀ ਹੋਂਦ ਖਤਮ ਹੋਣ ਦੇ ਕਿਨਾਰੇ ਹੈ ਅਤੇ ਹੁਣ ਇਸ ਰੈਸਟ ਹਾਊਸ ਵਿੱਚ ਸਿਰਫ ਸਵੀਪਰ ‘ਤੇ ਚੌਕੀਦਾਰ ਹੀ ਰਹਿ ਗਏ ਹਨ। ਜ਼ਿਲ੍ਹੇਦਾਰ, ੳਵਰਸੀਰ, ਜੇ.ਈ, ਰਸੋਈਆ, ਅਤੇ ਮਾਲੀ ਬਿਲਕੁੱਲ ਇਸ ਰੈਸਟ ਹਾਊਸ ਵਿੱਚੋਂ ਗਾਇਬ ਹਨ। ਲੋਕ ਇਸ ਰੈਸਟ ਹਾਊਸ ਵਿੱਚ ਘਾਹ-ਫੂਸ ਚਾਰਨ ਲਈ ਆਪਣੇ ਪਸ਼ੂ ਛੱਡ ਦਿੰਦੇ ਹਨ। ਕਾਂਗਰਸ ਸਰਕਾਰ ਦੇ ਰਾਜ਼ ਸਮੇ ਸਿੰਚਾਈ ਮੰਤਰੀ ਰਹੇ ਗੁਰਚੇਤ ਸਿੰਘ ਭੁੱਲਰ ਵੱਲੋਂ ਇਸ ਰੈਸਟ ਹਾਊਸ ਦੀ ਦੇਖਭਾਲ ਕੀਤੀ ਗਈ ਸੀ, ਪਰ ਸਰਕਾਰ ਬਦਲ ਜਾਣ ਤੋਂ ਬਾਅਦ ਕਿਸੇ ਨੇ ਵੀ ਇਸ ਰੈਸਟ ਹਾਊਸ ਦੀ ਸਾਰ ਤੱਕ ਨਹੀਂ ਲਈ। ਇਸ ਰੈਸਟ ਹਾਊਸ ਵਿੱਚ ਫਲਦਾਰ ਬੂਟਿਆਂ ਤੋਂ ਇਲਾਵਾ ਅਨੇਕਾਂ ਕਿਸਮ ਦੇ ਹੋਰ ਵੀ ਰੁੱਖ ਸਨ, ਜੋ ਕਿ ਸਮੇਂ ਦੀਆਂ ਸਰਕਾਰਾਂ ‘ਤੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਅਲੋਪ ਹੋ ਗਏ ਹਨ । ਉਧਰ ਇਸ ਮੌਕੇ ਸਮਾਜ ਸੇਵੀਆਂ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਲਬਾਗ ਸਿੰਘ ਪਹੂਵਿੰਡ, ਭਾਰਤੀ ਕਿਸਾਨ ਯੂਨੀਅਨ ਅੰਬਾਵਤਾ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਅੰਗਰੇਜ਼ਾਂ ਵੇਲੇ ਦੇ ਪੁਰਾਤਨ ਰੈਸਟ ਹਾਊਸ ਦੀ ਦੇਖਭਾਲ ਕੀਤੀ ਜਾਵੇ ਅਤੇ ਇਸਦੀ ਖਸਤਾ ਹੋਈ ਬਿਲਡਿੰਗ ਨੂੰ ਮੁੜ ਵਿਸਰਜਿਤ ਕਰਕੇ ਵਿਕਾਸ ਕਾਰਜ ਕਰਵਾ ਕੇ ਇਸਦੀ ਸੁੰਦਰਤਾ ਨੂੰ ਨਿਖਾਰਿਆ ਜਾਵੇ । ਉਹਨਾਂ ਨਾਲ ਇਹ ਵੀ ਕਿਹਾ ਕਿ ਅਧਿਕਾਰੀਆਂ ਵੱਲੋਂ ਇਸ ਬਿਲਡਿੰਗ ਦੀ ਖਾਲੀ ਪਈ ਜਗ੍ਹਾ ਵਿੱਚ ਲਗਾਏ ਗਏ ਰੁੱਖਾਂ ਦੀ ਕੀਤੀ ਗਈ ਕਟਾਈ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਬਿਲਡਿੰਗ ਅੰਦਰ ਮੌਜੂਦ ਮਟੀਰੀਅਲ ਦੇ ਗਾਇਬ ਹੋਣ ਦੀ ਵੀ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਬਣਦੇ ਅਧਿਕਾਰੀਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।