*ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਨੂੰ ਪੰਜਾਬੀਆਂ ਦੇ ਰੂਬਰੂ ਕਰਨਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਦਮ-ਵਿਧਾਇਕ ਗੁਰਪ੍ਰੀਤ ਬਣਾਂਵਾਲੀ
ਸਰਦੂਲਗੜ੍ਹ/ਮਾਨਸਾ, 07 ਫਰਵਰੀ, ਦੇਸ ਪੰਜਾਬ ਬਿਊਰੋ: ਪੰਜਾਬ ਸਰਕਾਰ ਵੱਲੋਂ ’ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ’, ’ਨਾਰੀ ਸ਼ਕਤੀ’ ਅਤੇ ’ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਰੂਪਮਾਨ’ ਕਰਦੀਆਂ ਤਿੰਨ ਝਾਕੀਆਂ ਦਾ ਅੱਜ ਪਿੰਡ ਕੋਟਧਰਮੁ ਵਿਖੇ ਪੁੱਜਣ ਮੌਕੇ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਹੇਠ ਸਥਾਨਕ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਮਹੱਤਵਪੂਰਨ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਮਹਾਨ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ ਹਨ ਜਿਸ ਉੱਤੇ ਸਾਨੂੰ ਸਭ ਨੂੰ ਮਾਣ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਨ੍ਹਾਂ ਝਾਕੀਆਂ ਨੂੰ ਦੇਖਣ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਹੋਣ ਉਤੇ ਮਾਣ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਵੱਡੇ ਪੱਧਰ ਉਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ।