ਸੁਣ,
ਅੰਦਰੋਂ ਆਵਾਜ਼ ਆਈ
ਇਹ,
ਜੋ ਸਭ ਸਹਿ ਰਹੀ ਏ
ਉਹੀ ਸਭ ਤੈਨੂੰ ਤੇਰੀ ਬੇਟੀ ਕਹਿ ਰਹੀ
ਇੰਝ ਉਹ ਧੀ
ਤੇ ਮੈਂ ਬਾਪ ਬਣ ਗਿਆ
ਇੱਕ ਕੁੜੀ ਨੇ ਕਿਹਾ
ਤੁਹਾਡਾ ਸਾਡੇ ਸਿਰ ਤੇ
ਹੱਥ ਰੱਖਣਾ
ਸਾਡਾ ਫ਼ਿਕਰ
ਨਾਲ ਲੈ ਕੇ ਤੁਰਨਾ
ਇਹ ਰਿਸ਼ਤਾ
ਮਾਂ ਜਾਏ ਵਰਗਾ
ਇੰਝ ਉਹ ਭੈਣ
ਤੇ ਮੈਂ ਭਰਾ ਬਣ ਗਿਆ
ਇੱਕ ਕੁੜੀ ਨੇ ਕਿਹਾ,
ਤੁਸੀਂ ਮੈਨੂੰ ਦਿਸ਼ਾ ਦਿੱਤੀ,
ਦਿਸ਼ਾ ਲਈ ਸਫ਼ਰ ਤੇ
ਸਫ਼ਰ ਲਈ ਪੈੜ ਦਿੱਤੀ
ਇੰਝ ਉਹ ਸ਼ਿਸ਼ ਤੇ ਮੈਂ ਗੁਰੂ ਬਣ ਗਿਆ
ਇੱਕ, ਕੁੜੀ ਨੇ ਮੈਨੂੰ
ਕੁਝ ਨਹੀਂ ਕਿਹਾ
ਕਸਮ ਉਸਦੀ
ਮੈਂ ਵੀ ਉਸ ਨੂੰ ਕੁਝ ਨਹੀਂ ਕਿਹਾ।
ਉਸ, ਉਮਰਾਂ ਜਿੱਡੀ
ਚੁੱਪ ਵੱਟ ਲਈ।
ਮੈਂ, ਉਹੀ ਚੁੱਪ ਆਪਣੇ ਕੋਲ ਰੱਖ ਲਈ।
ਮੈਂ, ਘਿਰ ਗਿਆਂ
ਚਾਰ ਦਿਸ਼ਾਵਾਂ ‘ਚ
ਮੇਰੇ ਚਾਰੇ ਪਾਸੇ
ਰਿਸ਼ਤੇ ਧੀ ਹੈ ਭੈਣ ਹੈ ਸ਼ਿਸ਼ ਹੈ
ਤੇ ਚੁੱਪ ਹੈ ਚੁੱਪ ‘ਚ ਅੰਤਾਂ ਦਾ ਸੋ਼ਰ ਹੈ,
ਸ਼ੋਰ ‘ਚ ਸਮਾਧੀ ਹੈ
ਮੈਂ ਅੱਜ-ਕੱਲ੍ਹ ਸਮਾਧੀ ‘ਚ ਹਾਂ
ਰਮੇਸ਼ ਕੁਮਾਰ ਹਿੰਦੀ ਮਾਸਟਰ ਸਰਕਾਰੀ ਮਿਡਲ ਸਕੂਲ ਬੂਈਆਂ ਵਾਲਾ (ਫਿਰੋਜ਼ਪੁਰ)