ਕਰਨ ਭੀਖੀ
ਭੀਖੀ, 23ਜਨਵਰੀ
ਕਸਬੇ ਅੰਦਰ ਲੁੱਟਾਂ ਖੋਹਾਂ ਦੇ ਸਬੰਧ ‘ਚ ਦਰਜ 2 ਮਾਮਲਿਆਂ ਨੂੰ ਟਰੇਸ ਕਰਕੇ ਭੀਖੀ ਪੁਲੀਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੀਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮਿਲੀ ਇਤਲਾਹ ਅਨੁਸਾਰ ਕੁਝ ਮੋਟਰਸਾਇਕਲ ਸਵਾਰਾਂ ਨੇ ਮੋਬਾਇਲ ਖੋਹ ਲਿਆ ਸੀ ਜਿਸ ‘ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਵੱਲੋਂ ਮੁਕੱਦਮਾ ਦਰਜ ਕਰਕੇ ਅਕਾਸ਼ਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ ਵਾਸੀਆਨ ਮੱਤੀ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ ਮੋਬਾਇਲ ਫੋਨ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਇਕਲ ਬਰਾਮਦ ਕਰ ਲਿਆ ਹੈ। ਉਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਮੈਨੇਜਰ ਅਮਨਦੀਪ ਕੌਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਬੈਗ ਖੋਹ ਲਿਆ ਸੀ, ਜਿਸ ਵਿੱਚ ਬੈਂਕ ਦੀਆਂ ਜਰੂਰੀ ਚਾਬੀਆਂ ਅਤੇ ਕੁਝ ਨਕਦੀ ਸੀ। ਭੀਖੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਤਹਿਤ ਮੁਕੱਦਮਾ ਟਰੇਸ ਕਰਕੇ ਭੀਖੀ ਪੁਲਿਸ ਨੇ ਬੁਢਲਾਡਾ ਨਿਵਾਸੀ ਅਭਿਆਨੂ ਅਤੇ ਕਾਲੂ ਰਾਮ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ ਬੈਂਕ ਦੀਆਂ ਚਾਬੀਆਂ ਅਤੇ ਨਕਦੀ ਬਰਾਮਦ ਕਰ ਲਈ ਹੈ।
ਫੋਟੋ: ਚੋਰੀ ਮਾਮਲੇ ‘ਚ ਫੜੇ ਗਏ ਦੋਸ਼ੀ ਪੁਲੀਸ ਪਾਰਟੀ ਨਾਲ।