ਗੈਸਟ ਫੈਕਲਟੀ ਅਧਿਆਪਕਾਂ ਦੀਆਂ ਰੋਕੀਆਂ ਗਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।
ਮਾਨਸਾ, 26 ਜੁਲਾਈ ( ਨਾਨਕ ਸਿੰਘ ਖੁਰਮੀ ) ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਅਗਵਾਈ ਹੇਠ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਪੀ ਟੀ ਏ ਫੰਡ ਵਸੂਲ ਕਰਨ ਦੇ ਖਿਲਾਫ ਰੋਸ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਪੰਜਾਬ ਦੇ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਿੱਖਿਆ ਦੇ ਨਿੱਜੀਕਰਨ ਦੇ ਮਨਸੂਬੇ ਦੀ ਪੂਰਤੀ ਲਈ ਕਾਲਜਾਂ ਦਾ ਪ੍ਰਬੰਧ ਚਲਾਉਣ ਦੇ ਨਾਂ ਹੇਠ ਸਾਰੇ ਪੰਜਾਬ ਦੇ ਕਾਲਜਾਂ ਵੱਲੋਂ ਵਿਦਿਆਰਥੀਆਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਰੁਪਏ ਪੀਟੀਏ ਫੰਡ ਵਸੂਲ ਕੀਤਾ ਜਾ ਰਿਹਾ ਹੈ,ਜਿਸ ਨਾਲ ਯੂਜੀਸੀ ਅਤੇ ਸਰਕਾਰ ਲਈ ਉੱਚ ਸਿੱਖਿਆ ਦੇ ਅਦਾਰਿਆਂ ਨੂੰ ਗ੍ਰਾਂਟਾਂ ਅਤੇ ਫੰਡ ਨਾਂ ਦੇਣ ਲਈ ਰਾਹ ਪੱਧਰਾ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੀਆਂ ਜੇਬਾਂ ਤੇ ਬੋਝ ਵਧਣ ਦੇ ਕਾਰਨ ਹਰ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ,ਗੈਸਟ ਫੈਕਲਟੀ ਅਧਿਆਪਕਾਂ ਦੀਆਂ ਰੋਕੀਆਂ ਗਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ,ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਇਆ ਜਾਵੇ ਅਤੇ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ ਅਤੇ ਸਿੱਖਿਆ ਹਰ ਇੱਕ ਲਈ ਮੁਫ਼ਤ ਅਤੇ ਲਾਜ਼ਮੀ ਕੀਤੀ ਜਾਵੇ। ਇਸ ਮੌਕੇ ਆਇਸਾ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਮਨਦੀਪ ਸਿੰਘ ਰਾਮਪੁਰ ਮੰਡੇਰ, ਜ਼ਿਲਾ ਕਮੇਟੀ ਦੇ ਆਗੂ ਅਮਨਦੀਪ ਕੌਰ ਉੱਡਤ ਭਗਤ ਰਾਮ ਨੇ ਐਲਾਨ ਕੀਤਾ ਕਿ ਜੇਕਰ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਨਾਂ ਕੀਤਾ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਆਇਸਾ ਆਗੂ ਕੁਲਦੀਪ ਸਿੰਘ ਘਰਾਂਗਣਾ,ਕਮਲਜੀਤ ਕੌਰ,ਅਰਸ਼ਦੀਪ ਸਿੰਘ ਅਤੇ ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।