ਬੱਚਿਆਂ ਨੂੰ ਕਰਵਾਇਆ ਪੰਜਾਬੀ ਸੱਭਿਆਚਾਰ ਤੋਂ ਜਾਣੂ
11 ਅਗਸਤ (ਗਗਨਦੀਪ ਸਿੰਘ) ਧਿੰਗੜ/ਰਾਮਪੁਰਾ ਫੂਲ: ਬੀਤੇ ਦਿਨੀਂ ਮਿਤੀ 08 ਅਗਸਤ 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਜ਼ਿਲ੍ਹਾ ਬਠਿੰਡਾ ਵਿਖੇ ਇੰਚਾਰਜ਼ ਮੈਡਮ ਰੁਪਿੰਦਰ ਕੌਰ ਦੀ ਅਗਵਾਈ ਅਤੇ ਪਿੰਡ ਦੀਆਂ ਔਰਤਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਬੱਚੀਆਂ ਨੇ ਤ੍ਰਿੰਝਣ ਦੀ ਝਲਕ, ਗਿੱਧਾ, ਸੱਭਿਆਚਾਰਕ ਗੀਤਾਂ ਤੇ ਪੇਸ਼ਕਾਰੀ ਅਤੇ ਸੰਧਾਰੇ ਦੀ ਰਸਮ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਅਤੇ ਸਕੂਲ ਦੀਆਂ ਅਧਿਆਪਕਾਵਾਂ ਨੇ ਗਿੱਧਾ, ਬੋਲੀਆਂ, ਰਾਹੀਂ ਖ਼ੂਬ ਰੰਗ ਬੰਨ੍ਹਿਆ ਅਤੇ ਚਰਖੇ, ਪੱਖੀਆਂ, ਬਾਗ, ਫੁਲਕਾਰੀਆਂ ਦੀ ਝਲਕ ਅਤੇ ਪੁਰਾਤਨ ਪਹਿਰਾਵੇ ਪਹਿਨ ਕੇ ਪੰਜਾਬੀ ਸੱਭਿਆਚਾਰ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਹ ਅਜੋਕੀ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਵਿੱਚ ਮੈਡਮ ਕਰਮਜੀਤ ਕੌਰ, ਨਿਰਮਲ ਕੌਰ, ਗੁਰਮੀਤ ਕੌਰ ਅਤੇ ਆਂਗਣਵਾੜੀ ਸਟਾਫ਼ ਦਾ ਵਿਸੇਸ਼ ਸਹਿਯੋਗ ਰਿਹਾ। ਅਧਿਆਪਕ ਨਿਰਮਲ ਸਿੰਘ ਰਾਈਆ ਵੱਲੋਂ ਸਟਾਲਾਂ ਦਾ ਪ੍ਰਬੰਧ ਅਤੇ ਦੇਖ-ਰੇਖ ਵਿੱਚ ਯੋਗ ਭੂਮਿਕਾ ਨਿਭਾਈ ਗਈ। ਹੋਰ ਕਿਹਾ ਕਿ ਬੇਸ਼ੱਕ ਹਰ ਪਿੰਡ, ਸ਼ਹਿਰ ਅਤੇ ਖਿੱਤੇ ਖੇਤਰ ਦੇ ਲੋਕ ਇਸ ਤਿਉਹਾਰ ਨੂੰ ਚਾਵਾਂ ਨਾਲ ਆਪਣੇ-ਆਪਣੇ ਢੰਗ ਤਰੀਕੇ ਤੇ ਵਸੀਲਿਆਂ ਅਨੁਸਾਰ ਮਨਾਉਂਦੇ ਹਨ, ਪਰ ਅਜੋਕੇ ਸਮੇਂ ਦੀ ਇਹ ਇਕ ਅਹਿਮ ਲੋੜ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵੇ ਤੇ ਪੁਰਾਤਨ ਪਹਿਰਾਵਿਆਂ, ਪੁਰਾਤਨ ਖੇਡਾਂ, ਪੁਰਾਤਨ ਭਾਂਡਿਆਂ, ਪੁਰਾਤਨ ਚੀਜ਼ਾਂ ਤੋਂ ਜਾਣੂ ਕਰਵਾਇਆ ਜਾਵੇ।