-
ਅੱਜ ਦੇ ਤਕਨੀਕੀ ਯੁੱਗ ਵਿੱਚ ਭਾਸ਼ਾ ਲੈਬ ਇੱਕ ਭਾਸ਼ਾ ਸਿੱਖਣ ‘ਤੇ ਅਧਾਰਤ ਸਾਫਟਵੇਅਰ ਹੈ। ਭਾਸ਼ਾ ਦੀ ਪ੍ਰਯੋਗਸ਼ਾਲਾ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇੱਕ ਚੰਗਾ ਭਾਸ਼ਾ ਸੰਚਾਰ ਭਾਸ਼ਾ ਸਿੱਖਣ ਦੌਰਾਨ ਪ੍ਰਾਪਤ ਕੀਤੇ ਭਾਸ਼ਾ ਦੇ ਹੁਨਰਾਂ ਉੱਪਰ ਨਿਰਭਰ ਕਰਦਾ ਹੈ। ਭਾਸ਼ਾ ਦੇ ਮੁੱਖ ਚਾਰ ਹੁਨਰ ਪੜ੍ਹਨਾ, ਲਿਖਣਾ, ਸੁਣਨਾ ਅਤੇ ਬੋਲਣਾ ਹਨ। ਇਨ੍ਹਾਂ ਸਾਰੇ ਹੁਨਰਾਂ ਉਪਰ ਮੁਹਾਰਤ ਕਰਕੇ ਹੀ ਇੱਕ ਵਿਦਿਆਰਥੀ ਸੰਬੰਧਿਤ ਭਾਸ਼ਾ ਉਪਰ ਆਪਣੀ ਪਕੜ ਮਜ਼ਬੂਤ ਕਰ ਸਕਦਾ ਹੈ। ਅੰਗਰੇਜ਼ੀ ਭਾਸ਼ਾ ਲੈਬ ਹੀ ਅਸਲ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਣ ਵਿੱਚ ਮਦਦ ਕਰਦੀ ਹੈ। ਇਹ ਵਿਦਿਆਰਥੀਆਂ ਨੂੰ ਭਾਸ਼ਾ ਦੇ ਉਚਾਰਨ ਨੂੰ ਆਸਾਨ ਤਰੀਕੇ ਨਾਲ ਸਿੱਖਣ ਲਈ ਤਕਨੀਕੀ ਸਾਧਨ ਪ੍ਰਦਾਨ ਕਰਦੀ ਹੈ।ਸਕੂਲਾਂ ਵਿੱਚ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਵਿਦਿਆਰਥੀਆਂ ਨੂੰ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਕੀਤੀ ਜਾਂਦੀ ਹੈ। ਸੌਫਟਵੇਅਰ ਵਿਦਿਆਰਥੀਆਂ ਨੂੰ LSRW ਦੇ ਅਧਾਰ ਤੇ ਤੇਜ਼ ਅਤੇ ਅਸਾਨੀ ਨਾਲ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਮੁਢਲੇ ਹੁਨਰਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਇਹ ਸਿਖਿਆਰਥੀ ਦੀ ਸਮੁੱਚੀ ਸ਼ਖਸੀਅਤ ਨੂੰ ਸੁਧਾਰਦਾ ਹੈ।ਇਹ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਨ ਵਿੱਚ ਵੀ ਬਹੁਤ ਉਪਯੋਗੀ ਹੈ।
ਇੱਕ ਅੰਗਰੇਜ਼ੀ ਭਾਸ਼ਾ ਲੈਬ ਵਿੱਚ ਅੰਗਰੇਜ਼ੀ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੀ ਸਮੱਗਰੀ ਦੀ ਵਰਤੋਂ ਹੁੰਦੀ ਹੈ। ਜਿਨ੍ਹਾਂ ਵਿੱਚ ਪਹਿਲੀ ਹੈ ਵਿਆਕਰਣ। ਵਿਆਕਰਣ ਵਿੱਚ ਸ਼ਬਦ ਬਣਤਰ ਅਤੇ ਵਾਕ ਬਣਤਰ ਮੁੱਖ ਹਨ। ਇਸ ਤੋਂ ਇਲਾਵਾ ਮੁਹਾਵਰੇ, ਸਮਾਨਾਰਥੀ, ਵਿਰੋਧੀ ਸ਼ਬਦ, ਬਹੁਤਿਆਂ ਦੀ ਥਾਂ ਇੱਕ-ਸ਼ਬਦ ਅਤੇ ਹੋਰ ਬਹੁਤ ਸਾਰੇ ਪਾਠ ਸ਼ਾਮਲ ਹੁੰਦੇ ਹਨ। ਅੰਗਰੇਜ਼ੀ ਭਾਸ਼ਾ ਵਿਆਕਰਨ ਦਾ ਇੱਕ ਮਹੱਤਵਪੂਰਨ ਸਥਾਨ ਹੈ ।ਇਸ ਤੋਂ ਬਿਨਾਂ ਅਸੀਂ ਵਾਕ ਦੇ ਸਹੀ ਕਾਲ ਦਾ ਨਿਰਣਾ ਨਹੀਂ ਕਰ ਸਕਦੇ। ਇਸ ਲਈ ਇੱਕ ਵਿਅਕਤੀ ਦੇ ਬੋਲਣ ਦੇ ਲਹਿਜ਼ੇ ਨੂੰ ਸਹੀ ਰੂਪ ਨੂੰ ਸਮਝਣ ਲਈ ਵਿਆਕਰਣ ਸਿੱਖਣਾ ਬਹੁਤ ਮਹੱਤਵਪੂਰਨ ਹੈ। ਇਹ ਵਿਆਕਰਨ ਅੰਗਰੇਜ਼ੀ ਭਾਸ਼ਾ ਲੈਬ ਵਿੱਚ ਬਰੀਕੀ ਨਾਲ ਤੇ ਅਸਾਨੀ ਨਾਲ ਸਿੱਖੀ ਦਾ ਸਕਦੀ ਹੈ। ਦੂਸਰੇ ਨੰਬਰ ਤੇ ਆਉਂਦੀ ਹੈ ਇੰਟੋਨੇਸ਼ਨ। ਇੰਟੋਨੇਸ਼ਨ ਰਾਹੀਂ ਅਸੀਂ ਆਵਾਜ਼ ਦੀ ਪਿੱਚ, ਗਤੀ ਅਤੇ ਤਣਾਅ ਦੇ ਪਰਿਵਰਤਨ ਨੂੰ ਜਾਣ ਕੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਬਿਹਤਰ ਬਣਾ ਸਕਦੇ ਹਾਂ। ਆਪਣੀ ਆਵਾਜ਼ ਨੂੰ ਰਿਕਾਰਡ ਕਰਨਾ ਅਤੇ ਫਿਰ ਇਸਨੂੰ ਸੁਣਨਾ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਇੱਕ ਵਿਅਕਤੀ ਨੂੰ ਆਪਣੀ ਆਵਾਜ਼ ਦੀ ਪਿੱਚ ਦਾ ਪਤਾ ਲੱਗ ਜਾਵੇਗਾ। ਤੀਸਰਾ ਹੈ ਉਚਾਰਨ । ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਸ਼ਬਦ ਦਾ ਉਚਾਰਨ ਕਰਨਾ ਸਿੱਖਣਾ ਬਹੁਤ ਮਹੱਤਵਪੂਰਨ ਹੈ। ਜੇਕਰ ਉਚਾਰਨ ਸਹੀ ਹੈ, ਤਾਂ ਦੂਸਰਾ ਵਿਅਕਤੀ ਤੁਹਾਡੇ ਸੰਦੇਸ਼ ਨੂੰ ਆਸਾਨੀ ਨਾਲ ਸਮਝ ਸਕਦਾ ਹੈ ਅਤੇ ਜਵਾਬ ਦੇ ਸਕਦਾ ਹੈ। ਅੰਗਰੇਜ਼ੀ ਭਾਸ਼ਾ ਦੇ ਲੈਬ ਸੌਫਟਵੇਅਰ ਦੀ ਵਰਤੋਂ ਕਰਕੇ ਕੋਈ ਵੀ ਸਹੀ ਢੰਗ ਨਾਲ ਉਚਾਰਨ ਕਰਨਾ ਸਿੱਖ ਸਕਦਾ ਹੈ । ਇਸ ਵਿੱਚ ਲੈਬ ਵਿੱਚ ਲੱਗੇ ਹੈੱਡ ਫੋਨ , ਸਪੀਕਰ ਆਦਿ ਅਹਿਮ ਰੋਲ ਅਦਾ ਕਰਦੇ ਹਨ। ਵਿਦਿਆਰਥੀ ਲਿਸਨਿੰਗ ਲੈਬ ਦੀ ਇਸ ਕਿਰਿਆ ਰਾਹੀਂ ਸਕਰੀਨ ਉਪਰ ਵਿਅਕਤੀ ਦੇ ਬੋਲਣ ਦਾ ਅੰਦਾਜ਼ ਵੀ ਦੇਖ ਸਕਦੇ ਹਨ ਅਤੇ ਸਪੀਕਰ ਰਾਹੀਂ ਉਸਨੂੰ ਵਧੀਆ ਤਰੀਕੇ ਸੁਣ ਵੀ ਸਕਦੇ ਹਨ। ਚੌਥੇ ਨੰਬਰ ਤੇ ਆਉਂਦਾ ਹੈ ਬੋਲਣ ਦੀ ਰਫ਼ਤਾਰ। ਅਸਲ ਵਿੱਚ ਬੋਲਣ ਦੀ ਰਫ਼ਤਾਰ ਪ੍ਰਭਾਵਸ਼ਾਲੀ ਸੰਚਾਰ ਦੀ ਕੁੰਜੀ ਹੈ ਜਿਸ ਵਿੱਚ ਭਾਸ਼ਣ ਨੂੰ ਸਪਸ਼ਟ ਰੂਪ ਵਿੱਚ ਸਮਝਿਆ ਜਾਂਦਾ ਹੈ। ਭਾਸ਼ਾ ਲੈਬ ਵਿੱਚ ਤੁਸੀਂ ਅਵਾਜ਼ ਰਿਕਾਰਡਿੰਗ ਵਿਸ਼ੇਸ਼ਤਾ ਵਿੱਚ ਦਿੱਤੇ ਗਏ ਗ੍ਰਾਫ ਦੀ ਮਦਦ ਨਾਲ ਆਪਣੀ ਬੋਲੀ ਦੀ ਗਤੀ ਦੀ ਜਾਂਚ ਕਰ ਸਕਦੇ ਹੋ। ਇਹ ਵਿਦਿਆਰਥੀਆਂ ਨੂੰ ਬੋਲਣ ਦੀ ਰਫ਼ਤਾਰ ਬਾਰੇ ਜਾਨਣ ਵਿੱਚ ਮਦਦ ਕਰਦਾ ਹੈ। ਪੰਜਵੇਂ ਨੰਬਰ ਤੇ ਆਉਂਦਾ ਹੈ LSRW । ਜਿਸਨੂੰ ਪੰਜਾਬੀ ਵਿਚ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੇ ਹੁਨਰ ਆਖਦੇ ਹਾਂ। ਅੰਗਰੇਜ਼ੀ ਭਾਸ਼ਾ ਲੈਬ ਦਾ ਮੁੱਖ ਕੰਮ ਹੀ ਇਨ੍ਹਾਂ ਚਾਰ ਹੁਨਰਾਂ ਤੇ ਵਿਦਿਆਰਥੀਆਂ ਨੂੰ ਪ੍ਰਪੱਕ ਬਣਾਉਣ ਦਾ ਹੈ। ਇਹ ਭਾਸ਼ਾ ਦੀ ਪ੍ਰਾਪਤੀ ਅਤੇ ਸਿੱਖਣ ਲਈ ਚਾਰ ਮਹੱਤਵਪੂਰਨ ਹੁਨਰ ਹਨ। ਇਨ੍ਹਾਂ ਹੁਨਰਾਂ ਤੋਂ ਬਿਨਾਂ, ਕੋਈ ਵੀ ਭਾਸ਼ਾ ਸਿੱਖਣੀ ਮੁਸ਼ਕਲ ਹੈ। ਕਈ ਵਾਰ ਅਸੀਂ ਦੇਖਿਆ ਹੈ ਕਿ ਜਦੋਂ ਲੋਕ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਮਾਤ ਭਾਸ਼ਾ ਦਾ ਪ੍ਰਭਾਵ ਉਨ੍ਹਾਂ ਦੇ ਬੋਲਾਂ ਤੋਂ ਝਲਕਦਾ ਹੈ। ਅਸਲ ਵਿੱਚ ਜੋ ਭਾਸ਼ਾ ਅਸੀਂ ਰੋਜ਼ਾਨਾ ਬੋਲਦੇ ਹਾਂ ਉਹ ਸਾਡੇ ਲਹਿਜ਼ੇ ‘ਤੇ ਇੱਕ ਛਾਪ ਛੱਡਦੀ ਹੈ ਜਿਸ ਨੂੰ ਅਸੀਂ ਭਾਸ਼ਾ ਲੈਬ ਦੇ ਵਿੱਚ ਵੱਖ – ਵੱਖ ਵਿਧੀਆਂ ਦੇ ਪ੍ਰਯੋਗ ਰਾਹੀਂ ਅਭਿਆਸ ਕਰਕੇ ਦੂਰ ਕਰ ਸਕਦੇ ਹਾਂ। ਇਸ ਪ੍ਰਭਾਵ ਨੂੰ ਦੂਰ ਕਰਨ ਵਿੱਚ MTI ਤਕਨੀਕ ਬਹੁਤ ਫਾਇਦੇਮੰਦ ਹੈ। ਸੋ ਉਪਰੋਕਤ ਸਾਰੇ ਤੱਥਾਂ ਦੇ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਲੈਬ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ। ਇਹ ਵਿਦਿਆਰਥੀਆਂ ਨੂੰ ਸ਼ਬਦਾਂ ਦਾ ਸਹੀ ਉਚਾਰਨ ਸਿੱਖਣ ,ਬੋਲਣ ਅਤੇ ਵਿਸ਼ਵਾਸ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸੇ ਕਾਰਨ ਹੀ ਵਿੱਦਿਅਕ ਸੰਸਥਾਵਾਂ ਵਿੱਚ ਅੰਗਰੇਜ਼ੀ ਭਾਸ਼ਾ ਲੈਬ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਵਿਦਿਆਰਥੀਆਂ ਲਈ ਲਾਹੇਵੰਦ ਹੈ।
ਵੱਲੋਂ:-
ਗੁਰਪ੍ਰੀਤ ਸਿੰਘ
ਅੰਗਰੇਜ਼ੀ ਮਾਸਟਰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ
ਸਕੂਲ, ਦਾਤੇਵਾਸ (ਮਾਨਸਾ)