27 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ:ਰੈਨੇਸਾਂ ਸਕੂਲ ਮਾਨਸਾ ਵਿਖੇ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੋਗਾ ਜ਼ੋਨ ਦੇ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਵਿੱਚੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਬੈਡਮਿੰਟਨ, ਬਾਸਕਿਟਬਾਲ,ਵਾਲੀਬਾਲ,ਕੁਸ਼ਤੀ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ। ਰੈਨੇਸਾਂ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ਵਿੱਚੋਂ ਅੰਡਰ-14 ਲੜਕੇ, ਅੰਡਰ-17 ਲੜਕੇ ਅਤੇ ਲੜਕੀਆਂ ਨੇ ਪਹਿਲੀ ਪੁਜੀਸ਼ਨ ਅਤੇ ਅੰਡਰ -14 ਲੜਕੀਆਂ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ।ਬਾਸਕਿਟਬਾਲ ਵਿੱਚੋਂ ਅੰਡਰ-14 ਲੜਕਿਆਂ ਅਤੇ ਲੜਕੀਆਂ ਨੇ ਪਹਿਲੀ ਪੁਜੀਸ਼ਨ,ਅੰਡਰ-17 ਲੜਕੇ ਅਤੇ ਲੜਕੀਆਂ ਨੇ ਦੂਜੀ ਪੁਜੀਸ਼ਨ ਅਤੇ ਅੰਡਰ-19 ਲੜਕਿਆਂ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।ਵਾਲੀਬਾਲ ਦੇ ਮੁਕਾਬਲਿਆਂ ਵਿੱਚੋਂ ਅੰਡਰ-14 ਲੜਕੀਆਂ ਨੇ ਪਹਿਲੀ ਪੁਜੀਸ਼ਨ ਅਤੇ ਅੰਡਰ-17 ਲੜਕੀਆਂ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸ਼ਤਰੰਜ ਮੁਕਾਬਲਿਆਂ ਵਿੱਚ ਅੰਡਰ-17 ਲੜਕੀਆਂ ਨੇ ਪਹਿਲੀ ਪੁਜੀਸ਼ਨ ਅਤੇ ਅੰਡਰ-14 ਲੜਕੀਆਂ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕੁਸ਼ਤੀ ਮੁਕਾਬਲਿਆਂ ਦੌਰਾਨ ਅੰਡਰ-14 ਲੜਕੀਆਂ ਨੇ 7 ਗੋਲਡ ਮੈਡਲ,ਅੰਡਰ-14 ਲੜਕੀਆਂ ਨੇ 5 ਗੋਲਡ ਮੈਡਲ, ਅੰਡਰ-17 ਲੜਕਿਆਂ ਨੇ 9 ਗੋਲਡ ਮੈਡਲ ਤੇ 1 ਸਿਲਵਰ ਮੈਡਲ ,ਅੰਡਰ-17 ਲੜਕੀਆਂ ਨੇ 1 ਗੋਲਡ ਮੈਡਲ ਅਤੇ ਅੰਡਰ-19 ਲੜਕੀਆਂ ਨੇ ਇੱਕ ਗੋਲਡ ਮੈਡਲ ਪ੍ਰਾਪਤ ਕੀਤਾ। ਬੱਚਿਆਂ ਦੀ ਇਸ ਪ੍ਰਾਪਤੀ ਲਈ ਖੁਸ਼ੀ ਜ਼ਾਹਿਰ ਕਰਦਿਆਂ ਹੋਇਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵਿੰਦਰ ਵੋਹਰਾ ਅਤੇ ਅਕਾਦਮਿਕ ਡਾਇਰੈਕਟਰ ਸ੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਦੇ ਸਰਵ- ਪੱਖੀ ਵਿਕਾਸ ਲਈ ਅਤੇ ਖੇਡਾਂ ਵਿੱਚ ਮੁਕਾਬਲਿਆਂ ਦੀ ਤਿਆਰੀ ਲਈ ਵਿਸ਼ੇਸ਼ ਤੌਰ ‘ਤੇ ਉਪਰਾਲੇ ਕੀਤੇ ਜਾਂਦੇ ਹਨ।ਸਕੂਲ ਵੱਲੋਂ ਸਵੇਰੇ ਸਕੂਲ ਸਮੇਂ ਤੋਂ ਪਹਿਲਾਂ ਬੁਲਾ ਕੇ ਬੱਚਿਆਂ ਦਾ ਵੱਖ-ਵੱਖ ਖੇਡਾਂ ਦੇ ਕੋਚ ਸਾਹਿਬਾਨਾਂ ਵੱਲੋਂ ਅਭਿਆਸ ਕਰਵਾਇਆ ਜਾਂਦਾ ਹੈ ਤਾਂ ਕਿ ਬੱਚੇ ਸਰੀਰਕ ਤੌਰ ‘ਤੇ ਤੰਦਰੁਸਤ ਵੀ ਰਹਿਣ ਅਤੇ ਮੁਕਾਬਲਿਆਂ ਲਈ ਵੀ ਆਪਣੀ ਵਧੀਆ ਤਿਆਰੀ ਵੀ ਕਰ ਸਕਣ। ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਬੱਚਿਆਂ ਅਤੇ ਸਕੂਲ ਦੇ ਸਟਾਫ਼ ਮੈਂਬਰਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਬੱਚਿਆਂ ਦੇ ਅਭਿਆਸ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹੇਗਾ ਤਾਂ ਕਿ ਬੱਚੇ ਹੋਰ ਬੁਲੰਦੀਆਂ ਨੂੰ ਛੂੰਹਦੇ ਹੋਏ ਸਕੂਲ,ਮਾਪੇ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ।