ਸਰਬਜੀਤ ਕੌਰ ਜੱਸ ਦੀ ਕਵਿਤਾ ਪੰਜਾਬੋ— ਮਾਂ ਦਾ ਵੈਣ ਬਾਰੇ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫ਼ਿਲਮ “ ਬਲ਼ਦੇ ਸਿਵੇ” ਬਠਿੰਡਾ ਫ਼ਿਲਮ ਫੈਸਟੀਵਲ ਵਿੱਚ ਪੇਸ਼ ਹੋਣ ਵਾਲੀਆਂ 1700ਫਿਲਮਾਂ ਵਿੱਚੋਂ ਫਾਈਨਲ ਚ ਪੁੱਜੀਆਂ 17 ਫਿਲਮਾਂ ਵਿੱਚ ਚੁਣੀ ਗਈ ਹੈ। ਇਹ ਪੰਜਾਬੀ ਕਵਿੱਤਰੀ ਸਰਬਜੀਤ ਜੱਸ ਤੇ ਸੁਚੇਤ ਰੰਗ ਕਰਮੀ ਤੇ ਫ਼ਿਲਮਸਾਜ਼ ਗੁਰਦੀਪ ਭੁੱਲਰ ਲਈ ਮੁਬਾਰਕ ਯੋਗ ਵਕਤ ਹੈ। ਮੈ ਆਪਣੇ ਵੱਲੋਂ ਕਵਿਤਾ ਦੀ ਸਿਰਜਕ ਤੇ ਫ਼ਿਲਮਸਾਜ਼ ਟੀਮ ਨੂੰ ਮੁਬਾਰਕ ਦਿੰਦਾ ਹਾਂ।
ਨਸ਼ਿਆਂ ਵਿਰੁੱਧ ਲਿਖੀ ਇਸ ਮਾਰਮਿਕ ਕਵਿਤਾ ਵਿਚਲਾ ਰੁਦਨ ਤੇ ਚੀਖ਼ ਪੁਕਾਰ ਦਿਲ ਚੀਰਵੀਂ ਹੈ। ਪੰਜਾਬ ਦੀ ਧੀ ਵੱਲੋਂ ਪੰਜਾਬੋ ਮਾਂ ਦੇ ਦਰਦ ਨੂੰ ਸਮਝ ਕੇ ਜ਼ਬਾਨ ਦੇਣਾ ਬਹੁਤ ਮਹੱਤਵਪੂਰਨ ਕਦਮ ਹੈ। ਇਹ ਕਵਿਤਾ ਮੈਂ ਪਿਛਲੇ ਕੁਝ ਸਾਲਾਂ ਕੋਂ ਬਾਰ ਬਾਰ ਪੜ੍ਹ ਤੇ ਹੋਰ ਦੋਸਤਾਂ ਨੂੰ ਪੜ੍ਹਾ ਰਿਹਾਂ।
ਇਸ ਕਵਿਤਾ ਦੀ ਸਿਰਜਕ ਸਰਬਜੀਤ ਕੌਰ ਜੱਸ 20 ਨਵੰਬਰ 1977 ਨੂੰ ਪੈਦਾ ਹੋਈ ਹੋਣ ਕਰਕੇ ਮੇਰੇ ਪੁੱਤਰ ਤੋਂ ਸਿਰਫ਼ ਤਿੰਨ ਸਾਲ ਵੱਡੀ ਹੈ। ਸੁਲੱਗ ਧੀਆਂ ਜਹੀ। ਉਸ ਦੇ ਪਿਤਾ ਸ. ਹਰਦਿੱਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਪਿੰਡ ਸ਼ਹਿਜ਼ਾਦਾ ਸੰਤ ਸਿੰਘ, ਤਹਿ. ਜ਼ੀਰਾ, ਜ਼ਿਲ੍ਹਾ-ਫ਼ਿਰੋਜ਼ਪੁਰ ਵਿੱਚ ਰਹਿੰਦੇ ਹਨ। ਉਹ ਲਾਹੌਰ ਜ਼ਿਲ੍ਹੇ ਤੋਂ ਆਏ ਸੰਧੂਆਂ ਦੀ ਧੀ ਹੈ। ਵਿਆਹ ਉਪਰੰਤ ਹੁਣ ਉਹ ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿੰਦੀ ਹੈ।
ਐਮ.ਏ. ਪੰਜਾਬੀ ਉਪਰੰਤ ਬੀ.ਐੱਡ ਕਰਕੇ ਕਿੱਤੇ ਵਜੋਂ ਅਧਿਆਪਕਾ ਹੈ। ਉਸ ਦੀਆਂ ਛਪ ਚੁੱਕੀਆਂ ਪੁਸਤਕਾਂ “ਬਲਦੀਆਂ ਛਾਵਾਂ (2007)” “ਰਾਹਾਂ ਦੀ ਤਪਸ਼ (2012) ਅਤੇ “ਸ਼ਬਦਾਂ ਦੀ ਨਾਟ ਮੰਡਲੀ”(2016) ਤੋਂ ਬਾਦ ਤਾਮ(2022) ਛਪ ਚੁਕੀਆਂ ਹਨ।
ਉਸ ਦੀ ਕਾਵਿ ਪੁਸਤਕ “ਰਾਹਾਂ ਦੀ ਤਪਸ਼”ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ (2013)ਦਿੱਤਾ ਗਿਆ ਸੀ। ਤਾਮ ਨੂੰ ਵੀ ਕਾਵਿ ਲੋਕ ਪੁਰਸਕਾਰ ਮਿਲ ਚੁਕਾ ਹੈ।
ਉਨ੍ਹਾਂ ਦੀਆਂ ਕਈ ਕਵਿਤਾਵਾਂ ਦੇ ਸ਼ਾਹਮੁਖੀ ਤੇ ਹਿੰਦੀ ਤੋਂ ਇਲਾਵਾ ਕੁਝ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁਕੇ ਹਨ। ਭਾਰਤੀ ਸਾਹਿੱਤ ਅਕਾਡਮੀ ਵੱਲੋਂ ਸਰਬਜੀਤ ਜੱਸ ਨੂੰ ਕੌਮੀ ਪੱਧਰ ਦੇ ਸਾਹਿੱਤ ਸਮਾਗਮਾਂ ਲਈ ਇਸੇ ਸਾਲ ਚੁਣਿਆ ਗਿਆ ਸੀ।
ਲਾਹੋਰ(ਪਾਕਿਸਤਾਨ) ਵਿਖੇ ਮਾਰਚ 2024 ਨੂੰ ਹੋਈ ਵਿਸ਼ਵ ਪੰਜਾਬੀ ਕਾਂਗਰਸ ਦੀ ਕਾਨਫਰੰਸ ਵਿੱਚ ਉਸ ਨੂੰ ਡੈਲੀਗੇਟ ਵਜੋਂ ਸ਼ਾਮਿਲ ਕੀਤਾ ਗਿਆ ਸੀ।
ਇਕ ਕਵਿਤਾ ਬਾਰੇ ਫ਼ਿਲਮ ਬਣਨਾ ਤੇ ਕੌਮਾਂਤਰੀ ਪੱਧਰ ਤੇ ਆਈਆਂ ਏਨੀਆਂ ਐਂਟਰੀਆਂ ਵਿੱਚੋਂ 17 ਫਾਈਨਲਿਸਟ ਫਿਲਮਾਂ ਵਿੱਚ ਚੁਣੇ ਜਾਣਾ ਮੁਬਾਰਕ ਯੋਗ ਹੈ। ਫਿਰ ਮੁਬਾਰਕ।
ਪੇਸ਼ ਹੈ ਮੌਲਿਕ ਕਵਿਤਾ ਦਾ ਮੂਲ ਪਾਠ। ਤੁਸੀਂ ਵੀ ਪੜ੍ਹੋ ਤੇ ਪੜ੍ਹਾਉ।
ਪੰਜਾਬੋ-ਮਾਂ ਦਾ ਵੈਣ
ਕਮਲਿਆ ਪੁੱਤਾ!
ਸਾਡੀ ਕੁੱਲੀ ’ਚ ਤਾਂ
ਯੁਗਾਂ-ਯੁਗਾਂਤਰਾਂ ਤੋਂ
ਪੁੱਠੇ ਤਵੇ ਵਰਗਾ ਕਾਲ਼ਾ ਹਨ੍ਹੇਰਾ
ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਆ
ਵੇ ਮੇਰੇ ਚੋਰ ਪੁੱਤਾ…
ਕਮਲਿਆ ਪੁੱਤਾ!
ਮੈਂ ਆਟਾ ਛਾਣਿਆ
ਸਾਰੀ ਪਰਾਤ ਚਿੱਟੀ-ਚਿੱਟੀ ਹੋ ਗਈ
ਛਾਨਣੀ..ਫਿਰ ਖਾਲੀ ਦੀ ਖਾਲੀ
ਮੈਂ ਤੇਰੇ ਛਾਨਣੀ ਹੋਏ ਸਰੀਰ ’ਚੋਂ
ਚਿੱਟਾ ਕਿੰਝ ਛਾਣਾਂ
ਵੇ ਮੇਰੇ ਗੋਰਿਆ ਪੁੱਤਾ…
ਕਮਲਿਆ ਪੁੱਤਾ!
ਤੂੰ ਟੀਕੇ ਤੋਂ ਡਰਦਿਆਂ
ਏਡੀ ਚੀਕ ਮਾਰੀ ਸੀ
ਬਾਲ-ਉਮਰੇ
ਹਸਪਤਾਲ ਦੀ ਕੰਧ ਪਾਟ ਗਈ
ਏਨੇ ਹੰਝੂ ਕੇਰੇ
ਮੈਨੂੰ ਦੋ ਵਾਰ ਚੁੰਨੀ ਨਚੋੜਨੀ ਪਈ ਸੀ
ਤੇ ਹੁਣ..ਤੂੰ ਹੱਸ ਕੇ ਗੱਡ ਲੈਨਾ
ਜੁੱਸੇ ਦੀ ਕੰਧ ’ਚ ਟੀਕੇ ਦੀ ਮੇਖ
ਤੇਰੀ ਕੁੰਦਨ ਦੇਹ ਦੀ ਕੰਧ
ਪਾਟਦੀ ਏ
ਖ਼ੂਨ ਨਾਲ ਮੇਰੀ ਚੁੰਨੀ
ਭਿੱਜਦੀ ਏ
ਪਰ ਤੂੰ ਚੀਕ ਨਹੀਂ ਮਾਰਦਾ
ਵੇ ਮੇਰੇ ਬਹਾਦਰ ਪੁੱਤਾ…
ਕਮਲਿਆ ਪੁੱਤਾ!
ਚਿੱਟ-ਕੱਪੜੀਏ ਦੇ ਬੋਝੇ ’ਚੋਂ
ਚਿੱਟੀ ਮੌਤ ਕਿਰੀ ਸੀ
ਤੇ ਤੂੰ..ਮਿਸ਼ਰੀ ਸਮਝ ਕੇ ਖਾ ਗਿਓਂ
ਵੇ ਮੇਰੇ ਸਿੱਧਰਿਆ ਪੁੱਤਾ…
ਕਮਲਿਆ ਪੁੱਤਾ!
ਤੂੰ ਸਿਵਿਆਂ ਵਾਲੇ ਰਾਹ ਤੋਂ ਡਰਦਾ
ਸਕੂਲ ’ਨੀਂ ਜਾਂਦਾ ਸੈਂ
ਹੁਣ ਤੈਨੂੰ
ਸਿਵਿਆਂ ਵਾਲੇ ਰਾਹ ’ਤੇ
ਬੇਖ਼ੌਫ਼ ਤੁਰਨ ਦੀ
ਕਿਹੜੇ ਮਾਸਟਰਾਂ ਨੇ
ਪੱਟੀ ਪੜ੍ਹਾ ਦਿੱਤੀ
ਵੇ ਮੇਰੇ ਪੜ੍ਹਾਕੂਆ ਪੁੱਤਾ…
ਕਮਲਿਆ ਪੁੱਤਾ!
ਜਦ ਤੂੰ ਜੰਮਿਆਂ ਸੈਂ
ਤਾਂ ਮੈਂ ਮਿੱਠੀ ਗੁੜ੍ਹਤੀ ਨਾਲ
ਕਢਾਈ ਸੀ ਤੇਰੀ ਸਾਹੇ ਚਿੱਠੀ
ਤੂੰ ਕੁੜੱਤਣ ਨਾਲ ਲਾਵਾਂ
ਕਦੋਂ ਲੈ ਲਈਆਂ
ਵੇ ਮੇਰੇ ਆਸ਼ਕਾ ਪੁੱਤਾ…
ਕਮਲਿਆ ਪੁੱਤਾ!
ਜਦੋਂ ਤੇਰੇ ਪਾਲਤੂ ’ਮੋਤੀ’ ਨੂੰ
ਕਿਸੇ ਨੇ ਕੁਝ ਦੇ ਦਿੱਤਾ ਸੀ
ਤੂੰ ਇੰਜ ਰੋਇਆ ਸੀ
ਜਿਵੇਂ ਗੁਆਚੇ ਕੋਹੇਨੂਰ ਨੂੰ
ਵਪਾਰੀ ਰੋਂਦਾ ਏ
ਤੇ ਤੂੰ ਮੌਤ ਦੇ ਸੌਦਾਗਰਾਂ ਹੱਥ
ਮੋਤੀ ਤੋਂ ਵੀ ਸਸਤਾ ਵਿਕ ਗਿਓਂ
ਵੇ ਮੇਰੇ ਹੀਰਿਆ ਪੁੱਤਾ…
ਕਮਲਿਆ ਪੁੱਤਾ!
ਸਾਰੇ ਦਾ ਸਾਰਾ ਚਿੱਟਾ ਖਾ ਗਿਓਂ
ਹੁਣ ਮੈਂ ਤੇਰੇ ’ਤੇ
ਖੱਫ਼ਣ ਕਿਹੜੇ ਰੰਗ ਦਾ ਪਾਵਾਂ?
ਵੇ ਮੇਰੇ ਰਾਂਗਲਿਆ ਪੁੱਤਾ
ਦੱਸ?
ਹੁਣ ਮੈਂ ਤੇਰੇ ’ਤੇ
ਖੱਫ਼ਣ ਕਿਹੜੇ ਰੰਗ ਦਾ ਪਾਵਾਂ?