*ਪਿਛਲੇ 5 ਸਾਲਾਂ ਦੌਰਾਨ ਖਰੀਦੀਆਂ ਗਈਆਂ ਮਸ਼ੀਨਾਂ ਦੀ ਮੁੜ ਵਿਕਰੀ ਸਬੰਧੀ ਪੜਤਾਲੀਆ ਕਮੇਟੀਆਂ ਦਾ ਗਠਨ*
ਮਾਨਸਾ, 18 ਜੁਲਾਈ:
ਡਿਪਟੀ ਕਮਿਸ਼ਨਰ, ਸ੍ਰ. ਕੁਲਵੰਤ ਸਿੰਘ, ਆਈ.ਏ.ਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਜਿ਼ਲ੍ਹੇ ਵਿੱਚ ਸਬਸਿਡੀ ‘ਤੇ ਦਿੱਤੇ ਖੇਤੀਬਾੜੀ ਸੰਦਾਂ/ਮਸ਼ੀਨਰੀ ਦੀ ਮੁੜ ਤੋਂ ਵਿੱਕਰੀ (ਰੀਸੇਲ) ਦਾ ਗੰਭੀਰ ਨੋਟਿਸ ਲਿਆ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀ ਮਸ਼ੀਨਰੀ ਦੀ ਮੁੜ ਵਿੱਕਰੀ (ਰੀਸੇਲ) ਦੀ ਜਾਂਚ ਕਰਨ ਲਈ ਜਿ਼ਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਵੱਖ—ਵੱਖ ਸਪੈਸ਼ਲ ਪੰਜ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਿ ਪਿੰਡ—ਪਿੰਡ ਜਾ ਕੇ ਕਿਸਾਨਾਂ/ ਸੁਸਾਇਟੀਆਂ/ ਕਸਟਮ ਹਾਈਰਿੰਗ ਸੈਂਟਰਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਸਬਸਿਡੀ ‘ਤੇ ਦਿੱਤੇ ਸੰਦਾਂ ਦੀ ਜਾਂਚ ਕਰਨਗੀਆਂ ਅਤੇ ਜਾਂਚ ਦੌਰਾਨ ਮੌਜ਼ੂਦ ਨਾ ਪਾਈਆਂ ਗਈਆਂ ਮਸ਼ੀਨਾਂ ਦੇ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸੈਂਟਰਲੀ ਸਪਾਂਸਰਡ ਸਕੀਮ (ਕਰਾਪ ਰੈਜੀਡਿਊ ਮੈਂਨੇਜਮੈਂਟ) ਅਧੀਨ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਖੇਤ ਵਿੱਚ ਵਾਹੁਣ ਅਤੇ ਸੰਭਾਲਣ ਦੇ ਮੰਤਵ ਨਾਲ ਖੇਤੀ ਨਾਲ ਸਬੰਧਤ ਕਈ ਸੰਦ ਕਿਸਾਨਾਂ ਨੂੰ 50 ਫ਼ੀਸਦੀ ਅਤੇ 80 ਫ਼ੀਸਦੀ ਸਬਸਿਡੀ *ਤੇ ਦਿੱਤੇ ਜਾਂਦੇ ਹਨ।
ਖੇਤੀਬਾੜੀ ਮਸ਼ੀਨਰੀ ‘ਤੇ ਸਬਸਿਡੀ ਦੇਣ ਲਈ ਵਿਭਾਗ ਵੱਲੋਂ 05 ਸਾਲ ਤੱਕ ਸੰਦਾਂ ਨੂੰ ਨਾ ਵੇਚਣ ਬਾਬਤ ਕਿਸਾਨ/ਸੁਸਾਇਟੀਆਂ ਤੋਂ ਸਵੈ—ਘੋਸ਼ਣਾ ਵੀ ਲਿਆ ਹੋਇਆ ਹੈ, ਪਰੰਤੂ ਕਿਸਾਨਾਂ/ਸੁਸਾਇਟੀਆਂ ਅਤੇ ਡੀਲਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ/ਸੁਸਾਇਟੀ ਕਸੂਰਵਾਰ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮਸ਼ੀਨ ਉੱਤੇ ਪ੍ਰਾਪਤ ਕੀਤੀ ਸਬਸਿਡੀ ਸਮੇਤ ਵਿਆਜ਼ ਵਾਪਸ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਪਿਛਲੇ 5 ਸਾਲਾਂ ਦੌਰਾਨ ਖਰੀਦੀਆਂ ਗਈਆਂ ਮਸ਼ੀਨਾਂ ਦੀ ਮੁੜ ਵਿਕਰੀ ਸਬੰਧੀ ਪੜਤਾਲ ਕਰਕੇ ਇੱਕ ਹਫ਼ਤੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।