ਵਿਪਨ ਗਿੱਲ: ਮਛਲੀ ਜਲ ਕੀ ਰਾਣੀ ਹੈ: ਪਲੇਠੀ ਕਿਤਾਬ, ਪਲੇਠੀ ਕਹਾਣੀ
—————————————————————-
ਗਲਪ ਕਿਸੇ ਵਰਤਾਰੇ ਨੂੰ ਇੱਕ ਨਿਸ਼ਚਤ ਸਾਹਿਤਕ ਵਿਧਾ ਵਿੱਚ ਕੋਡ ਕਰਨ ਦਾ ਨਾਮ ਹੈ। ਇਸਦਾ ਮਨੋਰਥ ਪਾਠਕ ਨੂੰ ਮਸਲੇ ਨੂੰ ਉਸ ਸੰਦਰਭ, ਹਾਲਾਤ ਅਤੇ ਪਰਿਸਥਿਤੀਆਂ ਵਿੱਚ ਸਮਝਣ ਦਾ ਮੌਕਾ ਦੇਣਾ ਹੁੰਦਾ ਹੈ, ਜਿਨ੍ਹਾਂ ਰਾਹੀਂ ਉਹ ਮੁੱਦਾ ਆਪਣੇ ਪੂਰੇ ਜਲੌ ਵਿੱਚ ਵਾਪਰਦਾ ਦਿਖਾਈ ਦਿੰਦਾ ਹੈ। ਇਹ ਆਭਾਸੀ ਯਥਾਰਥ ਆਖਿਆ ਜਾ ਸਕਦੈ। ਪਾਠਕ ਰਚਨਾ ਨੂੰ ਪੜ੍ਹਦਾ ਹੋਇਆ ਆਪਣੀ ਸਮਝ, ਬੁੱਧੀ, ਅਧਿਐਨ ਅਤੇ ਅਨੁਭਵ ਮੁਤਾਬਿਕ ਡੀਕੋਡ ਕਰਦਾ ਹੈ। ਇਹ ਪਾਠਕ ਦੀ ਜਿੰਮੇਵਾਰੀ ਵੀ ਬਣਦੀ ਹੈ।
‘ਮਛਲੀ ਜਲ…’ ਰਾਹੀਂ ਵਿਪਨ ਗਿੱਲ ਨੇ ਸਮਾਜ ਦੇ ਸਮਾਜਿਕ-ਆਰਥਿਕ ਢਾਂਚੇ ਨੂੰ ਸਮਝਣ ਲਈ ਇੱਕ ਵਧੀਆ ਗਲਪ-ਰਚਨਾ ਦਿੱਤੀ ਹੈ। ਕਹਾਣੀ ਦੀ ਮੁੱਖ-ਪਾਤਰ ਨਵਰੀਤ ਦੀ ਸਿਰਜਣਾ ਇੱਕ ਐਂਟੀ-ਹੀਰੋ ਦੇ ਰੂਪ ਵਿੱਚ ਹੈ। ਕਹਾਣੀ ਦਾ ਤਾਣਾ-ਬਾਣਾ ਉਸ ਦੁਆਲੇ ਬੁਣਿਆ ਹੈ, ਪਰ ਕਥਾ ਵਹਾਅ ਵਿੱਚ ਅਸੀਂ ਦੂਸਰੇ ਪਾਤਰਾਂ ਦੀਆਂ ਮਜਬੂਰੀਆਂ ਵੀ ਸਮਝਦੇ ਹਾਂ। ਵਿਪਨ ਗਿੱਲ ਦੀ ਸਫ਼ਲਤਾ ਮੌਜੂਦਾ ਪੂੰਜੀਵਾਾਦੀ ਪ੍ਰਬੰਧ ਦੇ ਅਨੇਕ ਪਸਾਰਾਂ ਦੇ ਮਨੁੱਖੀ ਜੀਵਨ, ਖਾਸ ਕਰਕੇ ਇੱਕ ਔਰਤ ਦੀ ਹਿਆਤੀ, ਤੇ ਪੈਣ ਵਾਲੇ ਅਸਰਾਂ ਨੂੰ ਮਾਰਮਿਕ ਰੂਪ ਵਿੱਚ ਕਲਮਬੱਧ ਕਰਨ ਵਿੱਚ ਹੈ।
ਆਰਥਿਕ ਮਜਬੂਰੀਆਂ ਅਧੀਨ ਇਨਸਾਨ ਨੂੰ ਆਪਣੇ ਸਵੈ ਨੂੰ ਤੋੜਣਾ, ਭੰਨਣਾ ਪੈਂਦਾ ਹੈ। ਕਈ ਵਾਰ ਇਨ੍ਹਾਂ ਮਜਬੂਰੀਆਂ ਦਾ ਮਾਰਿਆ ਵਿਅਕਤੀ ਆਪਣੇ ਮੂਲ ਸੰਦਰਭਾਂ ਨੂੰ ਭੁੱਲ ਕੇ ਵਿੱਤੀ ਮੁਕਾਮ ਨੂੰ ਹੀ ਸਭ ਕੁਝ ਸਮਝਣ ਲਗਦਾ ਹੈ। ਅਸਲ ਵਿੱਚ ਇਨਸਾਨ ਆਪਣੇ ਕਿਸੇ ਵੀ ਫ਼ੈਸਲੇ ਲਈ ਅੰਦਰੂਨੀ ਜਾਂ ਬਾਹਰੀ ਪ੍ਰੇਰਕਾਂ ਤੋਂ ਪ੍ਰਭਾਵਿਤ ਹੁੰਦਾ ਹੈ। ਕਿਸੇ ਅਤਿਅੰਤ ਲੋੜੀਂਦੀ ਵਸਤ ਦੀ ਘਾਟ ਸਮੇਂ ਉਸਨੂੰ ਉਸ ਚੀਜ਼ ਦੀ ਪ੍ਰਾਪਤੀ ਹੀ ਸਭ ਕੁਝ ਜਾਪਦੀ ਹੈ। ਇਸੇ ਪ੍ਰੇਰਨਾ ਅਧੀਨ ਨਵਰੀਤ ਉਰਫ਼ ਰੀਤ ਆਪਣੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ, ਘਰੇਲੂ ਵਿੱਤੀ ਮਜਬੂਰੀਆਂ ਦੇ ਆਧਾਰ ਤੇ ਕਰ ਲੈਂਦੀ ਹੈ, ਅਤੇ ਆਪਣੀਆਂ ਭਵਿੱਖ ਦੀਆਂ ਸਰੀਰਕ, ਕਾਮੁਕ ਅਤੇ ਮਾਨਸਿਕ ਲੋੜਾਂ ਵੱਲ ਉਸਦਾ ਧਿਆਨ ਹੀ ਨਹੀਂ ਜਾਂਦਾ।
ਨਿਕਾਸੀ ਦੇ ਸਾਧਨ ਹੋਣ ਤੇ ਹੀ ਭਾਵਨਾਵਾਂ ਪੈਦਾ ਅਤੇ ਵਿਕਸਤ ਹੁੰਦੀਆਂ ਹਨ। ਅਜਿਹਾ ਨਾ ਹੋਣ ਤੇ ਜਜ਼ਬਾਤ ਦੱਬੇ ਰਹਿ ਜਾਂਦੇ ਹਨ, ਅਤੇ ਸਮਾਂ-ਮੌਕਾ ਮਿਲਣ ਤੇ ਹੀ ਇਨ੍ਹਾਂ ਦੀ ਲੋੜ ਮਹਿਸੂਸ ਹੁੰਦੀ ਹੈ। ਬੜੇ ਸਹਿਜ ਅਤੇ ਸੁਭਾਵਿਕ ਢੰਗ ਨਾਲ ਵਿਪਨ ਗਿੱਲ ਨੇ ਸਮਾਜਿਕ-ਆਰਥਿਕ ਪ੍ਰਬੰਧ ਦੇ ਅਸਰ ਦੀਆਂ ਮਹੀਨ ਪਰਤਾਂ ਨੂੰ ਫੜਿਆ ਹੈ। ਕਹਾਣੀ ਦਾ ਪਾਠ ਕਰਦਿਆਂ ਪਾਠਕ ਬੜੇ ਉਤਰਾਉ-ਚੜ੍ਹਾਉ ਮਹਿਸੂਸ ਕਰਦੈ, ਅਤੇ ਇਹ ਬਿਜਲਈ ਝਟਕੇ ਉਸ ਅੰਦਰ ਕੈਥਾਰਸਿਸ (Catharsis) ਦੀ ਭਾਵਨਾ ਪੈਦਾ ਕਰਦੇ ਹਨ। ਅਜਿਹਾ ਕਰਦਿਆਂ ਪਾਠਕ ਆਪਣੇ-ਆਪ ਨੂੰ ਹਰ ਪਾਤਰ ਦੀ ਥਾਂ ਤੇ ਰੱਖ ਕੇ ਵੇਖਦਾ ਹੈ, ਤਾਂ ਉਹ ਹਰ ਪਾਤਰ ਦੀ ਮਜਬੂਰੀ ਸਮਝਦਾ ਹੈ, ਭਾਵੇਂ ਕਿ ਅਸਲ ਜੀਵਨ (ਅਤੇ ਕਹਾਣੀ ਵਿੱਚ ਵੀ) ਅਸੀਂ ਦੂਸਰੇ ਨੂੰ ਇੱਕ ‘ਵਸਤ’, ‘ਦੁਸ਼ਮਣ’ ਜਾਂ ‘ਵਿਰੋਧੀ’ (Rival) ਸਮਝਦੇ ਹਾਂ।
ਕਹਾਣੀ ਪੜ੍ਹਦਿਆਂ ਸਾਨੂੰ ਨਵਰੀਤ ਦੀ ਮਾਂ, ਪਤੀ, ਸਹੁਰੇ, ਪਿਉ ਅਤੇ ਬਾਲ-ਨੁਮਾ ਪਤੀ ਦੀਆਂ ਮਜਬੂਰੀਆਂ ਸਮਝ ਆਉਂਦੀਆਂ ਹਨ। ਨਾਲ ਹੀ ਸਾਨੂੰ ਇਹ ਵੀ ਪਤਾ ਲੱਗਦੈ ਕਿ ਕੁਦਰਤ ਦੇ ਅਨੇਕ ਰੰਗ ਹੁੰਦੇ ਹਨ। ਇਨ੍ਹਾਂ ਪਿੱਛੇ ਕੋਈ ਸਿਧਾਂਤ ਨਹੀਂ ਹੁੰਦਾ, ਕਦੇ-ਕਦੇ ਅਜਿਹੇ ਵਰਤਾਰੇ ਸਾਹਮਣੇ ਆਉਂਦੇ ਹਨ, ਕਿ ਬੇਤੋਲ ਨੂੰ ਸਮਤੋਲ ਕਰਨ ਵਿੱਚ ਕੁਦਰਤ ਆਪਣਾ ਜ਼ੋਰ ਵਰਤਦੀ ਹੈ, ਪਰ ਇੱਥੇ ਵੀ ਡਾਢੇ ਦਾ ਕਮਜ਼ੋਰ ਤੇ ਧੱਕਾ ਕੁਦਰਤ ਦੀ ਕਾਣੀ-ਵੰਡ ਨੂੰ ਮੁੜ-ਉਜਾਗਰ ਕਰ ਦਿੰਦੈ।
ਨਵਰੀਤ ਦੀ ਸੱਸ ਮਿਿਸਜ ਮਾਨ ਕੋਲ ਪੈਸਾ ਹੈ, ਡੀ.ਐੱਸ.ਪੀ. (DSP) ਪਤੀ ਹੈ, ਮਹਿਲਨੁਮਾ ਘਰ ਹੈ, ਪਰ ਉਸਦਾ ਪੁੱਤਰ ਸਨਦੀਪ ਉਰਫ਼ ਸੰਨੀ ‘ਡਾਊਨਜ਼ ਸਿੰਡਰੋਮ’ (Down’s Syndrome) ਬਿਮਾਰੀ ਦਾ ਸਿ਼ਕਾਰ ਹੈ, ਅਤੇ ਵੱਡੀ ਉਮਰ ਵਿੱਚ ਵੀ ਉਸਦਾ ਵਿਹਾਰ ਬੱਚਿਆਂ ਵਰਗਾ ਹੈ। ਜੇਕਰ ਉਹ ਆਰਥਿਕ ਪੱਖੋਂ ਖੁਸ਼ਹਾਲ ਹਨ, ਤਾਂ ਬੱਚੇ ਪੱਖੋਂ ਦੁਖੀ ਹਨ, ਕਮਜ਼ੋਰ ਹਨ। ਨਵਰੀਤ ਦੇ ਮਾਪੇ ਬਹੁਤ ਗਰੀਬ ਹਨ, ਪਰ ਉਨ੍ਹਾਂ ਦੇ ਬੱਚੇ ਠੀਕ-ਠਾਕ ਹਨ। ਹੁਣ, ਨਵਰੀਤ ਆਪਣੀ ਬੁੱਧੀ, ਸਿਆਣਪ ਅਤੇ ਹੁਸਨ ਦੇ ਸਿਰ ਤੇ ਮਿਿਸਜ ਮਾਨ ਵਲੋਂ ਆਪਣੇ ਪੁੱਤਰ ਲਈ ‘ਸਿਲੈਕਟ’ ਤਾਂ ਕਰ ਲਈ ਜਾਂਦੀ ਹੈ, ਤੇ ਪਹਿਲਾਂ ਨਵਰੀਤ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਵੀ ਹੈ, ਪਰ ਸਹੁਰੇ ਘਰ ਜਾਣ ਤੇ ਉਸਨੂੰ ਆਪਣੇ ਨਾਲ ਹੋਏ ‘ਧੱਕੇ’ (highhandedness) ਦਾ ਅਹਿਸਾਸ ਹੁੰਦਾ। ਇੱਥੇ ਇਹ ਵੀ ਵੇਖਣਯੋਗ ਹੈ, ਕਿ ਇਹ ਫ਼ੈਸਲਾ ਲੈਣ ਸਮੇਂ ਉਸ ਤੇ ਪੇਕੇ ਜਾਂ ਸਹੁਰੇ ਪਰਿਵਾਰ ਵੱਲੋਂ ਕੋਈ ਦਬਾਉ ਨਹੀਂ ਪਾਇਆ ਗਿਆ।
ਇਹ ਕਹਾਣੀਕਾਰ ਦੀ ਸਮਝ ਦਾ ਕਮਾਲ ਹੈ ਕਿ ਉਸਨੇ ਇਸ ਸਹਿਜ ਵਰਤਾਰੇ ਨੂੰ ਬੜੀ ਖ਼ੂਬਸੂਰਤੀ ਨਾਲ ਫੜਦਿਆਂ, ਪਾਤਰ ਦੀ ਮਾਨਸਿਕਤਾ ਨੂੰ ਸਮਝਿਆ ਤੇ ਪੇਸ਼ ਕੀਤਾ ਹੈ। ਉੱਪਰੋਂ-ਉੱਪਰੋਂ ਸਹਿਜ ਜਾਪਣ ਵਾਲਾ ਇਹ ਇੱਕ ਘੋਰ-ਅਸਹਿਜ ਵਰਤਾਰਾ ਹੈ। ਸਹੁਰੇ ਵਲੋਂ ਰੀਤ ਨਾਲ ਧੱਕਾ ਕਰਨ ਦੀ ਘਟਨਾ ਦੇ ਵੀ ਅਨੇਕ ਪਹਿਲੂ ਹਨ।
ਚਾਰਲਸ ਡਾਰਵਿਨ ਦੁਆਰਾ ‘ਜੀਵਨ ਦੀ ਉੱਤਪੱਤੀ’ (Origin of Species) ਵਾਲੇ ਮਹਾਂ-ਗ੍ਰੰਥ ਵਿੱਚ ਦਿੱਤੇ ‘ਐਵੋਲੂਸ਼ਨ’ (Evolution) (ਹੌਲੀ-ਹੌਲੀ ਬਦਲਾਉ ਹੋਣਾ) ਦੇ ਸਿਧਾਂਤ ਅਨੁਸਾਰ ਘਟਨਾਵਾਂ ਸੁਤੇ-ਸਿੱਧ ਅਤੇ ਸੁਭਾਵਿਕ ਹੀ ‘ਈਵੋਲਵ’ (evolve) ਹੁੰਦੀਆਂ ਹਨ। ਸਹਿਜ ਜੀਵਨ ਵਿੱਚ ‘ਰੈਵੋਲੂਸ਼ਨ’ (revolutionary) (ਇੱਕਦਮ ਕ੍ਰਾਂਤੀਕਾਰੀ ਪਰਿਵਰਤਨ) ਨਹੀਂ ਹੁੰਦੇ। ਇਸ ਕਹਾਣੀ ਵਿੱਚ ਨਵਰੀਤ ਦੇ ਜੀਵਨ ਵਿੱਚ ਇੱਕ ਵੱਡੀ ਨਾਂਹਪੱਖੀ-ਕ੍ਰਾਂਤੀਕਾਰੀ ਘਟਨਾ ਉਸਦੇ ਬੱਚਾ-ਨੁਮਾ ਬਾਲਗ ਨਾਲ ਵਿਆਹ ਦੇ ਰੂਪ ਵਿੱਚ ਵਾਪਰਦੀ ਹੈ। ਪਰ, ਬਾਅਦ ਵਿੱਚ ਉਸਨੂੰ ਹੌਲੀ-ਹੌਲੀ ਅਨੇਕ ਵੱਡੇ-ਛੋਟੇ ਝਟਕੇ ਮਹਿਸੂਸ ਹੁੰਦੇ ਹਨ, ਜਿਨ੍ਹਾਂ ਨਾਲ ਉਹ ਆਪਣੇ-ਅੰਦਰ ਬੜਾ ਕੁਝ ਤਿੜਕਦਾ, ਟੁੱਟਦਾ-ਭੰਨਦਾ ਮਹਿਸੂਸ ਕਰਦੀ ਹੈ। ਉਹ ਇਨ੍ਹਾਂ ਨੂੰ ਆਪਣੀ ਹੋਣੀ ਸਮਝ ਕੇ ਸਵੀਕਾਰ ਵੀ ਕਰਦੀ ਹੈ, ਬਗਾਵਤ ਕਰਨ ਲਈ ਵੀ ਸੋਚਦੀ ਹੈ, ਸਮਾਜਿਕ ਪਰਿਸਥਿਤੀਆਂ ਬਾਰੇ ਵੀ ਸੋਚਦੀ ਹੈ, ਆਪਣੇ ਪੇਕੇ-ਪਰਿਵਾਰ ਬਾਰੇ ਵੀ ਵਚਨਬੱਧ ਹੈ। ਅਣਗਿਣਤ ਅਣਦਿਸਦੇ ਘੇਰੇ ਉਸਦੇ ਪੈਰਾਂ ਦੀਆਂ ਬੇੜੀਆਂ ਅਤੇ ਹੱਥਾਂ ਦੀਆਂ ਹੱਥ-ਕੜੀਆਂ ਬਣ ਜਾਂਦੇ ਹਨ। ਔਰਤ ਦੀ ਮਜਬੂਰੀ ਅਤੇ ਲਾਚਾਰੀ ਦੇ ਵਿਿਭੰਨ ਪਹਿਲੂਆਂ ਨੂੰ ਬੜੇ ਸਹਿਜ ਢੰਗ ਨਾਲ ਪੇਸ਼ ਕਰਨਾ ਗਿੱਲ ਦੀ ਸਫ਼ਲਤਾ ਹੈ।
ਕਹਾਣੀ ਦਾ ਤਕਨੀਕੀ ਪੱਖ ਵੀ ਮਜ਼ਬੂਤ ਹੈ। ਬਿਨਾਂ ਸ਼ੱਕ ਕਹਾਣੀਕਾਰ ਨੇ ਗੋਂਦ ਦੀ ਉਸਾਰੀ ਵਿੱਚ ਅਨੇਕ ਖੁੱਲ੍ਹਾਂ ਲਈਆਂ ਹਨ, ਅਤੇ ਮੈਂ ਕਹਾਣੀਕਾਰ ਦੇ ‘ਪੋਇਟਿਕ ਲਾਈਸੈਂਸ’ (poetic licence) ਦਾ ਹਮੇਸ਼ਾ ਮੁੱਦਈ ਰਿਹਾ ਹਾਂ, ਬਸ਼ਰਤੇ ਕਿ ਕਹਾਣੀ ਆਪਣੇ ਵਿਸ਼ੇ ਅਤੇ ਦ੍ਰਿਸ਼ਟੀਕੋਣ ਨੂੰ ਢੁਕਵੇਂ ਅਤੇ ਠੋਸ ਰੂਪ ਵਿੱਚ ਨਿਭਾ ਸਕੇ। ਕਹਾਣੀ ਵਿੱਚ ਢੁਕਵੀਂ ਅਤੇ ਜ਼ੋਰਦਾਰ ਬੋਲੀ ਅਤੇ ਪਾਤਰਾਂ ਦੇ ਉਨ੍ਹਾਂ ਦੇ ਹਾਲਾਤ ਮੁਤਾਬਿਕ ਕਿਰਦਾਰ ਉਸਾਰੇ ਗਏ ਹਨ। ਦ੍ਰਿਸ਼ ਵਰਣਨ ਇਸ ਕਹਾਣੀ ਦਾ ਸਭ ਤੋਂ ਅਹਿਮ ਪਹਿਲੂ ਹੋ ਨਿਬੜਦਾ ਹੈ।
ਮੇਰੀ ਜਾਚੇ ਇਹ ਪੰਜਾਬੀ ਦੀਆਂ ਵਧੀਆ ਕਹਾਣੀਆਂ ਵਿੱਚ ਸ਼ੁਮਾਰ ਕੀਤੀ ਜਾ ਸਕਦੀ ਹੈ।
– ਡਿੰਪਲ (98885 69669)