–3304 ਵੱਖ-ਵੱਖ ਅਯੋਗਤਾਵਾਂ ਵਾਲੇ ਪੀ.ਡਬਲਿਊ.ਡੀ ਵੋਟਰ 1 ਜੂਨ ਨੂੰ ਆਪਣੀ ਵੋਟ ਪਾਉਣਗੇ
08 ਮਈ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਸਾਰੇ 271 ਪੋਲਿੰਗ ਸਟੇਸ਼ਨ ਲੋਕੇਸ਼ਨਾਂ ‘ਤੇ ਦਿਵਿਆਂਗ (ਪੀ.ਡਬਲਿਊ.ਡੀ.) ਵੋਟਰਾਂ ਨੂੰ ਵ੍ਹੀਲ ਚੇਅਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ 1 ਜੂਨ ਨੂੰ ਹੋਣ ਵਾਲੇ ਮਤਦਾਨ ਦੇ ਪ੍ਰਬੰਧਾਂ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਸਾਰੇ 271 ਪੋਲਿੰਗ ਸਟੇਸ਼ਨ ਲੋਕੇਸ਼ਨਾਂ ‘ਤੇ ਇੱਕ-ਇੱਕ ਵ੍ਹੀਲ ਚੇਅਰ ਹੋਵੇਗੀ ਤਾਂ ਜੋ ਦਿਵਿਆਂਗ ਲੋਕ ਪੋਲਿੰਗ ਸਥਾਨਾਂ ਤੱਕ ਪਹੁੰਚ ਕਰ ਸਕਣ। 271 ਸਥਾਨਾਂ ਵਿੱਚ 192 ਪੇਂਡੂ ਸਥਾਨ ਅਤੇ 79 ਸ਼ਹਿਰੀ ਸਥਾਨ ਸ਼ਾਮਿਲ ਹਨ।
ਉਨ੍ਹਾਂ ਹਦਾਇਤ ਕੀਤੀ ਕਿ ਵਰਤੀਆਂ ਜਾਣ ਵਾਲੀਆਂ ਵ੍ਹੀਲ ਚੇਅਰਾਂ ਸਹੀ ਢੰਗ ਨਾਲ ਹੋਣ ਤਾਂ ਜੋ ਦਿਵਿਆਂਗ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹੇ ਵਿੱਚ ਕੁੱਲ 3304 ਪੀ.ਡਬਲਿਊ.ਡੀ ਵੋਟਰ ਹਨ ਜਿਨ੍ਹਾਂ ਵਿੱਚੋਂ 433 ਵੋਟਰ ਨੇਤਰਹੀਣ, 1893 ਵੋਟਰ ਲੋਕੋਮੋਟਰ ਦਿਵਿਆਂਗ, 330 ਵੋਟਰ ਬੋਲ/ਸੁਣਨ ਤੋਂ ਅਸਮਰੱਥ ਅਤੇ 873 ਵੋਟਰ ਹੋਰ ਕਿਸਮ ਦੇ ਦਿਵਿਆਂਗ ਹਨ। ਇਨ੍ਹਾਂ ਵਿੱਚ 2251 ਪੁਰਸ਼ ਅਤੇ 1053 ਮਹਿਲਾ ਵੋਟਰ ਸ਼ਾਮਿਲ ਹਨ। ਉਨ੍ਹਾਂ ਅੱਗੇ ਕਿਹਾ ਕਿ ਪੀ.ਡਬਲਿਊ.ਡੀ ਵੋਟਰਾਂ ਦੀ ਸਹਾਇਤਾ ਲਈ ਸਕੂਲਾਂ ਅਤੇ ਕਾਲਜਾਂ ਦੇ ਵਲੰਟੀਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਤੇਜ਼ ਗਰਮੀ ਨਾਲ ਨਜਿੱਠਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਮੈਡੀਕਲ ਕਿੱਟਾਂ ‘ਚ ਓ.ਆਰ.ਐਸ. ਦੇ ਪੈਕਟ ਮੁਹੱਈਆ ਕਰਵਾਏ ਜਾਣ, ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ, ਆਰਾਮ ਕਰਨ ਲਈ ਢੁਕਵੇਂ ਕਮਰੇ ਅਤੇ ਵੇਟਿੰਗ ਰੂਮ ਆਦਿ ਮੁਹੱਈਆ ਕਰਵਾਏ ਜਾਣ |
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ, ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ.) ਮਹਿਲ ਕਲਾਂ ਸਤਵੰਤ ਸਿੰਘ, ਏ.ਆਰ.ਓ ਭਦੌੜ ਡਾ. ਪੂਨਮਪ੍ਰੀਤ ਕੌਰ, ਏ.ਆਰ.ਓ ਬਰਨਾਲਾ ਵਰਿੰਦਰ ਸਿੰਘ, ਡੀ.ਡੀ.ਪੀ.ਓ ਨੀਰੂ ਗਰਗ, ਡੀ.ਐੱਸ.ਓ ਡਾ.ਤੇਵਾਸਪ੍ਰੀਤ ਕੌਰ, ਡਿਪਟੀ ਡੀ.ਈ.ਓ ਵਸੁੰਧਰਾ ਕਪਿਲਾ, ਡਿਪਟੀ ਡੀ.ਈ.ਓ ਡਾ: ਬਰਜਿੰਦਰ ਸਿੰਘ, ਚੋਣ ਤਹਿਸੀਲਦਾਰ ਰਾਮਜੀ ਲਾਲ ਤੇ ਹੋਰ ਹਾਜ਼ਰ ਸਨ।