ਸਾਦਗੀ ਭਰੀ ਸਾਊ ਅਤੇ ਸ਼ਾਂਤ ਸ਼ਖ਼ਸੀਅਤ ਦਾ ਨਾਂਅ ਸੀ ਪ੍ਰੇਮ ਗੋਰਖੀ। ਜਿਸ ਨੇ ਇਕ ਦਲਿਤ ਪਰਿਵਾਰ ਵਿਚ ਜਨਮ ਲਿਆ ਅਤੇ ਸੁਰਤ ਸੰਭਾਲਦਿਆਂ ਹੀ ਆਪਣੇ ਨਾਂਅ ਨਾਲ ‘ਨਿਮਾਣਾ’ ਤਖ਼ਲਸ ਜੋੜ ਲਿਆ। ਉਸ ਨੂੰ ਸਾਹਿਤ ਦੀ ਚੇਟਕ ਖ਼ਾਲਸਾ ਕਾਲਜ ਜਲੰਧਰ ਦੀ ਲਾਇਬ੍ਰੇਰੀ ਵਿਚ ਨੌਕਰੀ ਕਰਦਿਆਂ ਲੱਗੀ ਪਰ ਇਨ੍ਹਾਂ ਦਿਨਾਂ ਵਿਚ ਹੀ ਉਹ ਕੁਝ ਅਜਿਹੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਗਿਆ ਕਿ ਉਸ ਨੂੰ ਅਦਾਲਤਾਂ ਦੀ ਖੱਜਲ ਖੁਆਰੀ ਝੱਲਣੀ ਪਈ। ਉਸ ਦੀ ਸ਼ਖ਼ਸੀਅਤ ਦੇ ਲੇਖਕੀ-ਕਣ ਨੇ ਉਸ ਨੂੰ ਅੰਮ੍ਰਿਤਾ ਪ੍ਰੀਤਮ ਤੱਕ ਪਹੁੰਚਾ ਦਿੱਤਾ, ਜਿਸ ਦੀ ਮਦਦ ਨਾਲ ਉਹ ਆਪਣੀ ਜ਼ਿੰਦਗੀ ਦੀਆਂ ਉਨ੍ਹਾਂ ਲੀਹਾਂ ਉੱਤੇ ਮੁੜ ਤੁਰਨ ਵਿਚ ਸਫਲ ਹੋ ਗਿਆ, ਜਿਹੜੀਆਂ ਇਕ ਸਿਰਜਣਾਤਮਿਕ ਸ਼ਖ਼ਸੀਅਤ ਨੂੰ ਉਡੀਕ ਰਹੀਆਂ ਸਨ। ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ’ ਨਾਲ ਹੀ ਕਹਾਣੀ ਰਸੀਆਂ ਦਾ ਧਿਆਨ ਆਪਣੇ ਵਲ ਖਿੱਚਣ ਵਾਲਾ ਇਹ ਲੇਖਕ ‘ਨਿਮਾਣਾ’ ਤੋਂ ਹੁਣ ਗੋਰਖੀ ਬਣ ਚੁੱਕਾ ਸੀ। ਵੱਡੇ-ਵੱਡੇ ਚੌੜੇ ਹੱਥਾਂ, ਚਿੱਟੇ ਨੌਹਾਂ ਅਤੇ ਮੋਟੀਆਂ ਅੱਖਾਂ ਵਾਲਾ ਗੋਰਖੀ ਆਪਣੇ ਸਡੌਲ ਸਰੀਰ ਕਰਕੇ ਵੇਖਣ ਵਾਲਿਆਂ ਨੂੰ ਲੇਖਕ ਨਾਲੋਂ ਵਧੇਰੇ ਖਿਡਾਰੀ ਦਿਸਦਾ ਸੀ। ਵਧੀਆ ਅਤੇ ਵੰਨ-ਸੁਵੰਨੇ ਰੰਗਾਂ ਵਾਲੀਆਂ ਪੱਗਾਂ ਬੰਨ੍ਹਣ ਦਾ ਸ਼ੌਕੀਨ ਗੋਰਖੀ ਅਤਿ ਗ਼ਰੀਬ ਕਾਮੇ ਅਰਜਨ ਦਾਸ ਅਤੇ ਮਾਤਾ ਰੱਖੀ ਦੇ ਘਰ 15 ਜੂਨ 1947 ਨੂੰ ਜ਼ਿਲ੍ਹਾ ਕਪੂਰਥਲਾ ਦੀ ਫਗਵਾੜਾ ਤਹਿਸੀਲ ਦੇ ਪਿੰਡ ਬੋਹਾਨੀ (ਉਸ ਦੇ ਨਾਨਕੇ) ਵਿਚ ਜਨਮਿਆ ਸੀ। ਜਲੰਧਰ ਵਿਖੇ ਲਾਡੋਵਾਲੀ ਰੋਡ ਦਾ ਇਕ ਨਿੱਕਾ ਜਿਹਾ ਮਕਾਨ ਉਸ ਦਾ ਜੱਦੀ ਘਰ ਸੀ।
ਉਸ ਦੀ ਪਹਿਲੀ ਕਿਤਾਬ ‘ਮਿੱਟੀ ਰੰਗੇ ਲੋਕ’ ਗੁਰਸ਼ਰਨ ਭਾਜੀ ਨੇ ਛਾਪੀ ਸੀ ਅਤੇ ਇਸ ਵਿਚਲੀਆਂ ਕਹਾਣੀਆਂ ਨੂੰ ਅਮਰਜੀਤ ਚੰਦਨ ਨੇ ਗੁਰਸ਼ਰਨ ਭਾਜੀ ਤੱਕ ਪਹੁੰਚਾਇਆ ਸੀ। ਗੋਰਖੀ ਦੇ ਦੱਸਣ ਅਨੁਸਾਰ ਉਸ ਨੂੰ ਤਾਂ ਕਿਤਾਬ ਛਪੀ ‘ਤੇ ਹੀ ਪਤਾ ਲੱਗਾ ਸੀ। …ਤੇ ਫੇਰ ਬਰਜਿੰਦਰ ਸਿੰਘ ਹਮਦਰਦ ਦੇ ਸਾਹਿਤਕ ਮਾਸਿਕ ਪਰਚੇ ‘ਦ੍ਰਿਸ਼ਟੀ’ ਵਿਚ ਛਪੇ ਉਸ ਦੇ ਨਾਵਲਿਟ “ਤਿੱਤਰ ਖੰਭੀ ਜੂਹ” ਨੇ ਉਸ ਨੂੰ ਇਕ ਸਮਰੱਥ ਗਲਪ ਲੇਖਕ ਵਜੋਂ ਪਛਾਣ ਦਿੱਤੀ ਅਤੇ ਉਹ ਇਕ ਚਰਚਿਤ ਲੇਖਕ ਬਣ ਗਿਆ। ਇਕ ਤੋਂ ਬਾਅਦ ਇਕ ਕਹਾਣੀਆਂ ਅਤੇ ਨਾਵਲਿਟ ਲਿਖਣ ਦੇ ਨਾਲ-ਨਾਲ ਉਹ ਹਿੰਦੀ ਗਲਪ ਸਾਹਿਤ ਵਿਚ ਚੱਲੀ ‘ਸਮਾਨੰਤਰ ਕਹਾਣੀ ਲਹਿਰ’ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਵਿਚ ‘ਸਾਮਾਨੰਤਰ ਕਹਾਣੀ ਲਹਿਰ’ ਚਲਾਉਣ ਵਿਚ ਜੁੱਟ ਗਿਆ। ‘ਦੀਵਾ ਬਲੇ ਸਾਰੀ ਰਾਤ’ ਸਿਰਲੇਖ ਹੇਠ ਕਹਾਣੀ ਦਰਬਾਰਾਂ/ਗੋਸ਼ਟੀਆਂ ਦੀ ਲੜੀ ਚਲਾਉਣ ਵਿਚ ਉਸ ਦੇ ਸਮਕਾਲੀ ਕਿਰਪਾਲ ਕਜ਼ਾਕ, ਦਲਬੀਰ ਚੇਤਨ ਅਤੇ ਮੁਖ਼ਤਾਰ ਗਿੱਲ ਦਾ ਸਾਥ ਵੀ ਵਡਮੁੱਲਾ ਸੀ।
ਇਨ੍ਹਾਂ ਦਿਨਾਂ ਵਿਚ ਹੀ ਉਸ ਦੀ ਮੁਲਾਕਾਤ ਮੇਰੇ ਨਾਲ ਹੋਈ। ਮੈਂ ਅਜੇ ਜੰਡਿਆਲਾ ਕਾਲਜ ਦਾ ਵਿਦਿਆਰਥੀ ਸਾਂ। ਮੇਰੇ ਪਿੰਡ ਦੇ ਲਾਗਲੇ ਪਿੰਡ ਬੁੰਡਾਲਾ ਵਿਚ ਪੰਜਾਬੀ ਪੜ੍ਹਾਉਣ ਵਾਲੇ ਪੰਜਾਬੀ ਕਵੀ ਤ੍ਰਿਲੋਕ ਕਾਲੜਾ ਕੋਲ ਉਹ ਅਕਸਰ ਆਉਂਦਾ। ਕਾਲੜਾ ਮੇਰੇ ਪਿੰਡ ਵਿਚ ਹੀ ਰਹਿੰਦਾ ਸੀ। ਗੋਰਖੀ ਉਸ ਕੋਲੋਂ ਗਿਆਨੀ ਦਾ ਇਮਤਿਹਾਨ ਦੇਣ ਲਈ ਪੜ੍ਹਨ ਆਉਂਦਾ ਤਾਂ ਮੇਰੀ ਮੁਲਾਕਾਤ ਅਕਸਰ ਹੋ ਜਾਂਦੀ। ਫੇਰ ਸਾਡੀ ਵਾਕਫ਼ੀਅਤ ਦੋਸਤੀ ਵਿਚ ਬਦਲ ਗਈ ਤਾਂ ਉਹ ਕਦੇ-ਕਦੇ ਮੇਰੇ ਪਿੰਡ ਮੇਰੇ ਘਰ ਰੁਕਣਾ ਸ਼ੁਰੂ ਹੋ ਗਿਆ। ਦੇਰ ਰਾਤ ਤੱਕ ਅਸੀਂ ਪੰਜਾਬੀ ਸਾਹਿਤਕਾਰਾਂ ਬਾਰੇ, ਸਾਹਿਤ ਬਾਰੇ ਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਬਾਰੇ ਗੱਲਾਂ ਕਰਦੇ । ਉਹ ਮੈਨੂੰ ਜ਼ਿੰਦਗੀ ਵਿੱਚ ਵਿਚਰਨ ਦੀਆਂ ਬਰੀਕੀਆਂ ਸਮਝਾਉੰਦਾ। ਵੱਡੇ ਸਾਹਿਤਕਾਰਾਂ ਦੀਆਂ ਛੋਟੀਆਂ ਹਰਕਤਾਂ ਦੇ ਬਿਰਤਾਂਤ ਸੁਣਾਉਂਦਿਆਂ ਸੁਣਾਉਂਦਿਆਂ ਸੌਂ ਜਾਂਦਾ। ਸਵੇਰੇ ਉਠਦਾ ਕਈ ਤਰਾਂ ਦੀਆਂ ਨਸੀਹਤਾਂ ਦਿੰਦਾ ……. ਤੇ ਫੇਰ ਮੈਂ ਉਸਦੀ ਪ੍ਰੇਰਨਾ ਨਾਲ ‘ਦੀਵਾ ਬਲੇ ਸਾਰੀ ਰਾਤ’ ਦੇ ਕਹਾਣੀ ਦਰਬਾਰਾਂ ਵਿਚ ਵੀ ਜਾਣ ਲੱਗ ਪਿਆ। ਕਦੇ ਗੜ੍ਹੇ, ਕਦੇ ਸੈਨਿਕ ਰੈਸਟ ਹਾਊਸ ਜਲੰਧਰ, ਕਦੇ ਚਹੇੜੂ, ਕਦੇ ਫਗਵਾੜੇ ਤੇ ਕਦੇ ਬਿਆਸ… ਸਾਰਾ ਦੁਆਬਾ ਕਹਾਣੀਮਈ ਹੋਇਆ ਦਿਸਦਾ ਸੀ। ਮਾਝੇ ਅਤੇ ਮਾਲਵੇ ਤੱਕ ਵੀ ਪੈਰ ਪਸਾਰ ਰਹੀ ਇਹ ਕਹਾਣੀ-ਦਰਾਬਾਂਰਾਂ/ਗੋਸ਼ਟੀਆਂ ਦੀ ਲੜੀ ਇਕ ਅਦਭੁਤ ਗਲਪ-ਸੱਭਿਆਚਾਰ ਦੀ ਉਸਾਰੀ ਵਿਚ ਜੁੱਟੀ ਹੋਈ ਸੀ। ਇਨ੍ਹਾਂ ਗੋਸ਼ਟੀਆਂ ਵਿਚ ਹੀ ਮੈਂ ਡਾਕਟਰ ਤੇਜਵੰਤ ਮਾਨ, ਚਰਨਜੀਤ ਚੰਨੀ, ਕਸ਼ਮੀਰ ਪੰਨੂੰ, ਵਰਿਆਮ ਸੰਧੂ, ਸੁਰਿੰਦਰ ਰਾਮਪੁਰੀ, ਅਤਰਜੀਤ ਆਦਿ ਕਹਾਣੀ ਲੇਖਕਾਂ ਨੂੰ ਪਹਿਲੀ ਵਾਰ ਵੇਖਿਆ। ਆਪ ਮੈਂ ਨਾ ਕਹਾਣੀ ਲਿਖਦਾ ਸਾਂ ਅਤੇ ਨਾ ਕਹਾਣੀ ਆਲੋਚਕ ਸਾਂ, ਪਰ ਕਹਾਣੀਆਂ ਸੁਣਨ ਅਤੇ ਬਹਿਸਾਂ ਮਾਣਨ ਦਾ ਮੈਨੂੰ ਅਜਿਹਾ ਸਵਾਦ ਪੈ ਗਿਆ ਸੀ ਕਿ ਮੈਂ ਗੋਰਖੀ ਨੂੰ ਹਰ ਅਗਲੀ ਕਹਾਣੀ ਗੋਸ਼ਟੀ ਬਾਰੇ ਪੁੱਛਦਾ ਰਹਿੰਦਾ ਤੇ ਜਦੋਂ ਕਿਤੇ ਜਲੰਧਰ ਦੇ ਨੇੜੇ ਤੇੜੇ ਹੁੰਦੀ ਤਾਂ ਜਾ ਹਾਜ਼ਰ ਹੁੰਦਾ।
ਇਸ ਦੇਸ਼ ਵਿਚ ਲੱਗੀ ਐਮਰਜੈਂਸੀ ਦੌਰਾਨ ਮੇਰੇ ਪਿਤਾ ਜੀ ਦੀ ਨੌਕਰੀ ਖੁਸ ਗਈ।ਮੈਂ ਪੜ੍ਹਾਈ ਵਿੱਚ ਛੱਡ ਕੇ 25 ਸਤੰਬਰ 1976 ਨੂੰ ‘ਨਵਾਂ ਜ਼ਮਾਨਾ’ ਅਖ਼ਬਾਰ ਦੀ ਮੇਜ਼ ਉੱਤੇ ਉਪ-ਸੰਪਾਦਕ ਵਜੋਂ ਨੌਕਰੀ ਕਰ ਲਈ। ਪ੍ਰੇਮ ਗੋਰਖੀ ‘ਅਜੀਤ’ ਵਿਚ ਸੀ। ਅਸੀਂ ਅਕਸਰ ਮਿਲਦੇ। ਮੈਂ ਉਸ ਦੇ ਲਾਡੋਵਾਲੀ ਰੋਡ ਵਾਲੇ ਘਰ ਕਦੇ-ਕਦੇ ਰੁਕ ਜਾਂਦਾ। ਜਿਥੇ ਹੁਣ ਬੀ.ਐਸ.ਐਫ. ਕੰਪਲੈਕਸ ਹੈ। ਇਥੇ ਖੁਲ੍ਹੇ ਖੇਤਾਂ ਵਿਚ ਅਸੀਂ ਝੋਨੇ ਦੀਆਂ ਵੱਟਾਂ/ਆਡਾਂ ਵਿਚ ਸਵੇਰ ਦੀ ਸੈਰ ਕਰਦੇ। ਉਹ ਮੈਨੂੰ ਅਜੇ ਲਿਖੀਆਂ ਜਾਣ ਵਾਲੀਆਂ ਕਹਾਣੀਆਂ ਸੁਣਾਉਂਦਾ । ਮੇਰੀ ਰਾਏ ਪੁੱਛਦਾ..ਇਹ ਸਿਲਸਿਲਾ ਬਹੁਤ ਆਮ ਹੋ ਗਿਆ ਸੀ । ਅਸੀਂ ਆਪੋ ਆਪਣੇ ਦਫਤਰ ਚਲੇ ਜਾਂਦੇ ਪਰ ਦੁਪਹਿਰ ਦੇ ਖਾਣੇ ਵੇਲੇ ਸਮਾਂ ਕੱਢ ਕੇ ਉਹ ‘ਅਜੀਤ’ ਦੀਆਂ ਪੌੜੀਆਂ ਉਤਰ ਕੇ ਅਕਸਰ ‘ਨਵਾਂ ਜ਼ਮਾਨਾ’ ਦੀਆਂ ਪੌੜੀਆਂ ਚੜ੍ਹ ਆਉਂਦਾ । ਜ਼ੀਰਵੀ ਸਾਹਿਬ ਦੀਆਂ ਗੱਲਾਂ ਦਾ ਆਨੰਦ ਮਾਣ ਕੇ ਉਹ ਵਾਪਸ ਡਿਊਟੀ ਤੇ ਪਰਤ ਜਾਂਦਾ……
ਇਕ ਦਿਨ ਸਵੇਰੇ ਸਵੇਰੇ ਉਸਨੇ ਮੈਨੂੰ ਕਿਹਾ ‘ ਅੱਜ ਅੱਧੇ ਦਿਨ ਦੀ ਛੁੱਟੀ ਲੈ ਲਈਂ ਆਪਾਂ ਜੇਲ੍ਹ ਚਲਣੈ। ਮੇਰੇ ਬੋਲਣ ਤੋਂ ਪਹਿਲਾਂ ਹੀ ਕਹਿੰਦਾ “ਘਬਰਾ ਨਾ ਕਿਸੇ ਨੂੰ ਮਿਲਣ ਜਾਣੈ”। ਮੈਂ ਸੋਚਿਆ ਕਿਸੇ ਕੈਦੀ ਨਾਲ ਮੁਲਾਕਾਤ ਕਰਨੀ ਹੋਵੇਗੀ। ਦੁਪਹਿਰ ਨੂੰ ਤੁਰਨ ਲਈ ਸਾਈਕਲ ਤਿਆਰ ਕਰਦਿਆਂ ਕਹਿਣ ਲੱਗਿਆ “ਤਬਦੀਲ ਹੋ ਕੇ ਆਇਆ ਜਲੰਧਰ ਜੇਲ੍ਹ ਦਾ ਨਵਾਂ ਜੇਲ੍ਹਰ ਐੱਸ. ਕੇ. ਰਾਮਪਾਲ ਉਰਦੂ ਦਾ ਲੇਖਕ ਹੈ ਅਤੇ ਮੇਰੀਆਂ ਕਹਾਣੀਆਂ ਦਾ ਉਪਾਸ਼ਕ ਹੈ ਆਪਾਂ ਉਸਨੂੰ ਮਿਲਣ ਚੱਲੇ ਹਾਂ”…
ਅਸੀਂ ਕੇਂਦਰੀ ਜੇਲ੍ਹ ਜਲੰਧਰ ਦੇ ਮੁੱਖ ਗੇਟ ਤੇ ਪਹੁੰਚ ਕੇ ਆਪਣੇ ਸਾਈਕਲ ਇਕ ਪਾਸੇ ਕੰਧ ਨਾਲ ਲਗਾਉਣ ਹੀ ਲੱਗੇ ਸਾਂ ਕਿ ਸੰਤਰੀ ਨੇ ਇਸ਼ਾਰੇ ਨਾਲ ਸਾਨੂੰ ਰੋਕ ਦਿੱਤਾ। ਗੋਰਖੀ ਸਾਈਕਲ ਉਥੇ ਹੀ ਛੱਡ ਕੇ ਉਸ ਦੇ ਕੋਲ ਗਿਆ। ਆਉਣ ਦਾ ਮਕਸਦ ਦੱਸਿਆ ਤਾਂ ਠਾਹ ਕਰਦਾ ਸਲੂਟ ਵੱਜਿਆ। ਗੋਰਖੀ ਨੇ ਮੈਨੂੰ ਆਉਣ ਦਾ ਇਸ਼ਾਰਾ ਕੀਤਾ। ਸੰਤਰੀ ਨੇ ਗੇਟ ਖੋਲਿਆ । ਅੰਦਰ ਵਾਲੇ ਸਿਪਾਹੀ ਨੂੰ ਸਾਡੇ ਬਾਰੇ ਦੱਸਿਆ ਤੇ ਉਹ ਸਾਨੂੰ ਜੇਲ੍ਹਰ ਦੇ ਦਫ਼ਤਰ ਵਿੱਚ ਲੈ ਗਿਆ। ਜੇਲ੍ਹਰ ਦਫਤਰ ਵਿੱਚ ਨਹੀਂ ਸੀ। ਰਾਊਂਡ ਤੇ ਗਿਆ ਹੋਇਆ ਸੀ। ਪੀ ਏ ਨੇ ਕਿਹਾ “ਬੈਠੋ ,ਪੰਦਰਾਂ ਕੁ ਮਿੰਟਾਂ ਵਿਚ ਆ ਜਾਣਗੇ….. ਬੈਠਦਿਆਂ ਹੀ ਮੇਰੀ ਸੋਚ ਪੰਜ ਕੁ ਸਾਲ ਪਿਛੇ ਪਰਤੀ। ਸੰਨ 1972 ਵਿੱਚ ਮੈਂ ਦੋ ਵਾਰ ਇਸ ਜੇਲ੍ਹ ਦੀਆਂ ਰੋਟੀਆਂ ਖਾ ਚੁੱਕਿਆ ਸਾਂ। ਪਹਿਲਾਂ ਕਿਸਾਨ ਸਭਾ ਵਲੋਂ ਕੀਤੇ ਗਏ ਬੈਂਕ ਘਿਰਾਓ ਅੰਦੋਲਨ ਸਮੇਂ ਪੰਜ ਦਿਨ ਅਤੇ ਫੇਰ ਮੋਗਾ ਕਾਂਡ ਵੇਲੇ ਹੋਈ ਗ੍ਰਿਫਤਾਰੀ ਸਮੇਂ 19 ਦਿਨ ਸਾਨੂੰ ਇਸ ਜੇਲ੍ਹ ਵਿੱਚ ਹੀ ਰਖਿਆ ਗਿਆ ਸੀ। ਪਰ ਅੱਜ ਦਾ ਆਉਣਾ…………
ਦਫ਼ਤਰ ਦਾ ਦਰਵਾਜ਼ਾ ਖੜੱਕ ਦੇਣੀ ਖੁੱਲ੍ਹਿਆ।ਮੇਰੀ ਸੋਚ-ਲੜੀ ਟੁੱਟੀ… ਜੇਲ੍ਹਰ ਸਾਡੇ ਸਾਹਮਣੇ ਸੀ… ਉਹ ਸਾਨੂੰ ਬੇਹੱਦ ਗਰਮਜੋਸ਼ੀ ਨਾਲ ਮਿਲਿਆ। ਗੋਰਖੀ ਨੇ ਮੇਰੇ ਬਾਰੇ ਦੱਸਿਆ। “ਨਵਾਂ ਜ਼ਮਾਨਾ” ਦਾ ਨਾਮ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਸ ਨੇ ਮੈਨੂੰ ਆਨੰਦ ਸਾਹਿਬ ਦਾ ਹਾਲ ਚਾਲ ਪੁੱਛਿਆ….. ਫੇਰ ਰਾਮਪਾਲ ਨੇ “ਨਵਾਂ ਜ਼ਮਾਨਾ ” ਵਿੱਚ ਇੱਕ ਕਾਲਮ ਸ਼ੁਰੂ ਕੀਤਾ ਤਾਂ ਮੈਂ ਹਰ ਹਫਤੇ ਉਸ ਤੋਂ ਡਿਕਟੇਸ਼ਨ ਲੈਣ ਉਸਦੇ ਬਾਰਾਦਰੀ ਵਾਲੇ ਘਰ ਜਾਂਦਾ। ਉਹ ਬਹੁਤ ਜ਼ਹੀਨ ਇਨਸਾਨ ਅਤੇ ਸਮਰੱਥ ਲੇਖਕ ਸੀ। ਮਸ਼ਹੂਰ ਹਿੰਦੀ ਫਿਲਮ ” ਦੋ ਆਂਖੇਂ ਬਾਰਾਂ ਹਾਥ” ਦੀ ਪਰਿਕਲਪਨਾ ਉਸੇ ਦੇ ਜੇਲ੍ਹ ਤਜਰਬੇ ਅਤੇ ਲੇਖਣੀ ਉਤੇ ਅਧਾਰਿਤ ਸੀ। ਰਾਮਪਾਲ ਨਾਲ ਮੇਰੀ ਸਾਂਝ ਅਤੇ ਨੇੜਤਾ ਦੇਰ ਤੱਕ ਬਣੀ ਰਹੀ। ਪ੍ਰੇਮ ਗੋਰਖੀ ਨੇ ਮੈਨੂੰ ਉਸ ਨਾਲ ਮਿਲਾਇਆ ਇਸ ਕਰਕੇ ਮੈਂ ਗੋਰਖੀ ਦਾ ਹਮੇਸ਼ਾ ਰਿਣੀ ਰਿਹਾ………..
ਫੇਰ ਇਕ ਦਿਨ ਗੋਰਖੀ ਨੇ ਦੱਸਿਆ ਕਿ ਉਹ ‘ਅਜੀਤ’ ਛੱਡ ਕੇ ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਪਰੂਫ਼ ਰੀਡਰ ਇੰਚਾਰਜ ਬਣਨ ਜਾ ਰਿਹਾ ਹੈ। ਭਾਜੀ ਬਰਜਿੰਦਰ ਸਿੰਘ ਹਮਦਰਦ ‘ਪੰਜਾਬੀ ਟ੍ਰਿਬਿਊਨ’ ਦੇ ਬਾਨੀ ਸੰਪਾਦਕ ਬਣ ਗਏ ਸਨ। ਭਾਜੀ ਬਰਜਿੰਦਰ ਸਿੰਘ ਦਾ ਪਿਆਰ ਅਤੇ ਚੰਡੀਗੜ੍ਹ ਦੀ ਖਿੱਚ ਪ੍ਰੇਮ ਗੋਰਖੀ ਨੂੰ ਜਲੰਧਰ ਤੋਂ ਤੋੜ ਕੇ ਲੈ ਗਈ ਸੀ। ਉਹ ਬਹੁਤ ਖ਼ੁਸ਼ ਸੀ। ਨਾ ਸਿਰਫ ਚੰਡੀਗੜ੍ਹ ਦੀ ਚਕਾਚੌਂਧ ਕਰਕੇ ਸਗੋਂ ਤਨਖਾਹ ਵਿੱਚ ਹੋਏ ਚੋਖੇ ਵਾਧੇ ਕਾਰਨ ਵੀ । ….ਹੁਣ ਉਹ ਹਫ਼ਤੇ ਦਸ ਦਿਨਾਂ ਬਾਅਦ ਜਲੰਧਰ ਆਉਂਦਾ ਤਾਂ ਦੋਸਤਾਂ ਨੂੰ ਮਿਲਣਾ ਨਾ ਭੁੱਲਦਾ। ਜਿਨ੍ਹਾਂ ਵੱਡੀਆਂ ਸ਼ਖਸੀਅਤਾਂ ਨੇ ਉਹਦੀ ਜ਼ਿੰਦਗੀ ਵਿੱਚ ਵਖ ਵਖ ਸਮਿਆਂ ਤੇ ਵੱਡੀਆਂ ਭੂਮਿਕਾਵਾਂ ਨਿਭਾਈਆਂ ਸਨ, ਉਹਨਾਂ ਨੂੰ ਉਹ ਕਦੇ ਨਾ ਵਿਸਾਰਦਾ । ਇਹਨਾਂ ਸ਼ਖ਼ਸੀਅਤਾਂ ਵਿਚ ਸ਼ਾਮਿਲ ਹਨ – ਅੰਮ੍ਰਿਤਾ ਪ੍ਰੀਤਮ, ਐੱਸ. ਕੇ. ਰਾਮਪਾਲ,ਜੰਗ ਬਹਾਦਰ ਗੋਇਲ ਅਤੇ ਬਰਜਿੰਦਰ ਸਿੰਘ ਹਮਦਰਦ।….
ਮੇਰੇ ਨਾਲ ਉਹਦਾ ਰਾਬਤਾ ਪੱਤਰਕਾਰੀ ਤੋਂ ਸੇਵਾਮੁਕਤ ਹੋ ਜਾਣ ਉਪਰੰਤ ਵੀ ਲਗਾਤਾਰ ਬਣਿਆ ਰਿਹਾ। ਉਸ ਨੇ ਦਲਿਤ ਸਮਾਜ ਦੇ ਕਰੂਰ ਯਥਾਰਥ ਨੂੰ ਆਪਣੀਆਂ ਲਿਖਤਾਂ ਵਿਚ ਜਿਸ ਕਲਾਤਮਿਕਤਾ ਨਾਲ ਪੁਨਰ ਸਿਰਜਤ ਕੀਤਾ, ਉਸ ਦਾ ਕੋਈ ਸਾਨੀ ਨਹੀਂ ਹੈ। ਉਸ ਨੇ ਆਪਣੇ ਜੀਵਨ ਦੀਆਂ ਉਨ੍ਹਾਂ ਪਰਤਾਂ ਨੂੰ ਵੀ ‘ਗ਼ੈਰ ਹਾਜ਼ਰ ਆਦਮੀ’ ਰਾਹੀਂ ਪਰਦੇ ਉੱਤੇ ਲਿਆਉਣ ਦੀ ਅਦਭੁਤ ਜ਼ੁਰਅਤ ਕੀਤੀ, ਜਿਨ੍ਹਾਂ ਨੂੰ ਇਕ ਸਧਾਰਨ ਆਦਮੀ ਲਕੋ ਕੇ ਰੱਖਣ ਵਿਚ ਵਧੇਰੇ ਵਡਿਆਈ ਸਮਝਦਾ ਹੈ। ਉਸ ਦੀ ਇਹ ਰਚਨਾ ਪਹਿਲਾਂ ‘ਨਾਗਮਣੀ’ ਦੇ ਘਸਮੇਲੇ ਪੰਨਿਆਂ ਨੂੰ ਲਿਸ਼ਕਾਉਂਦੀ ਰਹੀ ਤੇ ਫੇਰ ਪੁਸਤਕ ਰੂਪ ਵਿਚ ਆ ਕੇ ਗੋਰਖੀ ਨੂੰ ਇਕ ਕੱਦਾਵਾਰ ਮੀਨਾਰ ਵਜੋਂ ਸਥਾਪਤ ਕਰ ਗਈ।
ਗੋਰਖੀ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਆਪ ਆਪਣਾ ਪ੍ਰਚਾਰਕ ਨਹੀਂ ਸੀ। ਸਵੈ ਦਾ ਵਿਖਾਵਾ ਕਰਨਾ ਉਸ ਨੂੰ ਕਦੇ ਨਾ ਆਇਆ। ਆਪਣੇ ਨਾਲ ਹੁੰਦੀਆਂ ਸਾਹਿਤਕ-ਸਮਾਜਕ ਜ਼ਿਆਦਤੀਆਂ ਤੋਂ ਉਹ ਨਰਾਜ਼ ਤਾਂ ਹੁੰਦਾ, ਪਰ ਕਦੇ ਨਿਰਾਸ਼ ਨਾ ਹੁੰਦਾ। ਕਦੇ-ਕਦੇ ਦੱਬਵਾਂ ਜਿਹਾ ਰੋਸ ਕਰਦਾ। ਦੋਸਤਾਂ ਤੋਂ ਪਾਸਾ ਵੱਟ ਲੈਂਦਾ। ਹਲਕੀ ਜਿਹੀ ਹੂੰਗਰ ਮਾਰਦਾ, ਮੁਸਕਰਾਉਂਦਾ… ਤੇ ਫੇਰ ਚੁੱਪ ਹੋ ਜਾਂਦਾ ਅਤੇ ਅਗਲੀ ਕਹਾਣੀ ਦਾ ਤਾਣਾ ਬਾਣਾ ਬੁਣਨ ਲੱਗ ਜਾਂਦਾ…। ਉਸ ਦੀ ਅਜਿਹੀ ਚੁੱਪ ਵਿਚੋਂ ਹੀ ਨਿਕਲਦੀਆਂ ਸਨ, ਉਸ ਦੀਆਂ ਕਹਾਣੀਆਂ ਅਤੇ ਉਸਦੇ ਨਾਵਲਿਟ…। ‘ਮਿੱਟੀ ਰੰਗੇ ਲੋਕ’, ‘ਜੀਣ ਮਰਨ’, ‘ਧਰਤੀ ਪੁੱਤਰ’, ‘ਜਨਰੇਸ਼ਨ ਗੈਪ’, ‘ਤਿੱਤਰ ਖੰਭੀ ਜੂਹ’, ‘ਬੁੱਢੀ ਰਾਤ ਤੇ ਸੂਰਜ’ ਅਤੇ ‘ਵਣ ਵੇਲਾ’ ਵਰਗੀਆਂ ਉਸ ਦੀਆਂ ਰਚਨਾਵਾਂ ਨੇ ਪਾਠਕਾਂ ਦਾ ਇਕ ਵਿਸ਼ਾਲ ਘੇਰਾ ਸਥਾਪਤ ਕਰ ਲਿਆ ਸੀ। ਦੱਬੀ ਕੁਚਲੀ ਜ਼ਿੰਦਗੀ ਵਿਚ ਆਪਣੀ ਸਪੇਸ ਤਲਾਸ਼ਦੇ ਉਸ ਦੇ ਪਾਤਰ ਪ੍ਰੇਮ ਗੋਰਖੀ ਦੇ ਹੀ ਪਰਿਆਏ ਹਨ। ਜੋ ਅਸਲੋਂ ‘ਗ਼ੈਰ ਹਾਜ਼ਰ ਆਦਮੀ’ ਹਨ। ਪਰ ਇਹ ‘ਗ਼ੈਰ ਹਾਜ਼ਰ ਆਦਮੀ’ ਸਾਡੇ ਆਲੇ-ਦੁਆਲੇ, ਸਾਡੀਆਂ ਸੋਚਾਂ ਵਿਚ, ਸਾਡੀ ਮਾਨਸਿਕਤਾ ਵਿਚ ਹਮੇਸ਼ਾ ਹਾਜ਼ਰ ਹਨ। ਆਪਣੇ ਹਿੱਸੇ ਦੀ ਸਪੇਸ ਤਲਾਸ਼ਦੇ ਹੋਏ, ਆਪਣੇ ਹਿੱਸੇ ਦੀ ਹੋਣੀ ਭੋਗਦੇ ਹੋਏ ,ਜਿਨ੍ਹਾਂ ਲਈ ਸਮਾਜ ਦਾ ਤ੍ਰਿਸਕਾਰ ਅਣਕਿਆਸਿਆ ਹੈ । ਮਾਨਵੀ ਦਰਦ ਦੇ ਯਥਾਰਥ ਦੀ ਪ੍ਰਮਾਣਿਕ ਸਿਰਜਣਾ ਕਰਨ ਵਾਲਾ ਗੋਰਖੀ ਅਣਗੌਲਿਆ ਕਿਉਂ ਰਿਹਾ?ਇਹ ਸਵਾਲ ਮੈਨੂੰ ਅਕਸਰ ਪ੍ਰੇਸ਼ਾਨ ਕਰਦਾ ਹੈ।
ਦਿੱਲੀ ਦੀ ਇਕ ਸੰਸਥਾ ਵਲੋਂ ਮਿਲੇ ‘ਡਾ. ਅੰਬੇਡਕਰ ਪੁਰਸਕਾਰ’ ਤੋਂ ਬਿਨਾਂ ਉਸ ਨੂੰ ਕੋਈ ਵੱਡਾ ਸਾਹਿਤ ਪੁਰਸਕਾਰ ਨਹੀਂ ਮਿਲਿਆ, ਇਸਦਾ ਉਸ ਨੂੰ ਹਮੇਸ਼ਾ ਮਲਾਲ ਸੀ। ਹੁਣ ਉਸ ਦੇ ਚਲੇ ਜਾਣ ਨਾਲ ਇਹ ਮਲਾਲ ਸ਼ਾਇਦ ਸੋਚਸ਼ੀਲ ਸਾਹਿਤ ਆਲੋਚਕਾਂ ਨੂੰ ਅਤੇ ਸਾਹਿਤਕ ਸੰਸਥਾਵਾਂ ਨੂੰ ਵੀ ਰਹੇਗਾ ਕਿ ਉਹ ਸਮਾਂ ਰਹਿੰਦੇ ਉਸ ਦਾ ਬਣਦਾ ਹੱਕ ਅਦਾ ਨਾ ਕਰ ਸਕੇ। ਇਹ ਸਵਾਲ ਹਮੇਸ਼ਾ ਜਿਊਂਦਾ ਰਹੇਗਾ ਕਿ ਆਖ਼ਰ ਗੋਰਖੀ ਨੂੰ ਗੌਲਿਆ ਕਿਉਂ ਨਹੀਂ ਗਿਆ? ਇਨਾਮਾਂ ਸਨਮਾਨਾਂ ਬਾਰੇ ਗੱਲਬਾਤ ਕਰਦਿਆਂ ਉਸ ਨੇ ਇਕ ਵਾਰ ਕਿਹਾ ਸੀ:-
“ਇਨਾਮਾਂ-ਸਨਮਾਨਾਂ’ ਨਾਲ ਲੇਖਕ ਦਾ ਨਾਂਅ ਜ਼ਰੂਰ ਵੱਡਾ ਹੋ ਜਾਂਦਾ ਹੈ, ਪਰ ਉਸ ਦੀ ਰਚਨਾ ਵੱਡੀ ਨਹੀਂ ਹੁੰਦੀ।”
-ਡਾ. ਲਖਵਿੰਦਰ ਸਿੰਘ ਜੌਹਲ
20 ਪ੍ਰੋਫ਼ੈਸਰ ਕਾਲੋਨੀ ਵਡਾਲਾ ਚੌਕ, ਜਲੰਧਰ-144001
– 94171-94812
All reactions:
Devinder Bimra, Inderjit Singh Purewal and 93 others