ਮਾਨਸਾ 24 ਅਪਰੈਲ (ਨਾਨਕ ਸਿੰਘ ਖੁਰਮੀ)
ਮਾਨਸਾ ਦੇ ਜੰਮਪਲ ਤੇ ਮੁਹਾਲੀ ਰਹਿੰਦੇ ਓਲੰਪੀਅਨ ਵਿਜੈਵੀਰ ਸਿੱਧੂ ਨੇ ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਖੇ ਚੱਲ ਰਹੇ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ਵਿੱਚ 25 ਮੀਟਰ ਰੈਪਿਸ ਫਾਇਰ ਪਿਸਟਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ। ਫ਼ਾਈਨਲ ਵਿੱਚ ਵਿਜੈਵੀਰ ਨੇ 29 ਪੁਆਇੰਟ ਹਾਸਲ ਕੀਤੇ ਜਦੋਂਕਿ ਸਿਲਵਰ ਮੈਡਲ ਜਿੱਤਣ ਵਾਲੇ ਇਟਲੀ ਦੇ ਰਿਕਾਰਡੋ ਮਜੈਤੀ ਨੇ 28 ਪੁਆਇੰਟ ਹਾਸਲ ਕੀਤੇ ਤੇ ਕਾਂਸੀ ਦਾ ਮੈਡਲ ਜੇਤੂ ਚੀਨ ਦੇ ਯੁਹਾਓ ਯਾਂਗ ਨੇ 23 ਪੁਆਇੰਟ ਲਏ।
ਵਿਸ਼ਵ ਕੱਪ ਵਿੱਚ ਭਾਰਤ ਹੁਣ ਤੱਕ ਚਾਰ ਗੋਲਡ ਮੈਡਲ ਜਿੱਤ ਚੁੱਕਿਆ ਹੈ ਜਿਨ੍ਹਾਂ ਵਿੱਚੋਂ ਦੋ ਗੋਲਡ ਮੈਡਲ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਜਿੱਤੇ ਹਨ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਜਿੱਤਿਆ ਸੀ।
22 ਵਰ੍ਹਿਆਂ ਦਾ ਵਿਜੈਵੀਰ ਸਿੱਧੂ ਪਿਛਲੇ ਸਾਲ ਪੈਰਿਸ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਸਾਲ 2023 ਵਿੱਚ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਵੀ ਮੈਡਲ ਜਿੱਤ ਚੁੱਕਾ ਹੈ। ਵਿਜੈਵੀਰ ਤੇ ਊਦੇਵੀਰ ਦੋਵੇਂ ਜੁੜਵੇਂ ਭਰਾ ਹਨ ਤੇ ਦੋਵੇਂ ਕੌਮਾਂਤਰੀ ਨਿਸ਼ਾਨੇਬਾਜ਼ ਹਨ। ਮੁਹਾਲੀ ਰਹਿਣ ਵਾਲੇ ਇਹ ਨਿਸ਼ਾਨੇਬਾਜ਼ ਭਰਾ ਮਾਨਸਾ ਦੇ ਜੰਮਪਲ ਹਨ।