5 ਮਈ (ਗਗਨਦੀਪ ਸਿੰਘ) ਬਰਨਾਲਾ: ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਵਜੋਂ ਹਲਕਾ ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਲਈ ਨਿਯੁਕਤ ਚੋਣ ਅਮਲੇ ਦੀ ਪਹਿਲੀ ਰਿਹਰਸਲ
ਯੂਨੀਵਰਸਿਟੀ ਕਾਲਜ ਢਿਲਵਾਂ, ਸੈਕਰਡ ਹਾਰਟ ਸਕੂਲ ਰਾਏਕੋਟ ਰੋਡ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਅਮਲੇ ਦੀ ਰਿਹਰਸਲ ਸਵੇਰੇ 9.00 ਵਜੇ ਅਤੇ ਬਾਅਦ ਦੁਪਹਿਰ 1.00 ਵਜੇ ਦੋ ਗਰੁੱਪਾਂ ਵਿੱਚ ਕਰਵਾਈ ਗਈ। ਰਿਹਰਸਲ ਕਰਵਾਉਣ ਲਈ ਨਿਯੁਕਤ ਮਾਸਟਰ ਟਰੇਨਰਾਂ, ਸੈਕਟਰ ਅਫ਼ਸਰਾਂ ਅਤੇ ਸਹਾਇਕ ਸੈਕਟਰ ਅਫ਼ਸਰਾਂ ਵੱਲੋਂ ਚੋਣ ਪ੍ਰਜਾਈਡਿੰਗ ਅਫ਼ਸਰਾਂ, ਸਹਾਇਕ ਪ੍ਰਜਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟ ਪ੍ਰਕ੍ਰਿਆ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਵੋਟਿੰਗ ਮਸ਼ੀਨਾਂ ਅਤੇ ਹੋਰ ਭਰੇ ਜਾਣ ਵਾਲੇ ਫਾਰਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਰਿਹਰਸਲ ਪ੍ਰਜਾਈਡਿੰਗ ਅਫ਼ਸਰਾਂ, ਸਹਾਇਕ ਪ੍ਰਜਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪੋਲਿੰਗ ਪਾਰਟੀ ਵਜੋਂ ਸਾਂਝੇ ਤੌਰ ‘ਤੇ ਡਿਊਟੀ ਨਿਭਾਉਣ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਮਿਲੀ ਆਪੋ ਆਪਣੀ ਜਿੰਮੇਵਾਰੀ ਨੂੰ ਸਮਰਪਨ ਭਾਵਨਾ ਨਾਲ ਨੇਪਰੇ ਚਾੜ੍ਹਨਾ ਸਾਡਾ ਸਭ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕ੍ਰਿਆ ਦੇ ਅਮਲ ਦਾ ਹਿੱਸਾ ਬਣਨਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ ਅਤੇ ਸਾਨੂੰ ਸਭ ਨੂੰ ਇਹ ਫਰਜ਼ ਖੁਸ਼ੀ ਖੁਸ਼ੀ ਨਿਭਾਉਣਾ ਚਾਹੀਦਾ ਹੈ।
ਭਦੌੜ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਡਾ. ਪੂਨਮਪ੍ਰੀਤ ਕੌਰ, ਬਰਨਾਲਾ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਵਰਿੰਦਰ ਸਿੰਘ ਅਤੇ ਮਹਿਲ ਕਲਾਂ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਸਤਵੰਤ ਸਿੰਘ ਨੇ ਚੋਣ ਅਮਲੇ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਇਸ ਦੌਰਾਨ ਚੋਣ ਪ੍ਰਕ੍ਰਿਆ ‘ਚ ਲੱਗੇ ਚੋਣ ਅਮਲੇ ਦੀ ਵੋਟ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਨਾਲ ਹੀ ਉਪਲੱਬਧ ਕਰਵਾਏ ਫਾਰਮ ਵੀ ਇਕੱਤਰ ਕੀਤੇ ਗਏ।