ਕਰਨ ਭੀਖੀ
ਭੀਖੀ,31 ਜਨਵਰੀ
ਸਥਾਨਕ ਪੁਲੀਸ ਥਾਣਾ ਭੀਖੀ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਭੀਖੀ ਵਿਖੇ ਪ੍ਰੈਸ ਕਾਨਫਰੰਸ ਮੌਕੇ ਡੀਐਸਪੀ ਸਬ ਡਵੀਜਨ ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭੀਖੀ ਖੇਤਰ ਵਿਚਲੇ ਮੋਬਾਇਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਕੇ ਵੇਚਣ ਦੇ ਦੋਸ਼ ਵਿੱਚ 2 ਵਿਅਕਤੀ ਬਲਵਿੰਦਰ ਸਿੰਘ ਅਤੇ ਜੱਗੀ ਸਿੰਘ ਵਾਸੀ ਉੱਭਾ ਅਤੇ ਇੱਕ ਕਬਾੜੀਏ ਰਾਕੇਸ਼ ਕੁਮਾਰ ਉਰਫ ਬੰਟੀ ਵਾਸੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾਂ ਪਾਸੋਂ 18 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸਦੀ ਕੀਮਤ 1 ਲੱਖ਼ 40 ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਸਥਾਨਕ ਬਰਨਾਲਾ ਰੋਡ ਤੋਂ ਇੱਕ ਸਰਾਫ਼ਾ ਦੁਕਾਨ ਦਾ ਜਿੰਦਰਾ ਤੋੜ ਕੇ ਨਗਦੀ, ਸੋਨਾ ਅਤੇ ਚਾਂਦੀ ਚੋਰੀ ਕੀਤੀ ਗਈ ਸੀ ਜਿਸਦੇ ਸਬੰਧ ਵਿੱਚ ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਕਰਮਵੀਰ ਰਾਮ ਉਰਫ਼ ਸੋਨੂੰ ਵਾਸੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ 5 ਦਿਨਾਂ ਦਾ ਰਿਮਾਂਡ ਹਾਸਿਲ਼ ਕੀਤਾ ਹੈ ਜਿਸ ਦੌਰਾਨ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਕਈ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਬਿੰਦਰ ਸਿੰਘ ਵਾਸੀ ਭੀਖੀ ਤੋਂ 119 ਬੋਤਲਾਂ ਨਾਜ਼ਾਇਜ਼ ਸ਼ਰਾਬ ਠੇਕਾ ਬਰਾਮਦ ਕਰਕੇ ਆਬਾਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਤੇ ਕਾਬੂ ਪਾਉਣ ਲਈ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਸ਼ੱਕੀ ਵਿਅਕਤੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਉਨਾਂ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਥਾਣਾ ਮੁੱਖੀ ਸੁਖਜੀਤ ਸਿੰਘ, ਸਬ-ਇੰਸਪੈਕਟਰ ਗੁਰਿੰਦਰ ਸਿੰਘ ਔਲਖ਼, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਈ ਡੀਐਸਪੀ ਬੂਟਾ ਸਿੰਘ ।
ਵੱਖ -ਵੱਖ ਮਾਮਲਿਆਂ ਸ਼ਾਮਿਲ 5 ਵਿਅਕਤੀ ਗ੍ਰਿਫ਼ਤਾਰ

Leave a comment