-ਇੱਕ ਸਾਫ ਸੁਥਰਾ ਵਾਤਾਵਰਨ ਧਰਤੀ ਦੇ ਉੱਪਰ ਰਹਿਣ ਵਾਲੇ ਹਰੇਕ ਜੀਵ ਲਈ ਖਾਸ ਤੌਰ ਤੇ ਇਨਸਾਨਾਂ, ਜਾਨਵਰਾਂ ਅਤੇ ਪੰਛੀਆਂ ਆਦਿ ਲਈ ਅਤਿਅੰਤ ਜਰੂਰੀ ਹੈ। ਵਾਤਾਵਰਨ ਦੀ ਮਹੱਤਤਾ ਨੂੰ ਲੋਕਾਂ ਦੀ ਸਮਝ ਦਾ ਹਿੱਸਾ ਬਣਾਉਣ ਦੇ ਲਈ ਹਰੇਕ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ । ਸੰਯੁਕਤ ਰਾਸ਼ਟਰ ਵੱਲੋਂ ਪਹਿਲੀ ਵਾਰ 1972 ਵਿੱਚ ਸਟਾਕਹੋਮ ਵਿੱਚ ਵਿਸ਼ਵ ਪੱਧਰੀ ਮੀਟਿੰਗ ਕਰਕੇ ਵਾਤਾਵਰਣ ਦਿਵਸ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 1973 ਵਿੱਚ ਇਕ ਸਾਲ ਬਾਅਦ ਪਹਿਲੀ ਵਾਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ । ਇਸ ਨੂੰ ਵੱਖ -2 ਨਾਂਵਾਂ ਜਿਵੇਂ ਅੰਤਰਰਾਸ਼ਟਰੀ ਵਾਤਾਵਰਨ ਦਿਵਸ , ਈਕੋ ਦਿਵਸ ਜਾਂ ਫਿਰ ਕਹਿ ਲਈਏ ਵਾਤਾਵਰਨ ਦਿਵਸ ਵਜੋਂ ਜਾਣਿਆ ਜਾਂਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਸ਼ਟਰ ਵੱਲੋਂ ਹਰੇਕ ਸਾਲ ਇਕ ਵਿਸ਼ੇਸ਼ ਥੀਮ ਦਿੱਤਾ ਜਾਂਦਾ ਹੈ ਦੁਨੀਆ ਦੇ ਵੱਖ – 2 ਦੇਸ਼ਾਂ ਵਿੱਚ ਇਹ ਦਿਨ ਨਵੇਂ ਪੌਦੇ ਲਗਾ ਕੇ, ਪੌਦਿਆਂ ਦੀ ਦੇਖਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਵਾਤਾਵਰਨ ਉਪਰ ਜਿਆਦਾ ਜਨਸੰਖਿਆ ਹੋਣ ਕਰਕੇ ਵਧ ਰਹੇ ਪ੍ਰਦੂਸ਼ਣ ਪ੍ਰਤੀ ਵੀ ਜਾਗਰੂਕ ਕਰਨਾ ਇਸ ਤਹਿਤ ਹੀ ਆਉਂਦਾ ਹੈ।
ਜਿੱਥੇ ਦੁਨੀਆ ਦਾ ਹਰੇਕ ਦੇਸ਼ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਪੂਰੇ ਵਿਸ਼ਵ ਵਿੱਚ ਗਲੋਬਲ ਵਾਰਮਿੰਗ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਦੁਨੀਆ ਭਰ ਵਿੱਚ ਰੁੱਖਾਂ ਦੀ ਘਟ ਰਹੀ ਗਿਣਤੀ ਅਤੇ ਵੱਧ ਰਿਹਾ ਪ੍ਰਦੂਸ਼ਣ ਹੈ।
ਗੱਲ ਕਰੀਏ ਆਪਣੇ ਦੇਸ਼ ਭਾਰਤ ਦੀ ਇੱਥੇ ਵੀ ਅੰਕੜੇ ਦੱਸਦੇ ਹਨ ਕਿ ਘੱਟੋ ਘੱਟ 33% ਰੁੱਖ ਹੋਣੇ ਚਾਹੀਦੇ ਹਨ ਜਦਕਿ 20-22% ਦੇ ਕਰੀਬ ਹੀ ਰੁੱਖ ਪਾਏ ਜਾਂਦੇ ਹਨ। ਅੱਜ ਇਸ ਮੁਹਿੰਮ ਨੂੰ ਚੱਲਦੇ 52 ਸਾਲ ਹੋ ਚੁੱਕੇ ਹਨ ਤੇ ਦੂਸਰੇ ਪਾਸੇ ਗਲੋਬਲ ਵਾਰਮਿੰਗ (ਗਰਮੀ ਦਾ ਵਧਣਾ) ਦੀ ਸਮੱਸਿਆ ਦਿਨੋਂ- ਦਿਨ ਬਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਨੇ ਸਾਲਾਂ ਤੋਂ ਮਨਾਇਆ ਜਾ ਰਿਹਾ ਵਾਤਾਵਰਨ ਦਿਵਸ ਦਿਲੋਂ ਨਾ ਮੰਨਾ ਕੇ ਸਿਰਫ਼ ਦਿਖਾਵਾ ਕਰਨਾ ਹੀ ਕਿਹਾ ਜਾ ਸਕਦਾ ਹੈ।
ਹਰੇਕ ਸਾਲ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਵਾਤਾਵਰਨ ਦਿਵਸ ਤੇ ਮੌਕੇ ਤੇ 5 ਜੂਨ ਨੂੰ ਵੱਖ ਵੱਖ ਤਰ੍ਹਾਂ ਦੇ ਸਮਾਗਮ ਕਰਕੇ, ਨਵੇਂ ਪੌਦੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਬਰਸਾਤਾਂ ਦਾ ਮੌਸਮ ਆਉਣ ਤੇ ਵਰਲਡ ਰਿਕਾਰਡ ਬਣਾ ਕੇ ਨਵੇਂ ਪੌਦੇ ਲਗਾਏ ਜਾਂਦੇ ਹਨ ਪਰ ਦੇਖਣ ਵਿੱਚ ਆਇਆ ਹੈ ਕਿ ਪਹਿਲੇ ਸਾਲ ਲਗਾਏ ਗਏ ਜਿਆਦਾਤਰ ਛੋਟੇ ਪੌਦੇ ਅਗਲੇ ਸਾਲ ਨੂੰ ਆਪਣੀ ਜਗ੍ਹਾ ਤੇ ਤੁਹਾਨੂੰ ਨਹੀਂ ਮਿਲਦੇ। ਇਸ ਤੇ ਇਹ ਹੀ ਕਿਹਾ ਜਾ ਸਕਦਾ ਹੈ ਕਿ “ਵਾਤਾਵਰਣ ਦਿਵਸ” ਮਨਾਉਣਾ ਇੱਕ ਰਸਮ ਬਣ ਕੇ ਰਹਿ ਗਿਆ ਹੈ। ਮੌਜੂਦਾ ਸਮੇਂ ਵਿੱਚ ਫੋਟੋਆਂ ਖਿਚਾਉਣਾ, ਵੀਡੀਓ ਬਣਾਉਣਾ, ਰੀਲਾਂ ਬਣਾਉਣਾ ,ਅਖਬਾਰਾਂ ਵਿੱਚ ਵਧੀਆ-2 ਬਿਆਨ ਲਗਵਾਉਣਾ ਹੀ “ਵਾਤਾਵਰਨ ਦਿਵਸ” ਬਣ ਗਿਆ ਹੈ।
ਆਪਾਂ ਗੱਲ ਆਪਣੇ ਦੇਸ਼ ਦੀ ਕਰਦੇ ਹਾਂ ਇੱਥੇ ਤਾਂ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਹੋਰ ਵੀ ਜਰੂਰੀ ਹੋ ਗਿਆ ਹੈ ਕਿਉਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਭਾਰਤ ਦਾ ਤਾਪਮਾਨ ਬੜੀ ਹੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਅਤੇ ਜਿਸ ਕਰਕੇ ਗਰਮੀ ਦਾ ਸੀਜ਼ਨ ਵੀ ਲੰਬਾ ਹੁੰਦਾ ਜਾ ਰਿਹਾ ਹੈ। ਇਸਦਾ ਅਸਰ ਕੁਦਰਤੀ ਤੌਰ ਤੇ ਹਰੇਕ ਜੀਵ ,ਫਸਲਾਂ ਆਦਿ ਉਪਰ ਪੈਣਾ ਸੁਭਾਵਿਕ ਹੈ ਅਤੇ ਇਸ ਦੇ ਮਾੜੇ ਨਤੀਜੇ ਹਰੇਕ ਨੂੰ ਭੁਗਤਨੇ ਪੈਣਗੇ ਤੇ ਪੈ ਵੀ ਰਹੇ ਹਨ। ਆਉਣ ਵਾਲਾ ਸਮਾਂ ਤਾਂ ਹੋਰ ਵੀ ਮਾੜਾ ਹੋਣ ਵਾਲਾ ਹੈ ਸੋ ਸਾਰੇ ਹੀ ਦੇਸ਼ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਹਰੇਕ ਅਮੀਰ ਗਰੀਬ, ਵੱਡੇ ਛੋਟੇ , ਕਿਸੇ ਵੀ ਜਾਤ ਧਰਮ ਨਾਲ ਸੰਬੰਧਿਤ ਇਨਸਾਨ ਨੂੰ ਵਾਤਾਵਰਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਜਿਵੇਂ ਸਿਰਫ ਵਾਤਾਵਰਨ ਦਿਵਸ ਦੇ ਮੌਕੇ ਤੇ ਹੀ ਬੂਟੇ ਨਾ ਲਗਾਏ ਜਾਣ ਆਪਣੇ ਖੁਸ਼ੀ- ਗਮੀ ਦੇ ਮੌਕਿਆਂ ਨੂੰ ਰੁੱਖਾਂ ਨਾਲ ਜੋੜਿਆ ਜਾਵੇ , ਲਗਾਏ ਹੋਏ ਰੁੱਖਾਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਪਾਲ ਕੇ ਵੱਡਾ ਕੀਤਾ ਜਾਵੇ, ਹਰੇਕ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਨੂੰ ਵੱਡੇ ਰੁੱਖ ਬਣਾਇਆ ਜਾਵੇ ,ਲਗਾਏ ਗਏ ਰੁੱਖਾਂ ਦੀ ਸੰਭਾਲ ਦਿਲੋਂ ਕੀਤੀ ਜਾਵੇ, ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰਦੇ ਸਾਰੇ ਹੀ ਮੁਲਾਜ਼ਮਾਂ ਨੂੰ, ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲਗਾਤਾਰ ਇਸ ਮੁਹਿੰਮ ਨਾਲ ਜੋੜਿਆ ਜਾਵੇ ਤੇ ਉਹਨਾਂ ਦੀ ਸਪੈਸ਼ਲ ਹੌਸਲਾ ਅਫ਼ਜ਼ਾਈ ਕੀਤੀ ਜਾਵੇ, ਵੱਖ ਵੱਖ ਖਾਲੀ ਪਈਆਂ ਸਾਂਝੀਆਂ ਥਾਵਾਂ ਉੱਪਰ ਨਵੇਂ ਪੌਦੇ ਲਗਾ ਕੇ ਸੰਭਾਲ ਲਈ ਘੱਟੋ ਘੱਟ ਦੋ ਸਾਲਾਂ ਲਈ ਪੱਕੇ ਰਖਵਾਲੇ ਲਾਏ ਜਾਣ ਅਤੇ ਇਸ ਕੰਮ ਲਈ ਜ਼ਿੰਮੇਵਾਰੀ ਪੰਚਾਇਤ , ਮਿਉਂਸੀਪਲ ਕਮੇਟੀ , ਨਗਰ ਨਿਗਮ ਆਦਿ ਦੀ ਪੱਕੀ ਕੀਤੀ ਜਾਵੇ।
ਖੇਤਾਂ ਦੇ ਦੁਆਲੇ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਰੁੱਖ ਜਲਾਉਣ ਵਾਲਿਓ ਨੂੰ ਪਹਿਲਾ ਪਿਆਰ ਨਾਲ ਸਮਝਾਇਆ ਜਾਵੇ ਅਤੇ ਜੇ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਉਹਨਾਂ ਉੱਪਰ ਮਸਾਲੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੁਝਾਅ ਹੋ ਸਕਦੇ ਹਨ। ਇਹਨਾਂ ਸਾਰਿਆਂ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਫਿਰ ਹੀ ਸਹੀ ਅਰਥਾਂ ਵਿੱਚ “ਵਾਤਾਵਰਨ ਦਿਵਸ” ਮਨਾਉਣ ਦਾ ਮਕਸਦ ਪੂਰਾ ਹੋਵੇਗਾ । ਜੇ ਹਾਲੇ ਵੀ ਇਸ ਗੱਲ ਨੂੰ ਨਾ ਸਮਝਿਆ ਗਿਆ ਤਾਂ ਇਸ ਦੇ ਜੋ ਭਿਆਨਕ ਨਤੀਜ਼ੇ ਹੋਣਗੇ ਉਹ ਸਾਰਿਆਂ ਦੇ ਸਾਹਮਣੇ ਬਹੁਤ ਹੀ ਤੇਜ਼ੀ ਨਾਲ ਆ ਰਹੇ ਹਨ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ।
ਸੋ ਆਓ ਜਿਉਂਦੀਆਂ ਜਮੀਰਾਂ ਵਾਲਿਓ ਵਾਤਾਵਰਨ ਦਿਵਸ ਨੂੰ ਦਿਲੋਂ ਮਨਾਈਏ ਇੱਕ ਪੌਦੇ ਨੂੰ ਆਪਣੇ ਬੱਚਿਆਂ ਵਾਂਗ ਪਾਲੀਏ ਅਤੇ ਰੁੱਖ ਬਣਾਕੇ ਆਪਣੀ ਅਤੇ ਦੂਜਿਆਂ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।
ਮਾਸਟਰ ਮਹਿੰਦਰ ਪ੍ਰਤਾਪ
ਪੀ.ਐਮ.ਸ੍ਰੀ ਸ ਹ ਸ ਈਨਾ ਬਾਜਵਾ (ਸੰਗਰੂਰ)
98149 22770