*ਐਸ.ਡੀ.ਐਮ. ਵੱਲੋਂ ਬੱਸਾਂ ’ਤੇ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਸਟੀਕਰ ਲਗਾ ਕੇ ਕੀਤੀ ਨਿਵੇਕਲੀ ਸ਼ੁਰੂਆਤ
21 ਮਾਰਚ (ਕਰਨ ਭੀਖੀ) ਮਾਨਸਾ: ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ ਹੈ ਤਾਂ ਜੋ ਚੋਣ ਕਮਿਸ਼ਨ ਵੱਲੋਂ ਨਿਰਧਾਰਤ ‘ਇਸ ਵਾਰ 70 ਪਾਰ’ ਦੇ ਵੋਟਿੰਗ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਬੁਢਲਾਡਾ ਸ਼੍ਰੀ ਗਗਨਦੀਪ ਸਿੰਘ ਨੇ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਵੀਪ ਦਾ ਸਟੀਕਰ ਜਾਰੀ ਕਰਨ ਮੌਕੇ ਕੀਤਾ।
ਉਨ੍ਹਾਂ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ’ਤੇ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਸਟੀਕਰ ਲਗਾ ਕੇ ਨਿਵੇਕਲੀ ਸ਼ੁਰੂਆਤ ਕੀਤੀ ਤਾਂ ਜੋ ਹਰੇਕ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਜਾਗਰੂਕ ਹੋ ਸਕੇ। ਉਨ੍ਹਾਂ ਕਿਹਾ ਕਿ ਬੱਸਾਂ ਨੇ ਵੱਖ ਵੱਖ ਸ਼ਹਿਰਾਂ, ਪਿੰਡਾਂ, ਕਸਬਿਆਂ ’ਚ ਜਾਣਾ ਹੁੰਦਾ ਹੈ ਜਿਸ ਨਾਲ ਵੋਟ ਦੀ ਅਹਿਮੀਅਤ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇਗਾ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਦਾ ਇਹ ਉਪਰਾਲਾ ਵਧੇਰੇ ਲਾਹੇਵੰਦ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ। ਇਸ ਨੂੰ ਮਜਬੂਤ ਬਣਾਉਣ ਲਈ ਵੋਟਰਾਂ ਦਾ ਲੋਕ ਸਭਾ ਚੋਣਾਂ ਦੇ ਚੋਣ ਮੇਲੇ ਵਿੱਚ ਸਹਿਭਾਗੀ ਹੋਣਾ ਬਹੁਤ ਜਰੂਰੀ ਹੈ। ਦੇਸ਼ ਨੂੰ ਵਿਕਸਿਤ ਰਾਹਾਂ ’ਤੇ ਤੋਰਨ ਲਈ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਜਾਗਰੂਕ ਹੋ ਕੇ ਕਰਨੀ ਚਾਹੀਦੀ ਹੈ।
ਇਸ ਮੌਕੇ ਸਵੀਪ ਨੋਡਲ ਅਫਸਰ ਪ੍ਰਦੀਪ ਸਿੰਘ, ਊਧਮ ਸਿੰਘ, ਐਮ ਸ੍ਰੀ ਪ੍ਰਵੀਨ ਕੁਮਾਰ ਅਤੇ ਪੀ.ਆਰ.ਟੀ.ਸੀ. ਦਾ ਸਟਾਫ ਸ਼ਾਮਿਲ ਰਿਹਾ