ਜਿਵੇਂ ਹੀ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ, ਬਹੁਤ ਸਾਰੇ ਸਕੂਲ ਬੱਚਿਆਂ ਨੂੰ ਵਿਅਸਤ ਰੱਖਣ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਵਧਾਉਣ ਲਈ ਗਰਮੀਆਂ ਦੇ ਕੈਂਪਾਂ ਦਾ ਆਯੋਜਨ ਕਰਦੇ ਹਨ। ਇਹ ਸਮਰ ਕੈਂਪ ਬੱਚਿਆਂ ਵਿੱਚ ਹੁਨਰ ਵਿਕਾਸ ਲਈ ਬਹੁਤ ਲਾਹੇਵੰਦ ਹਨ। ਇਹੀ ਕਾਰਨ ਹੈ ਕਿ ਹੁਣ ਸਮਰ ਕੈਂਪ ਦਾ ਰੁਝਾਨ ਹੌਲੀ- ਹੌਲੀ ਵੱਧ ਰਿਹਾ ਹੈ। ਹਾਲਾਂਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ, ਕਾਫੀ ਬੱਚਿਆਂ ਨੇ ਇਹ ਯੋਜਨਾ ਬਣਾਈ ਹੁੰਦੀ ਹੈ ਕਿ ਉਹ ਆਪਣੀਆਂ ਛੁੱਟੀਆਂ ਟੈਲੀਵਿਜ਼ਨ ‘ਤੇ ਮਨਪਸੰਦ ਕਾਰਟੂਨ ਦੇਖਣ ਵਿੱਚ ਬਿਤਾਉਣਾ ਚਾਹੁੰਦੇ ਹਨ। ਪਰ ਜੇਕਰ ਤੁਸੀਂ ਚੰਗੇ ਮਾਤਾ- ਪਿਤਾ ਹੋਣ ਦੇ ਨਾਤੇ ਇਨ੍ਹਾਂ ਛੁੱਟੀਆਂ ਨੂੰ ਆਪਣੇ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਵਰਤਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਮਰ ਕੈਂਪ ਵਿੱਚ ਜ਼ਰੂਰ ਭੇਜੋ। ਬੱਚਿਆਂ ਨੂੰ ਸਮਰ ਕੈਂਪਾਂ ਵਿੱਚ ਭੇਜਣ ਨਾਲ ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਇੱਕ ਚੰਗਾ ਅਨੁਭਵ ਹੁੰਦਾ ਹੈ। ਉਹ ਗੱਲਾਂ ਜੋ ਉਹ ਕਲਾਸ ਰੂਮ ਅਤੇ ਘਰ ਵਿੱਚ ਨਹੀਂ ਦੱਸ ਸਕਦਾ, ਉਹ ਗੱਲਾਂ ਉਹ ਸਮਰ ਕੈਂਪ ਵਿੱਚ ਆਪਣੇ ਸਾਥੀਆਂ ਨਾਲ ਕਰ ਸਕਦਾ ਹੈ। ਇਹ ਇੱਕ ਵੱਖਰੀ ਅਤੇ ਨਵੇਂ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰਕ ਤੰਦਰੁਸਤੀ ਦੇ ਨਾਲ- ਨਾਲ ਸਮਰ ਕੈਂਪਾਂ ਵਿੱਚ ਭਾਗ ਲੈਣ ਵਾਲੇ ਬੱਚੇ ਆਪਣੇ ਸਮਾਜਿਕ ਹੁਨਰ ਵਿੱਚ ਵੀ ਸੁਧਾਰ ਕਰਦੇ ਹਨ। ਬੱਚਿਆਂ ਵਿੱਚ ਸਮਾਜਿਕ ਹੁਨਰ ਦੇ ਸਰੀਰਕ ਤੰਦਰੁਸਤੀ ਵਿੱਚ ਵੀ ਵਾਧਾ ਹੁੰਦਾ ਹੈ। ਕੈਂਪ ਵਿੱਚ ਸਾਈਕਲਿੰਗ ਅਤੇ ਦੌੜਨ ਵਰਗੀਆਂ ਨਵੀਆਂ ਗਤੀਵਿਧੀਆਂ ਬੱਚਿਆਂ ਦੀ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਕਰਦੀਆਂ ਹਨ। ਜਿਸ ਨਾਲ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਇਸ ਤਰ੍ਹਾਂ ਦੇ ਸਮਰ ਕੈਂਪਾਂ ਵਿੱਚ, ਬੱਚੇ ਆਪਣੇ ਦੋਸਤਾਂ ਅਤੇ ਮਾਪਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਝਿਜਕ ਦੂਰ ਹੁੰਦੀ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਪੱਧਰ ਵਿੱਚ ਵੀ ਸੁਧਾਰ ਹੁੰਦਾ ਹੈ। ਸਮਰ ਕੈਂਪ ਵਿੱਚ ਕਰਵਾਈਆਂ ਜਾਂਦੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਵੀ ਬੱਚਿਆਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਕੈਂਪ ਨਵੇਂ ਦੋਸਤ ਬਣਾਉਣ ਲਈ ਵਧੀਆ ਸਥਾਨ ਹਨ। ਇਹਨਾਂ ਕੈਂਪਾਂ ਵਿੱਚ, ਤੁਸੀਂ ਉਹਨਾਂ ਦੋਸਤਾਂ ਨੂੰ ਮਿਲਦੇ ਹੋ ਜੋ ਤੁਹਾਡੇ ਵਾਂਗ ਹੀ ਦਿਲਚਸਪੀ ਰੱਖਦੇ ਹਨ। ਅਜਿਹੇ ਦੋਸਤਾਂ ਦੀ ਮਦਦ ਨਾਲ ਬੱਚੇ ਵੀ ਬਹੁਤ ਕੁਝ ਸਿੱਖ ਸਕਦੇ ਹਨ। ਜਦੋਂ ਬੱਚਾ ਆਪਣੇ ਮਾਪਿਆਂ ਤੋਂ ਦੂਰ ਹੁੰਦਾ ਹੈ, ਤਾਂ ਉਹ ਵਧੇਰੇ ਸੁਤੰਤਰ ਹੋ ਜਾਂਦਾ ਹੈ। ਬੱਚੇ ਦੇ ਵਿਕਾਸ ਲਈ ਉਸ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ।ਸਮਰ ਕੈਂਪ ਬੱਚਿਆਂ ਵਿੱਚ ਸਵੈ- ਨਿਰਭਰਤਾ ਦਾ ਵਿਕਾਸ ਕਰਦੇ ਹਨ।
ਅੰਗਰੇਜ਼ੀ ਮਾਸਟਰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ)
99153-40502