ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਪਣਾ ਫਰਜ਼ ਸਮਝਦੇ ਹੋਏ ਐਨ.ਆਰ.ਆਈ. ਭਰਾ ਅੱਗੇ ਆਉਣ
ਮੈਂ ਸੁਖਜਿੰਦਰ ਸਿੰਘ ਬਬਲਾ ਮਲੂਕਾ 15 ਜੂਨ 1979 ਨੂੰ ਪਿੰਡ ਮਲੂਕਾ ਜ਼ਿਲਾ ਬਠਿੰਡਾ ਵਿੱਚ ਪੈਦਾ ਹੋਇਆ। ਬਚਪਨ ਵਿਚ ਆਮ ਘਰਾਂ ਦੇ ਜਵਾਕਾਂ ਵਾਂਗ 6 ਸਾਲ ਦੀ ਉਮਰ ਵਿੱਚ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਦਾਖਲਾ ਲਿਆ। ਮੈਨੂੰ ਇਹ ਯਾਦ ਨਹੀਂ ਕਿ ਕਿਸ ਦੀ ਹੱਲਾਸ਼ੇਰੀ ਨਾਲ ਮੈਂ ਸਕੂਲ ਵਿੱਚ ਖੋ-ਖੋ ਖੇਡਣ ਲੱਗ ਪਿਆ। ਬੇਸ਼ੱਕ ਇਸ ਖੇਡ ਨੇ ਮੇਰੀ ਭਵਿੱਖ ‘ਚ ਕੋਈ ਮੱਦਦ ਨਹੀਂ ਕੀਤੀ ਪਰ ਇਸ ਨਾਲ ਮੇਰਾ ਦਮ ਬਹੁਤ ਪੱਕ ਗਿਆ। ਮੈਂ ਅੱਠਵੀ ਜਮਾਤ ਤੱਕ ਆਪਣੇ ਪਿੰਡ ਹੀ ਪੜਿ ਆ। ਅਗਲੇਰੀ ਪੜ੍ਹਾਈ ਲਈ ਡੀ.ਏ.ਵੀ. ਸਕੂਲ ਅਬੋਹਰ ਵਿਖੇ ਦਾਖਲਾ ਲਿਆ। ਸੰਨ 1992 ਤੋਂ 1995 ਤੱਕ ਮੈਂ ਹੋਸਟਲ ‘ਚ ਅਬੋਹਰ ਵਿਖੇ ਰਿਹਾ। ਸਕੂਲ ਦੀ ਹਰ ਖੇਡ ਬਸਕਿਟਬਾਲ, ਕ੍ਰਿਕਟ, ਟੇਬਲ ਟੈਨਸ, ਦੌੜ 100 ਮੀਟਰ, 400 ਮੀਟਰ ਕਹਿਣ ਤੋਂ ਭਾਵ ਕਿ ਮੈਂ ਸਕੂਲ ਦੀ ਹਰ ਖੇਡ ਦਾ ਹਿੱਸਾ ਬਣਿਆ। ਸਮਾਂ ਆਪਣੀ ਚਾਲ ਚੱਲਦਾ ਰਿਹਾ ਅਤੇ ਮੈਂ ਸੰਨ 1996 ਵਾਪਿਸ ਆਪਣੇ ਪਿੰਡ ਮਲੂਕਾ ਆ ਗਿਆ। ਪੜ੍ਹਾਈ ਵੀ ਨਾਲੋਂ ਨਾਲ ਠੀਕ ਚੱਲਦੀ ਰਹੀ ਤੇ ਸਨ 1997 ਵਿਚ ਮੈਂ ਪਿੰਡ ਲਈ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਅਤੇ ਨਾਲ ਹੀ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਲਈ ‘ਯੁਵਕ ਭਲਾਈ ਕਲੱਬ’ ਮਲੂਕਾ ਬਣਾਇਆ। ਫਿਰ ਸ਼ੁਰੂ ਹੋਇਆ ਸਮਾਜ ਸੇਵਾ ਦਾ ਸਫ਼ਰ ਜੋ ਹੌਲੀ-ਹੌਲੀ ਜਨੂੰਨ ਵਿੱਚ ਬਦਲ ਗਿਆ। ਖੇਡਣ ਦੇ ਨਾਲ-ਨਾਲ ਮਿਹਨਤਕਸ਼ ਲੋਕਾਂ ਦੇ ਹਾਲਾਤਾਂ ਤੇ ਉਨ੍ਹਾਂ ਦੇ ਸ਼ੰਘਰਸ਼ਾਂ ਨੂੰ ਨੇੜਿਓਂ ਹੋ ਕੇ ਜਾਣਿਆ। ਮੈਨੂੰ ਉਨ੍ਹਾਂ ਦੇ ਦੁੱਖ-ਦਰਦ ਵੀ ਆਪਣੇ ਲੱਗੇ। ਸਮਾਜ ਦੇ ਹਰ ਇੱਕ ਵਰਗ ਨੂੰ ਇਕੋ ਪਿੰਡ ‘ਚ ਅਲੱਗ-ਅਲੱਗ ਤਰੀਕੇ ਨਾਲ ਸੰਘਰਸ਼, ਐਸ਼ੋਆਰਾਮ, ਹੱਸਦੇ ਤੇ ਰੋਂਦੇ ਵੇਖਿਆ। ਦਿਲ ਨੂੰ ਹੈਰਾਨੀ ਤੇ ਬੜਾ ਦੁੱਖ ਲੱਗਣਾ ਤੇ ਪ੍ਰਮਾਤਮਾ ਅੱਗੇ ਇਹ ਗਿਲਾ ਜਾਂ ਕਹਿ ਲਵੋ ਸਵਾਲ ਕਰਨਾ ਕਿ ਰੱਬਾ ਤੂੰ ਇਹ ਕੀ ਖੇਡ ਬਣਾਈ ਏ ਅਤੇ ਫਿਰ ਲੱਗਣਾ ਜਿਵੇਂ ਕਿ ਰੱਬ ਇਹ ਕਹਿ ਰਿਹਾ ਹੋਵੇ ਕਿ ਬੰਦਿਆਂ ਇਹ ਖੇਡ ਤੂੰ ਆਪ ਬਣਾਈ ਆ ਮੈਂ ਤਾਂ ਸਿਰਫ ਇਨਸਾਨ ਬਣਾਇਆ ਸੀ। ਮੈਨੂੰ ਰੱਬ ਦਾ ਦਿੱਤਾ ਜਵਾਬ ਉਸ ਵੇਲੇ ਵੀ ਠੀਕ ਲੱਗਦਾ ਸੀ ਤੇ ਹੁਣ ਵੀ। ਸਮਾਜ ਨੂੰ ਬਦਲਣ ‘ਚ ਆਪਣੀ ਬੇਵਸੀ ਵੀ ਨਜ਼ਰ ਆਉਂਦੀ। ਅਸੀਂ ਸਾਰਿਆਂ ਨੇ ਯੁਵਕ ਭਲਾਈ ਕਲੱਬ ਦੇ ਬੈਨਰ ਥੱਲੇ ਸਮਾਜ ਭਲਾਈ ਦੇ ਕੰਮ ਬੜੀ ਸਰਗਰਮੀ ਨਾਲ ਸ਼ੁਰੂ ਕੀਤੇ ਜਿਨਾਂ ਵਿੱਚ ਪਿੰਡ ਦੇ ਨਿਕਾਸੀ ਨਾਲੇ ਦੀ ਸਫਾਈ, ਜੋ ਉਸ ਸਮੇਂ ਬਹੁਤ ਵੱਡੀ ਸਮੱਸਿਆ ਸੀ । ਲੋੜਵੰਦ ਮਰੀਜ਼ਾਂ ਲਈ ਖੂਨ ਦੇਣਾ, ਮੈਡੀਕਲ ਕੈਂਪ, ਪਿੰਡ ‘ਚ ਲਾਇਬਰੇਰੀ, ਜਿੰਮ, ਲੋੜਵੰਦਾਂ ਲਈ ਕਾਲੇ ਪੀਲੀਏ ਦੀ ਦਵਾਈ ਵਗੈਰਾ। ਗਰਾਉਂਡ ‘ਚ ਪੂਰੀ ਮਿਹਨਤ ਕਰਨੀ ਤੇ ਖੂਬ ਪਸੀਨਾ ਵਹਾਉਣਾ ਤੇ ਹਰ ਸਾਲ ਵਧੀਆ ਟੂਰਨਾਮੈਂਟ ਕਰਵਾਉਣੇ । ਸਾਲ ਬੀਤਦੇ ਗਏ ਪਰ ਅਸੀਂ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੋ। ਮੈਂ ਅਜੇ ਆਪਣੇ ਬੀ.ਏ. ਦੇ ਪੇਪਰ ਦੇ ਕੇ ਵਿਹਲਾ ਹੋ ਹੋਇਆ ਸੀ ਕੇ ਮੇਰੇ ਸਾਹਮਣੇ ਇੱਕ ਵੱਡੀ ਚੁਣੌਤੀ ਆਈ। ਫਿਰ ਆਇਆ ਸੰਨ 2003, ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਬਿਗੁਲ ਵੱਜ ਗਿਆ। ਰਾਜਨੀਤਕ ਮਜਬੂਰੀ ਸਮਝ ਲਵੋ ਜਾਂ ਫਿਰ ਕਿਸਮਤ। ਮੈਨੂੰ ਸਰਪੰਚੀ ਦੀ ਚੋਣ ਲੜਨੀ ਪਈ। ਪਿੰਡ ਦੇ ਲੋਕਾਂ ਖ਼ਾਸ ਤੌਰ ‘ਤੇ ਨੌਜਵਾਨ ਵੀਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੇਰਾ ਸਾਥ ਦਿੱਤਾ ਅਤੇ 29 ਜੂਨ 2003 ਨੂੰ ਮੈਂ ਪਿੰਡ ਮਲੂਕਾ ਦਾ ਸਰਪੰਚ ਬਣ ਗਿਆ। ਮੈਂ ਉਸ ਵੇਲੇ ਪੰਜਾਬ ਵਿੱਚ ਸਭਤੋਂ ਛੋਟੀ ਉਮਰ ਦਾ ਸਰਪੰਚ ਸੀ । ਇਸ ਤਰ੍ਹਾਂ ਮੈਨੂੰ ਲੋਕਾਂ ਦੇ ਹੋਰ ਨੇੜੇ ਹੋਣ ਦਾ ਮੌਕਾ ਮਿਲ ਗਿਆ। ਮੈਂ ਅਕਾਲੀ ਦਲ ਵੱਲੋਂ ਪਿੰਡ ਦਾ ਸਰਪੰਚ ਬਣਿਆ ਸੀ ਤੇ ਸਰਕਾਰ ਉਸ ਵੇਲੇ ਕਾਂਗਰਸ ਪਾਰਟੀ ਦੀ ਸੀ ਪਰ ਫਿਰ ਵੀ ਪਿੰਡ ਦੇ ਜਿੰਨੇ ਕੁ ਕੰਮ ਵਿਕਾਸ ਦੇ ਹੋ ਸਕਦੇ ਸੀ ਮੈਂ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ। ਬੇਸ਼ੱਕ ਮੇਰੇ ਪਿੰਡ ਦੇ ਕੁਝ ਸਿਆਸੀ ਵਿਰੋਧੀ ਪਿੰਡ ਵਿੱਚ ਕਲੇਸ਼ ਪਵਾਉਣ ਦੀ ਕੋਈ ਕਸਰ ਬਾਕੀ ਨਹੀਂ ਸਨ ਛੱਡਦੇ ਪਰ ਮੇਰਾ ਧਿਆਨ ਪਿੰਡ ਵਿੱਚ ਹਮੇਸ਼ਾ ਰਾਜੀਨਾਮੇ ਕਰਵਾਉਣ, ਪਿੰਡ ਦਾ ਵਿਕਾਸ ਕਰਵਾਉਣ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਹੀ ਰਿਹਾ। ਮੈਂ ਵਿਰੋਧੀਆਂ ਦੀ ਚਾਲ ਦਾ ਡਟ ਕੇ ਮੁਕਾਬਲਾ ਕੀਤਾ ਤੇ ਹਮੇਸ਼ਾ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪਰ ਮੈਂ ਆਪ ਕਦੇ ਵੀ ਕਿਸੇ ਦੇ ਖਿਲਾਫ ਘਟੀਆ ਕਿਸਮ ਦੀ ਰਾਜਨੀਤੀ ਨਹੀਂ ਕੀਤੀ। ਬੱਸ ਇੱਕੋ ਸੋਚ ਸੀ “ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੀ ਭਲਾ”ਤੇ ਦੂਜਾ ਸੁਪਨਾ ਸੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡ ਨੂੰ ਇੰਨਾ ਸੋਹਣਾ ਬਣਾਈਏ ਕਿ ਲੋਕ ਦੂਰੋਂ-ਦੂਰੋਂ ਦੇਖਣ ਆਉਣ। ਪਿੰਡ ਵਿੱਚ ਇੱਕ ਬਹੁਤ ਵੱਡਾ ਸਪੋਰਟਸ ਕੈਪਲਕਸ ਹੋਵੇ ਜਿੱਥੇ ਹਰ ਖੇਡ ਲਈ ਬਹੁਤ ਵਧੀਆ ਗਰਾਊਂਡ ਹੋਵੇ। ਪਿੰਡ ਵਿੱਚ ਇੰਨੀ ਭਾਈਚਾਰਕ ਸਾਂਝ ਹੋਵੇ ਕਿ ਦੇਖਣ ਵਾਲੇ ਹੈਰਾਨ ਹੋ ਜਾਣ । ਕੋਈ ਕਿਸੇ ਨੂੰ ਨਫ਼ਰਤ ਨਾ ਕਰੇ। ਰਾਜਨੀਤੀ ਨੂੰ ਧੰਦਾ ਨਾ ਸਮਝਿਆ ਜਾਵੇ। ਲੀਡਰ ਸਿਰਫ ਆਪਣੇ ਪਰਿਵਾਰ ਤੇ ਆਪਣੇ ਬਾਰੇ ਹੀ ਨਾ ਸੋਚਣ ਬਲਕਿ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਣ। ਲੋਕਾਂ ਵਿੱਚ ਕਸੂਰ ਕੱਢਣ ਦੀ ਬਜਾਏ ਆਪ ਸੱਚੇ ਸੁੱਚੇ ਕਿਰਦਾਰ ਦੀ ਮਿਸਾਲ ਪੇਸ਼ ਕਰਨ। ਸਾਡੇ ਸਾਹਮਣੇ ਲੀਡਰਾਂ ਦੇ ਕਾਰੋਬਾਰ, ਘਰਾਂ ਦੀ ਗਿਣਤੀ, ਗੱਡੀਆਂ ‘ਚ ਵਾਧਾ, ਉਨਾਂ ਦੇ ਰਹਿਣ ਸਹਿਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਦੇਖਿਆ ਜਾ ਸਕਦਾ। ਪਰ ਆਮ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਤੇ ਪੰਜਾਬ ਕਰਜ਼ੇ ਦੀ ਪੰਡ ਅੱਗੇ ਬੇਵੱਸ ਨਜ਼ਰ ਆ ਰਿਹਾ। ਹਰ ਕੋਈ ਇੱਕ ਦੂਜੇ ‘ਚ ਕਸੂਰ ਕੱਢ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਅਤੇ ਸਮੱਸਿਆ ਦਾ ਹੱਲ ਕਿਸੇ ਕੋਲ ਵੀ ਨਹੀਂ। ਬੇਸ਼ੱਕ ਸਭ ਤੋਂ ਜ਼ਿਆਦਾ ਕਸੂਰ ਸਮੇਂ ਦੀਆਂ ਸਾਰੀਆਂ ਸਰਕਾਰਾਂ ਦਾ ਹੈ, ਪਰ ਸਹੀ ਰੋਲ ਕੋਈ ਵੀ ਅਦਾ ਨਹੀਂ ਕਰ ਰਿਹਾ। ਬੇਸ਼ੱਕ ਪਿੰਡ ਦਾ ਹਰ ਇੱਕ ਵਸਨੀਕ ਇਸ ਵਿੱਚ ਭਾਗੀਦਾਰ ਹੈ। ਪਰ ਸਰਕਾਰਾਂ ਤੋਂ ਬਾਅਦ ਜੇ ਪਿੰਡ ਦੀ ਨੁਹਾਰ ਕੋਈ ਬਦਲ ਸਕਦਾ ਤਾਂ ਉਹ ਸਾਡੇ ਐਨ.ਆਰ.ਆਈ. ਪਰਿਵਾਰ ਹਨ ਜੋ ਕਿ ਪਿਛਲੇ 25-30 ਸਾਲਾਂ ਤੋਂ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਵਸ ਗਏ ਹਨ। ਬੇਸ਼ੱਕ ਉਹ ਆਪਣੇ ਤੌਰ ‘ਤੇ ਪਿੰਡ ਵਿੱਚ ਆਰਥਿਕ ਮੱਦਦ ਭੇਜਦੇ ਰਹਿੰਦੇ ਹਨ ਪਰ ਇਹ ਨਾਕਾਫ਼ੀ ਹੈ। ਇਸ ਲਈ ਇਕੱਠੇ ਹੋ ਕੇ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਆਪਾਂ ਇਹ ਕਹਿਣਾ ਬੰਦ ਕਰੀਏ ਵੀ ਕੰਮਾਂ ਕਾਰਾਂ ਦਾ ਬਹੁਤ ਮਾੜਾ ਹਾਲ ਆ ਕਿਉਂਕਿ ਜਦੋਂ ਕੰਮ ਕਾਰ ਬਹੁਤ ਚੰਗੇ ਸੀ ਓਦੋਂ ਵੀ ਆਪਣੀ ਸੋਚ ਆਪਣੇ ਪਰਿਵਾਰ ਤੱਕ ਹੀ ਸੀਮਤ ਰਹੀ, ਜਿਹੜਾ ਜਿੰਨਾਂ ਵੀ ਕਰ ਸਕਦਾ ਉਹ ਆਪਣੇ ਵਿੱਤ ਅਨੁਸਾਰ ਜਰੂਰ ਕਰੋ। ਛੋਟੇ-ਛੋਟੇ ਗੁੱਸੇ ਗਿਲਿਆਂ ਤੋਂ ਉਪਰ ਉੱਠੀਏ, ਵੱਡਾ ਦਿਲ ਕਰੀਏ ਕਿਉਂਕਿ ਪ੍ਰਮਾਤਮਾ ਨੇ ਸਾਡੇ ਪਰਵਾਸੀ ਵੀਰਾਂ ‘ਤੇ ਬਹੁਤ ਮਿਹਰ ਕੀਤੀ ਆ। ਆਪਣੇ-ਆਪਣੇ ਪਿੰਡ ਪ੍ਰਤੀ ਆਪਣਾ ਫਰਜ਼ ਸਮਝੀਏ ਤੇ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ। ਮੈਨੂੰ ਪਤਾ ਹੈ ਕਿ ਇਹ ਪੜਨ ਤੋਂ ਬਾਅਦ ਤੁਹਡੇ ਮਨ ‘ਚ ਬਹੁਤ ਸਵਾਲ ਪੈਦਾ ਹੋਣੇ ਸੁਭਾਵਿਕ ਹਨ ਕਿ ਬਬਲਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ। ਜਿੰਨਾਂ ਮਰਜ਼ੀ ਕਰ ਲਵੋ ਕਿਸੇ ਦਾ ਕੋਈ ਫਾਇਦਾ। ਨਹੀਂ ਵੀਰੋ ਬਬਲਾ ਥੋਨੂੰ ਇਹੋ ਸੋਚ ਤਿਆਗਣ ਨੂੰ ਕਹਿ ਰਿਹਾ ਕੇ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ। ਮੇਰੇ ਪਿੰਡ ‘ਚ ਪਿਛਲੇ ਦੇ ਤਿੰਨ ਮਹੀਨਿਆਂ ਵਿੱਚ ਹੋਈਆਂ ਕਹਿਰ ਦੀਆਂ ਮੌਤਾਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਉ ਸਾਰੇ ਰਲ ਮਿਲ ਕੇ ਪਿੰਡ ਜਿੱਥੇ ਆਪਣਾ ਜਨਮ ਹੋਇਆ ਹੈ, ਉਸ ਪਿੰਡ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਸਮਝੀਏ। ਕੋਈ ਵੱਡੀ ਯੋਜਨਾ ਕਰੀਏ। ਮੈਂ ਨਿੱਜੀ ਤੌਰ ‘ਤੇ ਕਈ ਐਨ.ਆਰ.ਆਈ. ਵੀਰਾਂ ਨੂੰ ਆਪਣੇ ਵੱਲ ਕਿਹਾ ਕਿ ਬਾਈ ਜੀ ਤੁਸੀਂ ਕਰ ਸਕਦੇ ਓ, ਤੁਸੀਂ ਮੂਹਰੇ ਲੱਗੇ ਅਸੀਂ ਤੁਹਾਡੇ ਨਾਲ ਹਾਂ, ਪਰ ਸ਼ਾਇਦ ਉਹਨਾਂ ਕੋਲ ਅਜੇ ਸਮਾਂ ਨਹੀਂ । ਪਰ ਮੈਂ ਉਮੀਦ ਨੀ ਛੱਡੀ। ਮੇਰੀ ਗੱਲ ਨੂੰ ਹਾਂ ਪੱਖੀ ਰਵੱਈਏ ਨਾਲ ਜਰੂਰ ਸੋਚਣਾ। ਮੈਂ ਸਹੀ ਜਾਂ ਗਲਤ ਹੋ ਸਕਦਾ ਹਾਂ ਪਰ ਇਹ ਮੇਰੇ ਦਿਲ ਦਾ ਉਹ ਦਰਦ ਹੈ ਜੋ ਮੇਰੇ ਪਿੰਡ ਦੇ ਵਿਕਾਸ ਲਈ ਉਬਾਲਾ ਮਾਰਦਾ ਹੈ।
ਤੁਹਾਡੇ ਸਭ ਦੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਵਿੱਚ: ਸੁਖਜਿੰਦਰ ਸਿੰਘ ਬਬਲਾ ਮਲੂਕਾ