ਕਰਨ ਭੀਖੀ /ਗੁਰਿੰਦਰ ਔਲਖ
ਭੀਖੀ, 28 ਅਕਤੂਬਰ
ਕਸਬਾ ਭੀਖੀ ਦੇ ਜੰਮਪਲ ਪੰਜਾਬੀ ਸ਼ਾਇਰ ਅਤੇ ਤ੍ਰੈ ਮਾਸਕ ਮੈਗਜ਼ੀਨ ‘ਤਾਸਮਨ’ ਦੇ ਸੰਪਾਦਕ ਸਤਪਾਲ ਭੀਖੀ ਦੁਆਰਾ ਅਨੁਵਾਦ ਅਤੇ ਸੰਪਾਦਤ ਕੀਤੀ ਪੁਸਤਕ ‘ਚੋਣਵੀਆਂ ਵਿਸ਼ਵ ਕਹਾਣੀਆਂ’ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਮ ਏ ਪੰਜਾਬੀ ਦੇ ਤੀਜੇ ਸਮੈਸਟਰ ਵਿੱਚ ਸ਼ਾਮਿਲ ਕੀਤਾ ਗਿਆ ਹੈ । ਨਵਯੁਗ ਸਾਹਿਤ ਕਲਾ ਮੰਚ ਭੀਖੀ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਦੇ ਸਮੂਹ ਮੈਂਬਰਾਂ ਨੇ ਇਕ ਮੀਟਿੰਗ ਵਿੱਚ ਇਸ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਤਪਾਲ ਭੀਖੀ ਦੀ ਆਪਣੇ ਸਹਿ ਕਰਮੀਆਂ ਨਾਲ ਮਿਲ ਕੇ 24 ਭਾਰਤੀ ਭਾਸ਼ਾਵਾਂ ਦੀ ਅਨੁਵਾਦ ਕੀਤੀ ਕਾਵਿ ਕਿਤਾਬ ‘ ਕਾਵਿ ਦਿਸ਼ਾਵਾਂ’ ਦਿੱਲੀ ਯੂਨੀਵਰਸਿਟੀ ਦੇ ਬੀ ਏ ਦੇ ਸਿਲੇਬਸ ਵਿੱਚ ਸ਼ਾਮਿਲ ਹੋਈ ਸੀ ।
ਮੰਚ ਦੇ ਪ੍ਰਧਾਨ ਭੁਪਿੰਦਰ ਫੌਜੀ ਨੇ ਦੱਸਿਆ ਕਿ ਪੁਸਤਕ ‘ਚੋਣਵੀਆਂ ਵਿਸ਼ਵ ਕਹਾਣੀਆਂ’ ਵਿੱਚ ਦੁਨੀਆਂ ਦੀਆਂ ਚਰਚਿਤ 18 ਕਹਾਣੀਆਂ ਸ਼ਾਮਿਲ ਹਨ ।216 ਪੰਨਿਆਂ ਦੀ ਇਸ ਕਿਤਾਬ ਨੂੰ ਸੰਗਮ ਪਬਲੀਕੇਸ਼ਨ ਸਮਾਣਾ ਨੇ ਛਾਪਿਆ ਸੀ । ਇਸ ਸੰਗ੍ਰਹਿ ਵਿੱਚ ਵਿਸ਼ਵ ਪ੍ਰਸਿੱਧ ਕਹਾਣੀਕਾਰਾਂ ਬਾਲਜਾਕ, ਕ੍ਰਿਸਚਨ ਐਂਡਰਸਨ, ਦੋਸਤੋਵਸਕੀ, ਆਸਕਰ ਵਾਇਲਡ, ਰਵਿੰਦਰ ਨਾਥ ਟੈਗੋਰ, ਚੈਖਵ, ਪਿਰਾਨਦੇਲੋ ਮੈਕਸਿਮ ਗੋਰਕੀ, ਜੈਕਬ ਵਾਸਰਮੈਨ, ਸਮਰਸੈਟ ਮਾਮ ਮੁਨਸ਼ੀ ਪ੍ਰੇਮ ਚੰਦ, ਜੇਮਸ ਜੁਆਇਸ, ਖਲੀਲ ਜਿਬਰਾਨ, ਕੈਥਰੀਨ ਮੇਨਸਫੀਲਡ, ਅਰਨਸਟ ਹੈਮਿੰਗਵੇ, ਜੂਲੀਅਸ ਫੂਚਿਕ, ਅਤੇ ਅਕਰਮ ਹਾਨੀਏ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਅਮਰੀਕ ਭੀਖੀ ,ਵਿਨੋਦ ਕੁਮਾਰ ਸਿੰਗਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਾਜਿੰਦਰ ਰੋਹੀ, ਇੰਜੀਨੀਅਰ ਲੱਖਾ ਸਿੰਘ, ਗੁਰਨਾਮ ਭੀਖੀ, ਰਜਿੰਦਰ ਜਾਫਰੀ, ਬਲਦੇਵ ਸਿੱਧੂ ,ਗੁਰਿੰਦਰ ਔਲਖ, ਜਸਵੰਤ ਮੱਤੀ, ਜਸਪਾਲ ਅਤਲਾ , ਡੀ ਪੀ ਜਿੰਦਲ, ਰਮੇਸ਼ ਮੱਤੀ ਮਨਜੀਤ ਮੰਨਣ,ਪ੍ਰੇਮ ਨਾਥ, ਧਰਮਪਲ ਨੀਟਾ, ਹਰਵਿੰਦਰ ਆਦਿ ਸ਼ਾਮਿਲ ਸਨ।