–ਬਰਨਾਲਾ ਤੋਂ ਪਹਿਲੀ ਵਾਰ ਓਲੰਪਿਕਸ ‘ਚ ਭਾਗ ਲੈ ਰਹੇ ਅਕਸ਼ਦੀਪ ਨੂੰ ਮੀਤ ਹੇਅਰ ਨੇ ਦਿੱਤੀਆਂ ਸ਼ੁਭਕਾਮਨਾਵਾਂ
–ਚੀਮਾ-ਜੋਧਪੁਰ ਅਤੇ ਬਡਬਰ ਵਿਖੇ ਫਲਾਈਓਵਰ ਦੀ ਉਸਾਰੀ ਅਤੇ ਬਰਨਾਲਾ ਸ਼ਹਿਰ ਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਨਾਲ ਲੋਕਾਂ ਨੂੰ ਟ੍ਰੈਫਿਕ ਸਮਸਿਆ ਤੋਂ ਮਿਲੇਗੀ ਰਾਹਤ, ਮੀਤ ਹੇਅਰ
28 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਹਰਿਆਲੀ ਵਧਾਉਣ ਲਈ 3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ 5 ਲੱਖ ਬੂਟੇ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਲੱਗਣਗੇ।
ਇਸ ਗੱਲ ਦਾ ਪ੍ਰਗਟਾਵਾ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੰਦਰਲੋਕ ਕਾਲੋਨੀ ਵਿਖੇ ਪੌਦੇ ਲਗਾਉਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਹਰਿਆ ਭਰਿਆ ਬਣਾਉਂਣ ਲਈ ਵੱਡੇ ਪੱਧਰ ਉੱਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਦਾ ਕੰਮ ਵੀ ਨਾਲ ਕੀਤਾ ਜਾਵੇ ਤਾਂ ਜੋ ਲਗਾਏ ਗਏ ਪੌਦੇ ਸਮੇਂ ਅਨੁਸਾਰ ਦਰੱਖਤ ਬਣ ਸਕਣ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੋਲ ਉਠਾਏ ਹਨ। ਇਨ੍ਹਾਂ ਚ ਚੀਮਾ-ਜੋਧਪੁਰ ਅਤੇ ਬਡਬਰ ਵਿਖੇ ਫਲਾਈਓਵਰ ਦੀ ਉਸਾਰੀ ਅਤੇ ਬਰਨਾਲਾ ਸ਼ਹਿਰ ਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਸ਼ਾਮਿਲ ਹੈ।
ਉਨ੍ਹਾਂ ਬਰਨਾਲਾ-ਮੋਗਾ ਕੌਮੀ ਮਾਰਗ 703 ਉਤੇ ਚੀਮਾ-ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਦੋ ਪਿੰਡ ਚੀਮਾ ਤੇ ਜੋਧਪੁਰ ਪੈਂਦੇ ਹੋਣ ਕਾਰਨ ਇਨ੍ਹਾਂ ਪਿੰਡਾਂ ਦੀ ਵਸੋਂ ਨੂੰ ਬੱਸ ਅੱਡੇ ਕੋਲ ਕਰਾਸ ਕਰਨ ਦੀ ਦਿੱਕਤ ਆਉਂਦੀ ਹੈ ਅਤੇ ਫਲਾਈਓਵਰ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਰਹਿੰਦਾ ਹੈ। ਇਸੇ ਤਰ੍ਹਾਂ ਬਰਨਾਲਾ-ਸੰਗਰੂਰ ਕੌਮੀ ਮਾਰਗ 64 ਉੱਪਰ ਬਡਬਰ ਪਿੰਡ ਵਿਖੇ ਫਲਾਈਓਵਰ ਦੀ ਬਹੁਤ ਲੋੜ ਹੈ।ਇਸ ਥਾਂ ਤੋਂ ਲੌਂਗੋਵਾਲ-ਸੁਨਾਮ ਵੱਲ ਵੱਖਰੀ ਰੋਡ ਨਿਕਲਦੀ ਹੈ ਜਿਸ ਕਾਰਨ ਉੱਥੇ ਜਾਮ ਲੱਗੇ ਰਹਿੰਦੇ ਹਨ ਅਤੇ ਫਲਾਈਓਵਰ ਬਣਾਉਣ ਦੀ ਤੁਰੰਤ ਲੋੜ ਹੈ।
ਮੀਤ ਹੇਅਰ ਨੇ ਤੀਜਾ ਮਾਮਲਾ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਵੀ ਮੰਗ ਰੱਖੀ। ਪਹਿਲੀ ਸੜਕ ਸਾਢੇ ਸੱਤ ਕਿਲੋਮੀਟਰ ਹੈ ਜੋ ਜੇਲ੍ਹ ਤੋਂ ਬਰਨਾਲਾ ਸ਼ਹਿਰ ਵਿੱਚ ਕਚਹਿਰੀ, ਆਈ ਟੀ ਆਈ ਚੌਕ ਵਿੱਚੋਂ ਗੁਜ਼ਰਦੀ ਹੰਢਿਆਇਆ ਚੌਕ ਤੱਕ ਜਾਂਦੀ ਹੈ ਅਤੇ ਦੂਜੀ ਸੜਕ ਆਈ ਟੀ ਆਈ ਚੌਕ ਤੋਂ ਹੰਢਿਆਇਆ ਤੱਕ ਸਾਢੇ ਤਿੰਨ ਕਿਲੋਮੀਟਰ ਹੈ। ਇਹ ਕੁੱਲ 10 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਸੁਖਾਲੀ ਹੋ ਸਕੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ. ਮੀਤ ਹੇਅਰ ਵੱਲੋਂ ਚੁੱਕੇ ਗਏ ਤਿੰਨੇ ਮਾਮਲਿਆਂ ਉਤੇ ਸਕਰਾਤਮਕ ਰਵੱਈਆ ਰੱਖਦੇ ਹੋਏ ਇਨ੍ਹਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ।
ਉਨ੍ਹਾਂ ਬਰਨਾਲਾ ਦੇ ਪਿੰਡ ਕਾਹਨੇਕੇ ਦੇ ਪੈਦਲ ਚਾਲਕ ਅਕਸ਼ਦੀਪ ਨੂੰ ਓਲੰਪਿਕਸ ਮੈਡਲ ਜਿੱਤਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਥਲੀਟ ਅਕਸ਼ਦੀਪ ਸਿੰਘ ਦੇ ਓਲੰਪਿਕ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਸ਼ ਲਈ ਸੋਨ ਤਗਮਾ ਜਿੱਤਕੇ ਵਾਪਸ ਆਉਣਗੇ ਅਤੇ ਪਿੰਡ ਕਾਹਨੇਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਓਲੰਪਿਕ ਵਿੱਚ ਪਹੁੰਚਣ ਵਾਲੇ ਅਕਸ਼ਦੀਪ ਨੇ ਜ਼ਿਲ੍ਹਾ ਬਰਨਾਲਾ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ।
ਇਸ ਮੌਕੇ ਸ਼੍ਰੀ ਰਾਮ ਤੀਰਥ ਮੰਨ ਚੇਅਰਮੈਨ ਨਗਰ ਸੁਧਾਰ ਟਰੱਸਟ, ਹਰਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਜੰਡੂ, ਦੀਪਕ ਸੋਨੀ, ਪਰਮਜੀਤ ਸਿੰਘ, ਭੋਲਾ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।