ਵੇ ਤਰੰਗਿਆ
ਸਾਡੇ ਵੀ ਚਾਵਾਂ ਚ ਕਦੇ ਲਹਿਰ
ਸਾਡਿਆਂ ਵੀ ਬੁੱਲ੍ਹਾਂ ਤੋਂ ਜੇ ਮੁਕ ਜੇ ਪਿਆਸ ਵੇ
ਜਿੰਦਗੀ ‘ਚੋਂ ਥੋੜੀ ਬਹੁਤੀ ਘਟ ਜੇ ਖਟਾਸ ਵੇ
ਮਿੱਠੇ ਪਾਣੀ ਵਾਲੀ ਮਿਲੇ ਕਿਤੇ ਨਹਿਰ
ਵੇ ਤਿਰੰਗਿਆ
ਸਾਡੇ ਵੀ ਚਾਵਾਂ ‘ਚ ਕਦੇ ਲਹਿਰ
ਤੇਰਾ ਵੇ ਚੱਕਰ ਸਾਨੂੰ ਚੱਕਰਾਂ ਚ ਪਾਵੇ ਨਾ
ਸਾਡੀਆਂ ਰੀਝਾਂ ਨੂੰ ਕਿਤੇ ਗੋਲ ਗੰਢ ਲਾਵੇ ਨਾ
ਸਾਡੇ ਹਾਸਿਆਂ ‘ਤੇ ਛਿੜਕੇ ਨਾ ਜ਼ਹਿਰ
ਵੇ ਤਿਰੰਗਿਆ–¡
ਜਾਹ ਸਾਰੀ ਰਾਸ ਤੇਰੇ ਅੱਗੇ ਢੇਰੀ ਕਰਤੀ
ਸਾਡੇ ਲਈ ਵੀ ਹਰੀ ਹਰੀ ਹੋ ਜਾਵੇ ਧਰਤੀ
ਸਾਡੀ ਮੱਸਿਆ ਵੀ ਹੋ ਜਾਏ ਜੇ ਦੁਪਹਿਰ
ਵੇ ਤਿਰੰਗਿਆ
ਸਾਡੇ ਵੀ ਚਾਵਾਂ ‘ਚ ਕਦੇ ਲਹਿਰ
ਕੁਰਸੀ ਨੂੰ ਚੜ੍ਹ ਜਾਵੇ ਤੇਰੀ ਚਟਿਆਈ ਜੇ
ਫੇਰ ਤੈਨੂੰ ਵੇਖੀ ਕਿਵੇਂ ਮਿਲੂ ਵਡਿਆਈ ਵੇ
ਸਾਡਾ ਪਿੰਡ ਹੋਜੇ ਰਾਜਧਾਨੀ ਜਿਹਾ ਸ਼ਹਿਰ
ਵੇ ਤਿਰੰਗਿਆ
ਸਾਡੇ ਵੀ ਚਾਵਾਂ ਚ ਕਿਤੇ ਲਹਿਰ
ਦੇ ਸਾਨੂੰ ਸਾਡਾ ਹਿੱਸਾ ਆਪਣੀ ਪਸੰਦ ‘ਚੋਂ
ਰੰਗ ਸਾਡੇ ਰੰਗ ਕੁੱਝ ਕੇਸਰੀ ਜਿਹੇ ਰੰਗ ‘ਚੋਂ
ਫਿਰ ਅਸੀਂ ਵੀ ਮੰਗਾਂਗੇ ਤੇਰੀ ਖ਼ੈਰ
ਵੇ ਤਿਰੰਗਿਆ
***