ਭੀਖੀ, 8 ਅਪ੍ਰੈਲ
ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ. ਭੀਖੀ ਦੇ ਵਿਹੜੇ ਵਿੱਚ ਸਾਲਾਨਾ ਸਮਾਗਮ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਾਲਾਨਾ ਸਮਾਗਮ ਵਿਚ ਨਰਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾਉਣ ਲਈ ਬੱਚਿਆਂ ਦੇ ਮਾਪਿਆਂ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਾਲਾਨਾ ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ (ਹੈਡ-ਕੁਆਟਰ) ਜਲੰਧਰ ਦੇ ਉਪ ਪ੍ਰਧਾਨ ਸ਼੍ਰੀ ਸੁਭਾਸ਼ ਮਹਾਜਨ ਨੇ ਆਪਣੇ ਕਰ ਕਮਲਾਂ ਦੁਆਰਾ ਦੀਪ ਜਗਾ ਕੇ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਸਮਾਗਮ ਵਿੱਚ ਪਹੁੰਚੇ ਹੋਏ ਮੁੱਖ ਮਹਿਮਾਨ, ਸਮੂਹ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ । ਇਸ ਉਪਰੰਤ ਸਕੂਲ ਪ੍ਰਿੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸਾਰਿਆਂ ਨੂੰ ਸਕੂਲ ਦੀਆਂ ਅਕਾਦਮਿਕ, ਸਹਿ ਗਤੀਵਿਧੀਆਂ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਹਰਿ ਦਰਸ਼ਨ ਸੁਖ ਪਾਇਆ ਸ਼ਬਦ ਤੋਂ ਕੀਤੀ ਗਈ । ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਦੇ ਵਿੱਦਿਆ ਮੰਦਰ ਪੰਜਾਬ ਵਿੱਚ ਗੁਣਵੱਤਾਪੂਰਨ ਸਿੱਖਿਆ ਦੇ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਉੱਚਾ ਚੁੱਕ ਰਹੇ ਹਨ। ਵਿਦਿਆ ਭਾਰਤੀ ਸੰਸਥਾਵਾਂ ਦਾ ਟੀਚਾ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਦੇਣਾ ਵੀ ਹੈ ਅਤੇ ਆਪਣੇ ਸਕੂਲ ਘੱਟ ਫੀਸਾਂ ਵਿੱਚ ਗੁਣਵੱਤਾ ਪੂਰਨ ਸਿੱਖਿਆ ਦਾ ਉਪਰਾਲਾ ਕਰ ਰਹੇ ਹਨ । ਉਨ੍ਹਾਂ ਪ੍ਰੋਗਰਾਮ ਦੀ ਪ੍ਰਸੰਸਾ ਕਰਦੇ ਹੋਏ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਅੱਗੇ ਵੀ ਇਹ ਵਿੱਦਿਆ ਮੰਦਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਸਕੂਲ ਮੁਖੀ, ਅਧਿਆਪਕ ਤੇ ਵਿਦਿਆਰਥੀਆਂ ਦੇ ਆਪਸੀ ਤਾਲਮੇਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਸਭ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਦੀ ਯੋਗ ਅਗਵਾਈ ਅਤੇ ਸਮੁੱਚੀ ਪ੍ਰਬੰਧਕ ਸੰਮਤੀ ਦੇ ਸਹਿਯੋਗ ਸਦਕਾ ਹੀ ਇਹ ਵਿੱਦਿਆ ਮੰਦਰ ਤਰੱਕੀ ਦੀਆਂ ਲੀਹਾਂ ਤੇ ਹੈ। ਇਸ ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਆਪਣੀਆਂ ਵੰਨ – ਸੁਵੰਨੀਆਂ ਪੇਸ਼ਕਾਰੀਆਂ ਨਾਲ ਜ਼ਿੰਦਗੀ ਦੇ ਰੰਗਾਂ ਦਾ ਰੰਗ ਬੰਨ੍ਹ ਦਿੱਤਾ ਗਿਆ ਜਿਸ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਬੱਚਿਆਂ ਵੱਲੋਂ ਬੜੇ ਹੀ ਮਨਮੋਹਕ ਢੰਗ ਨਾਲ ਗਿੱਧਾ, ਭੰਗੜਾ,ਸਕਿੱਟ, ਕੋਰੀਓਗਰਾਫ਼ੀ ਅਤੇ ਲੋਕ ਨਾਚ ਆਦਿ ਪੇਸ਼ ਕੀਤੇ ਗਏ। ਇਸ ਸਮਾਗਮ ਦੌਰਾਨ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਰਹੀ ਚੰਦਰਯਾਨ – 3 ਤੇ ਪੇਸ਼ ਕੀਤੀ ਅਨੋਖੀ ਪੇਸ਼ਕਾਰੀ। ਇਸ ਤੋਂ ਬਾਅਦ ਮੁੱਖ ਮਹਿਮਾਨ, ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਨਰਾਇਣ ਖੋਜ ਪ੍ਰਤਿਭਾ ਪ੍ਰੀਖਿਆ, ਵਿਗਿਆਨ ਅਤੇ ਗਣਿਤ ਮੇਲਾ, ਖੇਡਾਂ ਅਤੇ ਅਕਾਦਮਿਕ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਬਹੁਤ – ਬਹੁਤ ਵਧਾਈ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਵੱਲੋਂ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਤੇ ਪ੍ਰੋਗਰਾਮ ਦੀਆਂ ਰੌਣਕਾਂ ਵਧਾਉਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅਸੀਂ ਇਹ ਸਭ ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਫਲ ਰਹੇ ਹਾਂ । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਅਸ਼ੋਕ ਜੈਨ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਵੀ ਹਾਜ਼ਰ ਹੋਏ ।
ਸਰਵਹਿੱਤਕਾਰੀ ਵਿੱਦਿਆ ਮੰਦਰ ਵੱਲੋਂ ਸਾਲਾਨਾ ਸਮਾਗਮ ਕਰਵਾਇਆ
Leave a comment