Mansa 19 ਜੁਲਾਈ
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਸ਼ੂਟਿੰਗ (ਫਾਇਰਿੰਗ) ਟੂਰਨਾਮੈਂਟ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸ਼ੂਟਿੰਗ ਟੂਰਨਾਮੈਂਟ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਡਿਪਟੀ ਇੰਸਪੈਕਟਰ ਜਨਰਲ ਸ੍ਰ. ਹਰਜੀਤ ਸਿੰਘ ਬਠਿੰਡਾ ਉਚੇਚੇ ਤੌਰ ਤੇ ਬੱਚਿਆਂ ਦੇ ਰੂਬਰੂ ਹੋਏ ਅਤੇ ਉਹਨਾਂ ਆਪਣੇ ਕਰ ਕਮਲਾਂ ਦੁਆਰਾ ਦੀਪ ਜਗਾ ਕੇ ਸ਼ੂਟਿੰਗ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਉਦਘਾਟਨੀ ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਪ੍ਰੋ: ਪ੍ਰਿਤਪਾਲ ਸ਼ਰਮਾ, ਡੀ. ਐੱਸ. ਪੀ. ਸ੍ਰ. ਬੂਟਾ ਸਿੰਘ, ਐੱਸ. ਐੱਚ. ਓ ਸ੍ਰ. ਸੁਖਜੀਤ ਸਿੰਘ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਮੁੱਖ ਮਹਿਮਾਨ ਅਤੇ ਹੋਰ ਸਾਰੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਵਿੱਦਿਆ ਮੰਦਰ ਵਿੱਚ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ ਤੇ ਨਿੱਘੀ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਦੇ ਇਹ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਮੁਕਾਬਲੇ 19 ਜੁਲਾਈ ਤੋਂ 21 ਜੁਲਾਈ 2025 ਤੱਕ ਮੁਕੰਮਲ ਹੋਣੇ ਹਨ। ਉਦਘਾਟਨੀ ਸਮਾਗਮ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰ. ਹਰਜੀਤ ਸਿੰਘ ਬਠਿੰਡਾ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਵਰਤਮਾਨ ਸਮਾਂ ਬਹੁਪੱਖੀ ਪ੍ਰਤਿਭਾ ਵਾਲਾ ਹੈ ਅਤੇ ਸਾਨੂੰ ਵਿਦਿਆਰਥੀ ਜੀਵਨ ਤੋਂ ਹੀ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਰੁਚੀ ਵਿਕਸਿਤ ਕਰਨੀ ਚਾਹੀਦੀ ਹੈ । ਸਾਨੂੰ ਜਿੱਤ – ਹਾਰ ਦੀ ਪਰਵਾਹ ਨਾ ਕਰਦੇ ਹੋਏ ਹਰੇਕ ਗਤੀਵਿਧੀ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਵਿੱਦਿਆ ਭਾਰਤੀ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਉੱਦਮ ਕਰ ਰਹੇ ਅਤੇ ਸਿੱਖਿਆ ਦੀ ਵੱਖਰੀ ਮਿਸਾਲ ਬਣ ਕੇ ਉੱਭਰ ਰਹੇ ਹਨ। ਬੱਚਿਆਂ ਦੇ ਰੂਬਰੂ ਹੁੰਦਿਆਂ ਪ੍ਰੋ: ਪ੍ਰਿਤਪਾਲ ਸ਼ਰਮਾਂ (ਉਦਯੋਗਪਤੀ ) ਨੇ ਸਾਰੇ ਹੀ ਪ੍ਰਤੀਭਾਗੀਆਂ ਨੂੰ ਸਫਲਤਾ ਅਤੇ ਪ੍ਰਾਪਤੀਆਂ ਦੇ ਅੰਤਰ ਬਾਰੇ ਸਮਝਾਉਂਦਿਆਂ ਕਿਹਾ ਕਿ ਸਾਡੀਆਂ ਇਹ ਛੋਟੀਆਂ – ਛੋਟੀਆਂ ਪ੍ਰਾਪਤੀਆਂ ਸਾਨੂੰ ਹੱਲਾਸ਼ੇਰੀ ਦਿੰਦੀਆਂ ਹਨ ਅਤੇ ਸਮਾਜ ਦੇ ਹਾਣ ਦਾ ਬਣਾਉਂਦੀਆਂ ਹਨ। ਸਾਡੀ ਅਸਲ ਪ੍ਰਾਪਤੀ ਤਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਹੈ ਅਤੇ ਸਮਾਜ ਦੇ ਕੰਮ ਆਉਣਾ ਹੈ। ਉਨ੍ਹਾਂ ਵੱਲੋਂ ਵਿੱਦਿਆ ਮੰਦਰ ਵਿਖੇ ਨਵੀਂ ਬਣੀ ਸ਼ੂਟਿੰਗ ਰੇਂਜ ਦੀ ਉੱਨਤੀ ਲਈ ਇੱਕ ਲੱਖ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਬੱਚਿਆਂ ਦੀ ਅਕਾਦਮਿਕ ਹੌਸਲਾਅਫ਼ਜਾਈ ਲਈ ਉਨ੍ਹਾਂ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਗਿਆਰਾਂ ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਵਿੱਦਿਆ ਮੰਦਰ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਲੋਕ – ਨਾਚ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਸਿੰਘ, ਮੀਤ ਪ੍ਰਧਾਨ ਅੰਮ੍ਰਿਤ ਢਿੱਲੋਂ, ਸ. ਗੁਰਜੀਤ ਸਿੰਘ ਢਿੱਲੋਂ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਪਾਲ, ਪ੍ਰਬੰਧਕ ਅੰਮ੍ਰਿਤ ਲਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਮੱਤੀ, ਡਾ:ਮੱਖਣ ਲਾਲ, ਮੈਂਬਰ ਭੂਸ਼ਣ ਕੁਮਾਰ, ਤੁਸ਼ਾਰ ਕੁਮਾਰ, ਗੋਬਿੰਦ ਰਾਮ ਸ਼ਰਮਾ, ਨਰਿੰਦਰ ਸਿੰਘ, ਗੁਰਪ੍ਰੀਤ ਗੋਰਾ ਰਾਮਪੁਰਾ ਫੂਲ, ਰੁਪਿੰਦਰ ਪਟਿਆਲ ਵਿਸ਼ੇਸ਼ ਤੌਰ ਹਾਜ਼ਰ ਹੋਏ ।