ਮਾਨਸਾ, 23 ਅਕਤੂਬਰ
ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈ ਕੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਇਸ ਸੰਸਥਾ ਦੇ ਪ੍ਰੋਗਰਾਮ ਅਫ਼ਸਰ ਮੈਡਮ ਗੁਰਪ੍ਰੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਸਥਾ ਵਿੱਚ 13 ਅਕਤੂਬਰ ਤੋਂ 19 ਅਕਤੂਬਰ 2025 ਤੱਕ ਐੱਨ. ਐੱਸ. ਐੱਸ ਸੱਤ ਰੋਜ਼ਾ ਕੈਂਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ. ਐੱਸ. ਐੱਸ.ਵਿਭਾਗ ਅਧੀਨ ਲਗਾਇਆ ਗਿਆ। ਇਹ ਕੈਂਪ ਨੈਸ਼ਨਲ ਸਰਵਿਸ ਸਕੀਮ ਦੇ ਮੁੱਖ ਮੰਤਵ ‘ਮੈਂ ਨਹੀਂ ਤੂੰ’ ਨੂੰ ਸਮਰਪਿਤ ਰਿਹਾ। ਇਸ ਸੱਤ ਰੋਜ਼ਾ ਕੈਂਪ ਵਿੱਚ 50 ਵਲੰਟੀਅਰਾਂ ਨੇ ਹਿੱਸਾ ਲਿਆ। ਇਸ ਕੈਂਪ ਅਧੀਨ ਜਿੱਥੇ ਸੰਸਥਾ ਦੇ ਆਲੇ ਦੁਆਲੇ ਦੀ ਸਾਫ- ਸਫ਼ਾਈ ਕੀਤੀ ਗਈ ਉੱਥੇ ਨਾਲ ਹੀ ਪਿੰਡ ਫਫੜੇ ਭਾਈ ਕੇ ਦੀਆਂ ਸਾਂਝੀਆਂ ਥਾਵਾਂ ਦੀ ਵੀ ਸਾਫ਼ ਸਫ਼ਾਈ ਕੀਤੀ ਗਈ। ਇਸ ਕੈਂਪ ਦੌਰਾਨ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਰੈਲੀ ਦਾ ਵੀ ਪ੍ਰਬੰਧ ਕੀਤਾ ਗਿਆ। ਡਾ . ਭੁਪਿੰਦਰ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਅਤੇ ਪਿੰਡ ਫਫੜੇ ਭਾਈ ਕੇ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ, ਦਸਮੇਸ਼ ਯੂਥ ਕਲੱਬ ਅਤੇ ਭਾਈ ਬਹਿਲੋ ਯੂਥ ਕਲੱਬ ਦੇ ਮੈਂਬਰਾਂ ਨੇ ਪੂਰਨ ਸਹਿਯੋਗ ਦੇ ਕੇ ਇਸ ਕੈਂਪ ਨੂੰ ਸਫ਼ਲ ਬਣਾਇਆ। ਇਸ ਤੋਂ ਇਲਾਵਾ ਪਿੰਡ ਦੇ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਕੈਂਪ ਲਈ ਪੂਰਨ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ਅਤੇ ਲੜਕੀਆਂ) ਦੇ ਪ੍ਰਿੰਸੀਪਲ ਸ੍ਰ. ਕੁਲਦੀਪ ਸਿੰਘ ਚਹਿਲ ਅਤੇ ਮਾਸਟਰ ਗੁਰਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਕਰਨੈਲ ਸਿੰਘ ਬੈਰਾਗੀ ਨੇ ਆਪਣੇ ਵਿਸ਼ੇਸ਼ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਪ੍ਰੇਰਿਤ ਕੀਤਾ।ਇਸ ਕੈਂਪ ਦੇ ਸਮਾਪਤੀ ਮੌਕੇ ‘ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਾਈਸ ਪ੍ਰਿੰਸੀਪਲ ਡਾਕਟਰ ਰੇਖਾ ਕਾਲੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਕਟਰ ਰੇਖਾ ਕਾਲੜਾ ਨੇ ਵਿਦਿਆਰਥੀਆਂ ਨੂੰ ਜਿੱਥੇ ਇਹ ਸਪੈਸ਼ਲ ਕੈਂਪ ਲਗਾਉਣ ਮੌਕੇ ਵਧਾਈ ਦਿੱਤੀ ਉੱਥੇ ਹੀ ਵਿਦਿਆਰਥਣਾਂ ਦੀ ਵਧ ਰਹੀ ਉਮਰ ਬਾਰੇ ਅਤੇ ਸਰੀਰਕ, ਮਾਨਸਿਕ ਤਬਦੀਲੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਨਾਲ ਸਹਾਇਕ ਪ੍ਰੋਫੈਸਰ ਅਮਨਪ੍ਰੀਤ ਸਿੰਘ ਨੇ ਵੀ ਹਾਜ਼ਰੀ ਲਗਵਾਈ। ਸਮੂਹ ਸਟਾਫ਼ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਪਤੀ ਪ੍ਰੋਗਰਾਮ ਮੌਕੇ ਵਲੰਟੀਅਰਾਂ ਨੂੰ ਮੁੱਖ ਮਹਿਮਾਨ, ਕਾਲਜ ਦੇ ਮੁੱਖ ਇੰਚਾਰਜ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਵਾਤਾਵਰਨ ਸੁਰੱਖਿਆ, ਸਫ਼ਾਈ ਅਭਿਆਨ, ਬੇਟੀ ਬਚਾਓ ,ਬੇਟੀ ਪੜਾਓ ਜਾਗਰੂਕਤਾ ਰੈਲੀ, ਖੂਨ ਦਾਨ ਦੀ ਮਹੱਤਤਾ ਅਤੇ ਪੌਦੇ ਲਾਉਣ ਵਰਗੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਨੇ ਇਸ ਸਪੈਸ਼ਲ ਕੈਂਪ ਮੌਕੇ ਕਾਲਜ ਦੇ ਪ੍ਰੋਗਰਾਮ ਅਫਸਰ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ -ਨਾਲ ਅਜਿਹੇ ਸਪੈਸ਼ਲ ਕੈਂਪ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਲਾਜ਼ਮੀ ਹਨ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਰਿਹਾ।
