ਲਿਉਨਾਰਦੋ ਡਾ ਵਿੰਸੀ ਨੂੰ ਉਸ ਦੀ ਬਹੁ-ਪੱਖੀ ਪ੍ਰਤਿਭਾ ਕਰਕੇ ‘ਯੂਨੀਵਰਸਲ ਮੈਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦਾ ਜਨਮ 15 ਅਪ੍ਰੈਲ, 1452 ਨੂੰ ਇਟਲੀ ਵਿਚ ਇਕ ਉੱਘੇ ਵਕੀਲ ਦੇ ਘਰ ਹੋਇਆ। ਇਸ ਦੀ ਮਾਂ ਕੈਤਰੀਨਾ ਨੇ ਪਤੀ ਕੋਲੋਂ ਤਲਾਕ ਲੈ ਕੇ ਇਕ ਮਿਸਤਰੀ ਨਾਲ ਵਿਆਹ ਕਰ ਲਿਆ।ਲਿਉਨਾਰਦੋ ਆਪਣੇ ਪਿਤਾ ਕੋਲ ਰਿਹਾ। ਸੰਨ 1469 ਵਿਚ ਲਿਉਨਾਰਦੋ ਦਾ ਪਿਤਾ ਫਲੌਰੈਂਸ ਚਲਾ ਗਿਆ। ਉੱਥੇ ਬਾਲਕ ਲਿਉ ਆਪਣੇ ਚਾਚੇ ਦੀ ਦੇਖ-ਰੇਖ ਵਿਚ ਪਲਦਾ ਰਿਹਾ।
ਲਿਉਨਾਰਦੋ ਦੀ ਬਚਪਨ ਵਿਚ ਹੀ ਮੂਰਤੀ-ਕਲਾ ਵਿਚ ਬੜੀ ਰੁਚੀ ਸੀ। ਉਸ ਦੇ ਇਸ ਸ਼ੌਕ ਨੂੰ ਵੇਖ ਕੇ ਪਿਤਾ ਨੇ ਉਸ ਨੂੰ ਉੱਘੇ ਮੂਰਤੀਕਾਰ ਐਂਡਰੀਡੇਲ ਬਾਰਕਮੋਂ ਕੋਲ ਭੇਜ ਦਿੱਤਾ। ਉੱਥੇ ਉਸ ਨੇ ਮੂਰਤੀ ਕਲਾ ਅਤੇ ਚਿੱਤਰਕਾਰੀ ਦੀ ਬਹੁਮੁਖੀ ਸਿੱਖਿਆ ਪ੍ਰਾਪਤ ਕੀਤੀ।
ਪਰ ਲਿਉਨਾਰਦੋ ਨੂੰ ਏਨੇ ਤੇ ਹੀ ਸੰਤੋਖ ਨਹੀਂ ਹੋਇਆ। ਉਸ ਨੇ ਵਿਗਿਆਨ, ਇੰਜੀਨੀਅਰਿੰਗ, ਸਰੀਰ-ਵਿਗਿਆਨ, ਭਵਨ ਨਿਰਮਾਣ ਅਤੇ ਨਗਰ-ਪਲੈਨਿੰਗ ਵਰਗੇ ਅਨੇਕਾਂ ਕਾਰਜਾਂ ਵਿਚ ਰੁਚੀ ਲਈ ਅਤੇ ਇਨ੍ਹਾਂ ਵਿਚ ਅਸਚਰਜ ਜਨਕ ਹੱਦ ਤੱਕ ਨਿਪੁੰਨਤਾ ਪ੍ਰਾਪਤ ਕੀਤੀ। ਉਸ ਨੂੰ ਸੰਗੀਤ ਨਾਲ ਵੀ ਬੜਾ ਲਗਾਉ ਸੀ, ਨਾਲ ਹੀ ਨਵੀਆਂ ਕਾਢਾਂ ਕੱਢਣ ਵਿਚ ਵੀ ਉਹ ਪੂਰੀ ਤਨਦੇਹੀ ਨਾਲ ਜੁਟਿਆ ਰਹਿੰਦਾ ਸੀ।
ਉਸ ਨੇ ਕੁਝ ਸਮਾਂ ਜਲ-ਸੈਨਾ ਦੇ ਇੰਜੀਨੀਅਰ ਦੇ ਰੂਪ ਵਿਚ ਕੰਮ ਕੀਤਾ। ਇੱਥੇ ਕੰਮ ਕਰਦਿਆਂ ਉਸ ਨੇ ਕਈ ਪ੍ਰਕਾਰ ਦੇ ਘਾਤਕ ਹਥਿਆਰ ਬਣਾਉਣ ਦੇ ਸੁਝਾਅ ਦਿੱਤੇ।
ਮੀਲਾਨ ਨਗਰ ਵਿਚ ਰਹਿਣ ਦੇ ਦੌਰਾਨ ਉਸ ਨੇ ਕਈ ਇਮਾਰਤਾਂ ਦੇ ਡੀਜ਼ਾਈਨ ਤਿਆਰ ਕੀਤੇ। ਪਰ ਉਸ ਦੀ ਪ੍ਰਸਿੱਧਤਾ ਉਸ ਦੇ ਚਿੱਤਰਾਂ ਦੇ ਕਾਰਨ ਹੋਈ। 1497 ਵਿਚ ਉਸ ਨੇ ਆਪਣੀ ਮਸ਼ਹੂਰ ਪੇਂਟਿੰਗ ‘ਲਾਸਟ ਸਪਰ’ (ਲ਼ੳਸਟ ਸ਼ੁਪਪੲਰ) ਬਣਾਈ। ਪਰ ਜਿਸ ਚਿੱਤਰ ਨੇ ਉਸ ਦਾ ਨਾਂ ਅਮਰ ਕਰ ਦਿੱਤਾ, ਉਹ ਸੀ-ਮੋਨਾਲਿਜ਼ਾ। ਇਹ ਉਸ ਨੇ ਵੀਨਸ ਨਗਰ ਵਿਚ ਰਹਿੰਦਿਆਂ 1503 ਵਿਚ ਸ਼ੁਰੂ ਕਰਕੇ 1506 ਵਿਚ ਮੁਕੰਮਲ ਕੀਤੀ। ਉਸ ਸਮੇਂ ਉਸ ਦੀ ਆਯੂ 51 ਵਰ੍ਹਿਆਂ ਦੀ ਸੀ ਅਤੇ ਮੋਨਾਲਿਜ਼ਾ 24 ਵਰ੍ਹਿਆਂ ਦੀ। ਤਿੰਨ ਸਾਲ ਤੱਕ ਲਿਜ਼ਾ ਲਗਾਤਾਰ ਰੋਜ਼ ਉਸ ਦੀ ਚਿੱਤਰਸ਼ਾਲਾ ਵਿਚ ਆਉਂਦੀ ਰਹੀ। ਐਨੇ ਲੰਮੇ ਸਮੇਂ ਦੀ ਕਰੜੀ ਘਾਲਣਾ ਤੋਂ ਬਾਅਦ ਜਦੋਂ ਇਹ ਚਿੱਤਰ ਬਣ ਕੇ ਤਿਆਰ ਹੋਇਆ ਤਾਂ ਇਸ ਦੀ ਸੁੰਦਰਤਾ ਵੱਲ ਵੇਖ ਕੇ ਹਰ ਕੋਈ ਮੋਹਤ ਹੋ ਜਾਂਦਾ। ਜਿੰਨੀ ਚਰਚਾ ਅਤੇ ਪ੍ਰਸੰਸਾ ਇਸ ਪੇਂਟਿੰਗ ਦੀ ਸੰਸਾਰ ਵਿਚ ਹੋਈ, ਉਤਨੀ ਅੱਜ ਤੱਕ ਕਿਸੇ ਹੋਰ ਚਿੱਤਰਕਾਰ ਦੀ ਰਚਨਾ ਦੀ ਨਹੀਂ ਹੋਈ, ਪਿਕਾਸੋ ਦੇ ਚਿੱਤਰਾਂ ਦੀ ਵੀ ਨਹੀਂ। ਇਸ ਚਿੱਤਰ ਵਿਚ ਮੋਨਾਲਿਜ਼ਾ ਦੇ ਮੁਖੜੇ ’ਤੇ ਇਕ ਰਹੱਸ-ਮਈ ਮੁਸਕਾਨ ਖਿੜੀ ਹੋਈ ਵਿਖਾਈ ਦਿੰਦੀ ਹੈ ਅਤੇ ਅੱਖਾਂ ਵਿੱਚੋਂ ਅਨੋਖੀ ਖੁਮਾਰੀ ਟਪਕਦੀ ਹੈ। ਮੋਨਾਲਿਜ਼ਾ ਕਿਉਂ ਮੁਸਕਰਾਈ? ਇਸ ਸਵਾਲ ਨੂੰ ਲੈ ਕੇ ਅਣਗਿਣਤ ਲੇਖ ਲਿਖੇ ਗਏ। ਕਿਸੇ ਆਲੋਚਕ ਨੇ ਇਸ ਨੂੰ ਪਹਿਲੀ ਮੁਹੱਬਤ ਦਾ ਪ੍ਰਗਟਾਅ ਦੱਸਿਆ ਤਾਂ ਦੂਜੇ ਨੇ ਉਸ ਦੀ ਕੁੱਖ ਵਿਚ ਪਹਿਲੇ ਬੱਚੇ ਦੀ ਧੜਕਣ ਨੂੰ ਇਸ ਦਾ ਕਾਰਨ ਦੱਸਿਆ। ਜੋ ਕੋਈ ਇਸ ਚਿੱਤਰ ਨੂੰ ਇਕ ਵਾਰ ਵੇਖ ਲੈਂਦਾ, ਉਹ ਇਸ ਨੂੰ ਮੁੜ-ਮੁੜ ਵੇਖਣ ਲਈ ਉਤਾਵਲਾ ਹੁੰਦਾ। ਵਿਆਪਕ ਚਰਚਾ ਕਾਰਨ ਇਹ ਚਿੱਤਰ ਸਾਰੇ ਸੰਸਾਰ ਵਿਚ ਪ੍ਰਸਿੱਧ ਹੋ ਗਿਆ। ਅੱਜ ਕੱਲ੍ਹ ਇਹ ਪੇਂਟਿੰਗ ਫ਼ਰਾਂਸ ਦੇ ਲੋਵਰੇ ਅਜਾਇਬ ਘਰ ਵਿਚ ਸੁਰੱਖਿਅਤ ਰੱਖੀ ਹੋਈ ਹੈ।
ਵੀਨਸ ਤੋਂ ਲਿਉਨਾਰਦੋ ਮੁੜ ਮੀਲਾਨ ਪਰਤ ਗਿਆ। ਕੁਝ ਸਮੇਂ ਬਾਅਦ ਮੀਲਾਨ ਫ਼ਰਾਂਸ ਦੇ ਕਬਜ਼ੇ ਵਿਚ ਆ ਗਿਆ। ਫ਼ਰਾਂਸੀਸੀ ਸ਼ਾਸਕਾਂ ਵਲੋਂ ਉਸ ਨੂੰ ‘ਸੇਂਟ ਐਨੇ’ ਅਤੇ ‘ਵਰਜਿਨ ਐਂਡ ਚਾਈਲਡ’ ਚਿੱਤਰ ਬਣਾਉਣ ਦੀ ਫ਼ੁਰਮਾਇਸ਼ ਹੋਈ। ਜਦੋਂ ਇਨ੍ਹਾਂ ਚਿੱਤਰਾਂ ਦੀ ਨੁਮਾਇਸ਼ ਹੋਈ ਤਾਂ ਹਰ ਕਿਸੇ ਦੀ ਜ਼ਬਾਨ ’ਤੇ ਇਨ੍ਹਾਂ ਦੀ ਪ੍ਰਸੰਸਾ ਸੀ।
ਜੀਵਨ ਦੇ ਆਖ਼ਰੀ ਵਰ੍ਹੇ ਲਿਉਨਾਰਦੋ ਨੇ ਰੋਮ ਵਿਚ ਬਾਦਸ਼ਾਹ ਫ਼ਰਾਂਸਿਸ ਪਹਿਲੇ ਦੀ ਸਰਪ੍ਰਸਤੀ ਹੇਠ ਬਿਤਾਏ। ਬਾਦਸ਼ਾਹ ਵਲੋਂ ਉਸ ਨੂੰ ਭਰਵੀਂ ਪੈਨਸ਼ਨ ਮਿਲਦੀ ਸੀ ਅਤੇ ਨਾਲ ਹੀ ਮਿਲਦਾ ਸੀ, ਆਦਰ ਤੇ ਸਤਿਕਾਰ।
ਲਿਉਨਾਰਦੋ ਆਪਣੀ ਬਹੁ-ਪੱਖੀ ਪ੍ਰਤਿਭਾ ਨੂੰ ਸਦਾ ਇਕ ਜਾਂ ਦੂਜੇ ਕਾਰਜ ਵਿਚ ਵਰਤਦਾ ਰਹਿੰਦਾ ਸੀ। ਉਸ ਨੇ ਹੈਲੀਕਾਪਟਰ ਅਤੇ ਜੰਗੀ ਜਹਾਜ਼ਾਂ ਦੇ ਡੀਜ਼ਾਈਨ ਬਣਾਏ; ਜਲ-ਘੜੀ ਦਾ ਨਿਰਮਾਣ ਕੀਤਾ; ਬਾਲ ਬੇਅਰਿੰਗ ਦੀ ਲਾਭਕਾਰੀ ਵਰਤੋਂ ਦੀ ਸੋਝੀ ਦਿੱਤੀ; ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਦੇ ਚਿੱਤਰ ਤਿਆਰ ਕੀਤੇ; ਕਰੇਨ (ਭਾਰ ਚੁੱਕਣ ਵਾਲੀ ਮਸ਼ੀਨ) ਦਾ ਡੀਜ਼ਾਈਨ ਬਣਾ ਕੇ ਪੇਸ਼ ਕੀਤਾ। ਪਰ ਦੁੱਖ ਦੀ ਗੱਲ ਹੈ ਕਿ ਉਸ ਦੇ ਸੁਝਾਵਾਂ ਨੂੰ ਪੂਰਨ ਰੂਪ ਵਿਚ ਅਮਲ ਵਿਚ ਨਹੀਂ ਲਿਆਂਦਾ ਗਿਆ ਅਤੇ ਉਨ੍ਹਾਂ ਵਿੱਚੋਂ ਬਹੁਤੇ ਕਾਗਜ਼ਾਂ ਅਤੇ ਫਾਈਲਾਂ ਵਿਚ ਹੀ ਬੰਦ ਪਏ ਰਹੇ। 1539 ਵਿਚ ਇਸ ਅਦਭੁੱਤ ਪ੍ਰਤਿਭਾ ਵਾਲੇ ਬ੍ਰਹਿਮੰਡੀ ਵਿਅਕਤੀ ਦੀ ਮ੍ਰਿਤੂ ਹੋ ਗਈ। ਅੱਜ ਉਹ ਬਹੁਤਾ ਆਪਣੇ ਲਾਸਾਨੀ ਚਿੱਤਰਾਂ ਕਰਕੇ ਹੀ ਜਾਣਿਆ ਜਾਂਦਾ ਹੈ।
ਲਿਉਨਾਰਦੋ ਡਾ ਵਿੰਸੀ-(Leonardo Da Vinci)-ਰਜਿੰਦਰ ਕੌਰ
Leave a comment