ਭਗਤਾ ਭਾਈ, 17 ਨਵੰਬਰ (ਰਾਜਿੰਦਰ ਸਿੰਘ ਮਰਾਹੜ)-
ਵਾਤਾਵਰਨ ਪ੍ਰੇਮੀ ਅਤੇ ਸਫ਼ਲ ਕਿਸਾਨ ਜੀਤ ਸਿੰਘ ਗਿੱਲ ਨੇ ਆਪਣੇ 68ਵੇਂ ਜਨਮ ਦਿਨ ਮੌਕੇ ਕੇਕ ਕੱਟਣ ਅਤੇ ਫਜ਼ੂਲ ਦਾ ਖਰਚਾ ਕਰਨ ਦੀ ਥਾਂ ਸੱਤਪੱਤੀ ਅਤੇ ਮੌਲਸਰੀ ਦੇ 10 ਬੂਟੇ ਆਪਣੇ ਪਿੰਡ ਡੋਡ ਦੇ ਸ਼ਮਸ਼ਾਨ-ਘਾਟ ਵਿੱਚ ਲਗਾਏ। ਇਸ ਤੋਂ ਇਲਾਵਾ ਪਹਿਲਾਂ ਲੱਗੇ ਬੂਟਿਆਂ ਦੀ ਕਾਂਟ ਛਾਂਟ ਅਤੇ ਸ਼ਮਸ਼ਾਨ-ਘਾਟ ਦੀ ਸਫਾਈ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਖੁਸ਼ੀ ਦੇ ਮੌਕੇ ਫਜ਼ੂਲ ਦੀਆਂ ਰਸਮਾਂ ਤੇ ਬੇਲੋੜਾ ਖ਼ਰਚਾ ਕਰਨ ਦੀ ਬਜਾਇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਜੋ ਕਿ ਸਮੇਂ ਦੀ ਬੜੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਹੈ। ਅੱਜ ਦੇ ਇਨਸਾਨ ਨੇ ਆਪਣੀ ਨਿੱਜੀ ਹਿੱਤਾਂ ਲਈ ਇੱਥੋਂ ਦੀ ਧਰਤੀ, ਪਾਣੀ ਅਤੇ ਹਵਾ ਨੂੰ ਲਗਾਤਾਰ ਗੰਧਲਾ ਕੀਤਾ ਹੈ। ਜਿਸ ਕਾਰਨ ਪੰਜਾਬ ਦੇ ਲੋਕ ਜਿੱਥੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਉਨ੍ਹਾਂ ਦੀ ਔਸਤਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਅੱਜ ਲੋੜ ਹੈ ਕਿ ਅਸੀਂ ਪੰਜਾਬ ਦੀ ਧਰਤੀ ਨੂੰ ਸਵਰਗ ਬਣਾਉਣ ਵਾਸਤੇ ਪਹਿਲ ਕਰੀਏ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕ ਅੱਗੇ ਆ ਕੇ ਅਹਿਮ ਭੂਮਿਕਾ ਨਿਭਾਉਣ ਅਤੇ ਪੰਜਾਬ ਦੇ ਵਾਤਵਰਨ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ। ਇਸ ਮੌਕੇ ਦਰਸ਼ਨ ਸਿੰਘ ਗਿੱਲ, ਮਨਿੰਦਰ ਸਿੰਘ ਗਿੱਲ, ਜਸਪਾਲ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ ਅਤੇ ਬੌਂਦਨ ਰਿਸ਼ੀਦੇਵ ਹਾਜ਼ਰ ਸਨ।
ਕੈਪਸ਼ਨ: ਜੀਤ ਸਿੰਘ ਗਿੱਲ ਪੌਦੇ ਲਗਾਉਣ ਸਮੇਂ।