24 ਮਈ (ਨਾਨਕ ਸਿੰਘ ਖੁਰਮੀ) ਮਾਨਸਾ: ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਕਵੀ ‘ਸੁਰਜੀਤ ਪਾਤਰ’ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਸਾਰਿਆਂ ਨੇ ਕੁਝ ਪਲਾਂ ਦਾ ਮੌਨ ਰੱਖ ਕੇ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਵੋਹਰਾ ਜੀ ਨੇ ਸੁਰਜੀਤ ਪਾਤਰ ਦੀਆਂ ਰਚਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਨਾਲ ਇਹ ਰਚਨਾਵਾਂ ਸਾਂਝੀਆਂ ਵੀ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਵਿੱਚੋਂ ਅਜਿਹੇ ਕਵੀ ਪੈਦਾ ਕਰਨ ਦੇ ਯਤਨ ਵੀ ਕਰਨੇ ਚਾਹੀਦੇ ਹਨ। ਅਧਿਆਪਕਾਂ ਨੇ ਉਹਨਾਂ ਦੀਆਂ ਵੱਖ-ਵੱਖ ਰਚਨਾਵਾਂ ਜਿਵੇਂ “ਆਇਆ ਨੰਦ ਕਿਸ਼ੋਰ,ਉੱਠ ਜਗਾ ਦੇ ਮੋਮਬੱਤੀਆਂ,ਮਾਂ ਬੋਲੀ ਮਰ ਰਹੀ ਹੈ ਸ਼ਬਦ – ਸ਼ਬਦ, ਕੱਚ ਦਾ ਗਲਾਸ, ਕੁਝ ਕਿਹਾ ਤਾਂ ਹਨੑੇਰਾ ਜਰੇਗਾ ਕਿਵੇਂ, ਖੋਲੵ ਦਿੰਦਾ ਦਿਲ ਜੇ ਤੂੰ ਯਾਰਾਂ ਦੇ ਨਾਲ, ਸ਼ਾਇਰ ਹੋ ਜਾ” ਆਦਿ ਰਚਨਾਵਾਂ ਦਾ ਉਚਾਰਨ ਅਤੇ ਗਾਇਨ ਕੀਤਾ। ਬਹੁਤ ਸਾਰੇ ਅਧਿਆਪਕਾਂ ਨੇ ਉਹਨਾਂ ਨੂੰ ਮਿਲਣ ਸਮੇਂ ਦੇ ਯਾਦਗਾਰੀ ਪਲ ਸਾਂਝੇ ਕੀਤੇ।ਇਸ ਸਮਾਰੋਹ ਦੌਰਾਨ ਉਨਾਂ ਦੇ ਜੀਵਨ ਅਤੇ ਉਨ੍ਹਾਂ ਨੂੰ ਮਿਲੇ ਹੋਏ ਸਨਮਾਨਾਂ ‘ਤੇ ਵੀ ਝਾਤ ਪਾਈ ਗਈ। ਸਕੂਲ ਦੇ ਅਕਾਦਮਿਕ ਡਾਇਰੈਕਟਰ ਸ੍ਰੀ ਰਾਕੇਸ਼ ਕੁਮਾਰ ਨੇ ਉਹਨਾਂ ਦੀ ਇੱਕ ਕਵਿਤਾ ‘ਬੁੱਢੀ ਜਾਦੂਗਰਨੀ” ਸਾਂਝੀ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਲੋਕਾਂ ਦੇ ਹਰਮਨ ਪਿਆਰੇ ਤੇ ਵਧੀਆ ਕਵੀ ਸਨ,ਜਿਨ੍ਹਾਂ ਨੇ ਜ਼ਿੰਦਗੀ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਛੋਹਿਆ ਅਤੇ ਲਿਖਿਆ। ਅਖੀਰ ਵਿੱਚ ਚੇਅਰਮੈਨ ਡਾਕਟਰ ਅਵਤਾਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਬਹੁਤ ਹੀ ਮਸ਼ਹੂਰ ਕਵੀ ਸਨ । ਇਸ ਦੇ ਨਾਲ ਹੀ ਉਹਨਾਂ ਨੇ ਕੁਝ ਹੋਰ ਇਨਕਲਾਬੀ ਕਵੀਆਂ ਜਿਵੇਂ ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਅਵਤਾਰ ਸਿੰਘ ਪਾਸ਼ ਵਰਗਿਆਂ ਦੀ ਵੀ ਗੱਲ ਕੀਤੀ ।ਉਹਨਾਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਨਾਲ ਸਾਹਿਤ ਦੀਆਂ ਮਹਾਨ ਰਚਨਾਵਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ।ਬੱਚਿਆਂ ਵਿੱਚੋਂ ਚੰਗੇ ਸਾਹਿਤਕਾਰ ਤਰਾਸ਼ਨਾ ਸਮੇਂ ਦੇ ਮੁੱਖ ਲੋੜ ਹੈ।