*ਪੰਜਾਬ ਸਰਕਾਰ ਸਿਹਤ ਸਹੂਲਤਾਂ ਘਰ ਘਰ ਪਹੁੰਚਾਉਣ ਲਈ ਵਚਨਬੱਧ-ਵਿਧਾਇਕ ਬੁੱਧ ਰਾਮ
ਬੁਢਲਾਡਾ/ਬੋੜਾਵਾਲ, 17 ਅਗਸਤ:
ਪੰਜਾਬ ਸਰਕਾਰ ਲੋਕਾਂ ਲਈ ਸਿਹਤ ਸਹੂਲਤਾਂ ਘਰ ਘਰ ਪਹੁੰਚਾਉਣ ਲਈ ਵਚਨਬੱਧ ਹੈ। ਡਾਕਟਰੀ ਸਹੂਲਤਾਂ ਲੋਕਾਂ ਨੂੰ ਪਿੰਡ ਪੱਧਰ ’ਤੇ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਬੋੜਾਵਾਲ ਵਿਖੇ ਬਣੀ ਨਵੀਂ ਸਿਵਲ ਡਿਸਪੈਂਸਰੀ ਦੇ ਉਦਘਾਟਨ ਕਰਨ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੋੜਾਵਾਲ ਦੀ ਇਹ ਡਿਸਪੈਂਸਰੀ ਪਹਿਲਾਂ ਪਿੰਡ ਤੋਂ ਬਾਹਰ ਬਣਾਈ ਹੋਈ ਸੀ, ਜਿੱਥੇ ਲੋਕਾਂ ਨੂੰ ਖਾਸ ਕਰ ਬਜ਼ੁਰਗਾਂ ਨੂੰ ਜਾਣ ਵਿਚ ਮੁਸ਼ਕਿਲ ਪੇਸ਼ ਆਉਂਦੀ ਸੀ। ਇਸ ਡਿਸਪੈਂਸਰੀ ਦੀ ਇਮਾਰਤ ਜਿਸ ਵਿਚ ਤਿੰਨ ਕਮਰੇ, ਵਰਾਂਡਾ, ਚਾਰਦੀਵਾਰੀ ਹਨ, ਵਿਸ਼ੇਸ ਫੰਡ ’ਚੋਂ 13 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ: ਕਿਹ ਕਿ ਇਸ ਡਿਸਪੈਂਸਰੀ ਵਿੱਚ ਮੁੱਢਲੇ ਚੈਕਅੱਪ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਮੁੱਢਲੀਆਂ ਸਹੂਲਤਾਂ ਪਹੁੰਚਾਉਣਾ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁੱਖ ਏਜੰਡੇ ’ਤੇ ਹੈ। ਉਨ੍ਹਾਂ ਡਿਸਪੈਂਸਰੀ ਦੇ ਸਟਾਫ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਚਮਕੌਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਬਲਾਕ ਪ੍ਰਧਾਨ ਵੀਰ ਸਿੰਘ, ਕੁਲਵਿੰਦਰ ਸਿੰਘ ਖੁਡਾਲ , ਪਿੰਡ ਬੋੜਾਵਾਲ ਇਕਾਈ ਪ੍ਰਧਾਨ ਜਗਦੀਪ ਸਿੰਘ, ਲਕਵਿੰਦਰ ਸਿੰਘ ਲੱਕੀ, ਪੰਚਾਇਤੀ ਵਿਭਾਗ ਦੇ ਜੇ.ਈ. ਅਮਨਦੀਪ ਸਿੰਘ, ਨਿਖਲ ਲਾਕੜਾ, ਪੰਚਾਇਤ ਸਕੱਤਰ ਰਾਜਿੰਦਰ ਸਿੰਘ, ਡਿਸਪੈਂਸਰੀ ਇੰਚਾਰਜ ਡਾਕਟਰ ਰੂਹੀ ਸ਼ਰਮਾ, ਕੰਵਰਜੀਤ ਸਿੰਘ ਫਰਮਾਸਿਸਟ ਆਦਿ ਹਾਜ਼ਰ ਸਨ।
ਵਿਧਾਇਕ ਬੁੱਧ ਰਾਮ ਨੇ ਪਿੰਡ ਬੋੜਾਵਾਲ ਵਿਖੇ 13 ਲੱਖ ਦੀ ਲਾਗਤ ਨਾਲ ਬਣੀ ਨਵੀਂ ਡਿਸਪੈਂਸਰੀ ਦਾ ਉਦਘਾਟਨ ਕੀਤਾ
Leave a comment