ਭੀਖੀ25 ਜੁਲਾਈ (ਕਰਨ ਭੀਖੀ)
ਜੋਨ ਪੱਧਰੀ (ਸਰਕਾਰੀ) ਬਾਸਕਟਬਾਲ ਦੇ ਖੇਡ- ਮੁਕਾਬਲਿਆਂ ਵਿੱਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰ ਹੋਡਲਾ ਕਲਾਂ ਵਿਖੇ ਹੋਏ ਬਾਸਕਟਬਾਲ ਦੇ ਮੁਕਾਬਲੇ ਵਿੱਚ ਅੰਡਰ 14, 17, 19 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਵਿੱਦਿਆ ਮੰਦਰ ਦਾ ਨਾਮ ਰੌਸ਼ਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭੀਖੀ ਵਿਖੇ ਲੜਕੀਆਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਅੰਡਰ-17 ਦੀ ਟੀਮ ਨੇ ਪਹਿਲਾ ਅਤੇ ਅੰਡਰ-14ਦੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਸਾਰੇ ਜੇਤੂਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡ ਮੈਦਾਨ ਵਿੱਚ ਹਮੇਸ਼ਾ ਇਮਾਨਦਾਰੀ, ਲਗਨ, ਸਵੈ- ਭਰੋਸੇ ਨਾਲ ਹੀ ਖੇਡ ਨੂੰ ਨਿਭਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਭਾਵਨਾ ਰੱਖਣ ਨਾਲ ਜੇਕਰ ਅਸੀਂ ਖੇਡਾਂ ਵਿੱਚ ਭਾਗ ਲੈਂਦੇ ਹਾਂ ਤਾਂ ਸਾਡੇ ਵਿੱਚ ਸਦਾਚਾਰਕ ਗੁਣ ਵੀ ਉਤਪੰਨ ਹੁੰਦੇ ਹਨ ਅਤੇ ਕਾਮਯਾਬੀ ਵੀ ਹਾਸਲ ਹੁੰਦੀ ਹੈ। । ਇਸ ਮੌਕੇ ਉਹਨਾਂ ਵੱਲੋਂ ਸਾਰੇ ਹੀ ਜੇਤੂਆਂ ਅਤੇ ਖੇਡ ਅਧਿਆਪਕਾਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਗਈ ਤੇ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ।