10 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪ੍ਰੀਖਿਆ ਫਾਰਮ ਦੇ ਮਸਲੇ ਤਹਿਤ ਕਾਲਜ ਪ੍ਰਸ਼ਾਸਨ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ । ਪਿਛਲੇ ਦਿਨੀਂ ਕਾਲਜ ਪ੍ਰਸ਼ਾਸਨ ਵੱਲੋਂ ਇਸ ਮਸਲੇ ਤੇ ਜਥੇਬੰਦੀ ਦੇ ਨਾਮ ਹੇਠ ਮੰਗ ਪੱਤਰ ਫ਼ੜਨ ਤੋਂ ਇਨਕਾਰ ਕੀਤਾ ਗਿਆ ਸੀ। ਇਸ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਅਤੇ ਗੁਰਦਾਤ ਸਿੰਘ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਭਰੇ ਨਹੀਂ ਗਏ ਸਨ ਜਿਸ ਤੋਂ ਬਾਅਦ 1000 ਤੋਂ ਵੱਧਦਾ ਵੱਧਦਾ ਜੁਰਮਾਨਾ 10000 ਰੁਪਏ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ 20000 ਹੋ ਜਾਣਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਰਨਾਂ ਕੰਸਟੀਚੂਐਂਟ ਕਾਲਜ਼ਾਂ ਵਿੱਚ ਇਹ ਸਮਸਿਆ ਨਹੀਂ ਹੈ ਸਿਰਫ਼ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਹੈ। ਇਸ ਗੱਲ ਕਾਲਜ ਦੀ ਕਾਰਗੁਜ਼ਾਰੀ ਤੇ ਸ਼ੱਕ ਖੜੇ ਕਰਨ ਵਾਲੀ ਹੈ। ਇਸ ਰਕਮ ਦੇ ਜੁਰਮਾਨੇ ਵਿਦਿਆਰਥੀਆਂ ਦੀ ਸ਼ਰੇਆਮ ਲੁੱਟ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਹ ਨੀਤੀ ਵਿਦਿਆਰਥੀ ਵਿਰੋਧੀ ਹੈ ਜਿਸ ਦਾ ਵਾਜਬ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਨਾਲ ਹੀ, 8 ਅਪ੍ਰੈਲ 1929 ਨੂੰ ਵਾਪਰੇ ਅਸੈਂਬਲੀ ਬੰਬ ਕਾਂਡ ਨੂੰ ਸਮਰਪਿਤ ਦਿਨ ਵੀ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਯਾਦ ਕਰਦਿਆਂ ਅੱਜ ਦੀ ਹਕੂਮਤ ਵੱਲੋਂ ਲਾਗੂ ਕੀਤੇ ਜਾ ਰਹੇ ਲੋਕ ਵਿਰੋਧੀ ਜਾਬਰ ਕਾਲੇ ਕਾਨੂੰਨਾਂ ( ਜਿਵੇਂ UAPA, AFSPA, NSA ਆਦਿ) ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪਾਰਲੀਮੈਂਟ ਵਿੱਚ ਲੋਕਾਂ ਦੇ ਹੱਕੀ ਮੁੱਦੇ ਉਬਾਰਨ ਵਾਲੇ ਨੌਜਵਾਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਜਿਨ੍ਹਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਤਹਿਤ ਜੇਲ੍ਹੀ ਡੱਕੀਆ ਹੋਇਆ ਹੈ। ਇਸ ਮੌਕੇ ਵਿਦਿਆਰਥੀ ਆਗੂ ਨਵਜੋਤ ਸਿੰਘ, ਅਕਾਸ਼, ਹਰਦੀਪ ਕੌਰ, ਰਾਜਵੀਰ ਕੌਰ, ਆਦਿ ਸ਼ਾਮਲ ਸਨ।