–ਚੋਣ ਜਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ
–ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਸਾਰੇ ਵਿਭਾਗਾਂ ਨਾਲ ਅਹਿਮ ਬੈਠਕ
–ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਨਾਗਰਿਕ ਸੀ – ਵਿਜਿਲ ਐਪ ਉੱਤੇ ਕਰ ਸਕਦੇ ਹਨ ਸ਼ਿਕਾਇਤ
15 ਮਾਰਚ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਲੋਕ ਸਭਾ ਚੋਣਾਂ 2024 ਸਬੰਧੀ ਸਾਰੇ ਵਿਭਾਗਾਂ ਨਾਲ ਅਹਿਮ ਬੈਠਕ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਗਾਉਣ ਤੋਂ ਬਾਅਦ ਹਰ ਇਕ ਅਧਿਕਾਰੀ ਅਤੇ ਕਰਮਚਾਰੀ ਆਪਣੀ ਚੋਣ ਸਬੰਧੀ ਡਿਊਟੀ ਧਿਆਨ ਨਾਲ ਕਰਨ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜੇ ਕਰ ਕੋਈ ਵੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਇਸ ਸਬੰਧੀ ਬਣਦੀ ਯੋਗ ਕਾਰਵਾਈ ਸਮੇਂ ਸਿਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੀਡੀਓ ਵਿਊਇੰਗ ਟੀਮ, ਸਟੈਟਿਕ ਸਰਵੇਲੈਂਸ ਟੀਮ, ਖ਼ਰਚਾ ਨਿਗਰਾਨੀ ਟੀਮ ਆਦਿ ਆਪਣਾ ਕੰਮ ਤਨਦੇਹੀ ਨਾਲ ਨਿਭਾਉਣ। ਨਾਲ ਹੀ ਉਹਨਾਂ ਵੱਲੋਂ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਰੈਲੀ ਸਬੰਧੀ ਪ੍ਰਵਾਨਗੀ, ਗੱਡੀਆਂ ਆਦਿ ਸਬੰਧੀ ਪ੍ਰਵਾਨਗੀ ਦੇਣ ਸਮੇਂ ਸਾਰੇ ਸਿਆਸੀ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਸਮਾਨ ਦਰਜਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਆਮ ਨਾਗਰਿਕ ਚੋਣ ਜਾਬਤੇ ਸਬੰਧੀ ਉਲੰਘਣਾਂ ਬਾਰੇ ਸ਼ਿਕਾਇਤਾਂ ਭਾਰਤੀ ਚੋਣ ਕਮਿਸ਼ਨ ਦੇ ਸੀ ਵਿਜਿਲ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ਉੱਤੇ ਕੀਤੀ ਗਈ ਸ਼ਿਕਾਇਤ ਦਾ ਨਿਵਾਰਨ 100 ਮਿੰਟਾਂ ‘ਚ ਕਰਨਾ ਜ਼ਰੂਰੀ ਹੈ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨੁਪ੍ਰਿਤਾ ਜੌਹਲ, ਸਹਾਇਕ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਬਰਨਾਲਾ ਵਰਿੰਦਰ ਸਿੰਘ ਅਤੇ ਵੱਖ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।