ਸਰਕਾਰ ਮਹਿਕਮੇ ਦੀ ਆਕਾਰ ਘਟਾਈ ਕਰਕੇ ਗਰੀਬ ਲੋਕਾਂ ਦੇ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋਹਣਾ ਚਾਹੁੰਦੀ ਹੈ:- ਸੁਖਵਿੰਦਰ ਸਿੰਘ ਚਾਹਲ
ਮਿਡਲ ਸਕੂਲਾਂ ਦੀ ਮਰਜਿੰਗ ਨਹੀਂ ਹੋਣ ਦਿੱਤੀ ਜਾਵੇਗੀ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
17 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: “ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਆਲਮ ਨਿਰਾਲਾ ਹੀ ਹੈ, ਇੱਕ ਸਿੱਖਿਆ ਤੇ ਪ੍ਰਯੋਗ ਹਾਲੇ ਖਤਮ ਨਹੀਂ ਹੁੰਦਾਂ ਤੇ ਦੂਸਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਹੁਣ ਸਿੱਖਿਆ ਮੰਤਰੀ ਦਾ ਬਿਆਨ ਆ ਗਿਆ ਕਿ ਮਿਡਲ ਸਕੂਲਾਂ ਨੂੰ ਨਾਲ ਵਾਲੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਰਜ਼ ਕਰ ਦਿੱਤਾ ਜਾਵੇਗਾ ਤੇ ਬੱਚਿਆਂ ਲਈ ਉਸ ਸਕੂਲ ਵਿੱਚ ਭੇਜਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਬਿਆਨ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ , ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ ਨੇ ਕਿਹਾ ਕਿ ਮਿਡਲ ਸਕੂਲਾਂ ਦੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਰਜ਼ਿੰਗ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਮੇਂ ਨਰਿੰਦਰ ਸਿੰਘ ਮਾਖਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਸਰਕਾਰ ਮਹਿਕਮੇ ਦੀ ਆਕਾਰ ਘਟਾਈ ਕਰਕੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਇਸ ਫੈਂਸਲੇ ਖਿਲਾਫ ਬੱਚਿਆ ਤੇ ਮਾਪਿਆਂ ਨੂੰ ਨਾਲ ਲੈਕੇ ਸੰਘਰਸ਼ ਕੀਤਾ ਜਾਵੇਗਾ। ਬੱਚਿਆਂ ਵਾਸਤੇ ਬੱਸਾਂ ਲਾਉਣ ਦੇ ਮਸਲੇ ਤੇ ਓਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਇਹ ਸਾਰਾ ਕੁੱਝ ਪ੍ਰੈਕਟੀਕਲ ਨਹੀਂ ਹੈ ਅਸਲ ਵਿੱਚ ਪੰਜਾਬ ਦੀ ਸਰਕਾਰ ਸਿੱਖਿਆ ਤੋਂ ਅਪਣਾ ਹੱਥ ਪਿੱਛੇ ਖਿੱਚ ਰਹੀ ਹੈ ਤੇ ਹੋਰ ਅਧਿਆਪਕ ਭਰਤੀ ਕਰਨ ਦੀ ਵਜਾਇ ਮਹਿਕਮੇ ਦੀ ਆਕਾਰ ਘਟਾਈ ਕਰਨ ਵਿੱਚ ਲੱਗੀ ਹੋਈ ਹੈ। ਇਸ ਸਮੇਂ ਗੁਰਦਾਸ ਸਿੰਘ ਰਾਏਪੁਰ,ਬਲਵਿੰਦਰ ਉੱਲਕ, ਸਤੀਸ਼ ਕੁਮਾਰ, ਲਖਵਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਦਲੇਲ ਵਾਲਾ, ਦਰਸ਼ਨ ਸਿੰਘ ਜਟਾਣਾ,ਮੇਲਾ ਸਿੰਘ, ਸੁਖਜਿੰਦਰ ਅਗਰੋਈਆ, ਪ੍ਰਗਟ ਰਿਉਂਦ, ਬੂਟਾ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਇਕਬਾਲ ਸਿੰਘ, ਹਰਦੀਪ ਸਿੰਘ ਰੋੜੀ, ਮਨਪ੍ਰੀਤ ਸਿੰਘ ਖੈਰਾ ਕਲਾਂ,ਸਵਰਨ ਸਿੰਘ, ਬਚਿੱਤਰ ਸਿੰਘ ਜਟਾਣਾ, ਸੁਖਦੀਪ ਸਿੰਘ ਗਿੱਲ,ਬਲਜਿੰਦਰ ਸਿੰਘ, ਅਨਿਲ ਕੁਮਾਰ, ਰਾਜਿੰਦਰ ਸਿੰਘ, ਵਿਜੈ ਕੁਮਾਰ, ਸਹਿਦੇਵ ਸਿੰਘ, ਸੁਖਵਿੰਦਰ ਸਿੰਘ ਮਾਖਾ,ਦਿਲਬਾਗ ਰਿਉਂਦ, ਕ੍ਰਿਸ਼ਨ ਚੌਹਾਨ ਆਦਿ ਹਾਜ਼ਰ ਸਨ।