ਰਿਆਸਤ ਫਰੀਦਕੋਟ ਦੇ ਆਖ਼ਰੀ ਰਾਜਾ, ਰਾਜਾ ਹਰਇੰਦਰ ਸਿੰਘ ‘ਫਰੀਦਕੋਟ’ ਬਰਾੜ ਬੰਸ ਬਹਾਦਰ ਦਾ ਜਨਮ, ਅੱਜ ਦੇ ਦਿਨ 29 ਜਨਵਰੀ 1915 ਨੂੰ ਕਿਲ੍ਹਾ ਮੁਬਾਰਕ ਫਰੀਦਕੋਟ ਵਿਖੇ ਪਿਤਾ ਮਹਾਰਾਜਾ ਬ੍ਰਿਜਿੰਦਰ ਸਿੰਘ ਅਤੇ ਮਾਤਾ ਮਹਾਰਾਣੀ ਮਹਿੰਦਰ ਕੌਰ ਦੇ ਘਰ ਹੋਇਆ। ਇਹਨਾਂ ਦੀ ਮਾਤਾ ਜੀ ਸਰਦਾਰ ਜੀਵਨ ਸਿੰਘ ਸਹਿਜਾਦਪੁਰ ਦੇ ਪਰਿਵਾਰ ‘ਚੋਂ ਸੀ ਜਿੰਨਾ ਦਾ ਪਿੱਛਾ ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਨਾਲ ਰਲਦਾ ਹੈ। ਕਿਸੇ ਬਿਮਾਰੀ ਕਾਰਨ ਅੱਠ ਸਾਲ ਦੀ ਉਮਰ ਵਿੱਚ ਡਾਕਟਰ ਦੀ ਸਲਾਹ ਨਾਲ ਇਹਨਾਂ ਨੂੰ ਇਲਾਜ ਲਈ ਇੰਗਲੈਂਡ ਭੇਜਿਆ ਗਿਆ ਸੀ। ਇਹਨਾਂ ਦੇ ਮਾਤਾ ਜੀ, ਭਰਾ ਕੰਵਰ ਮਨਜੀਤ ਸਿੰਘ ਅਤੇ ਮਾਮਾ ਕਰਨਲ ਰਾਮ ਸਿੰਘ ਵੀ ਨਾਲ ਇੰਗਲੈਂਡ ਗਏ ਸਨ ਜਿੱਥੇ ਇਹਨਾਂ ਦਾ ਲੰਮਾ ਇਲਾਜ ਚੱਲਿਆ। 1924 ਵਿੱਚ ਵਾਪਸ ਫਰੀਦਕੋਟ ਪਰਤੇ ਅਤੇ ਲਾਹੌਰ ਦੇ ਚੀਫਸ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ। ਇਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਅਤੇ ਪੋਲੋ ਦੇ ਬਹੁਤ ਚੰਗੇ ਖਿਡਾਰੀ ਸਨ। ਇਹਨਾਂ ਆਪਣੇ ਕਾਲਜ ਦੀ ਪੜ੍ਹਾਈ ਟਾਪ ਪੁਜ਼ੀਸ਼ਨ ‘ਚ ਪਾਸ ਕੀਤੀ। 1933 ‘ਚ ਪੂਨੇ ਜਾ ਕੇ ਫੌਜੀ ਟ੍ਰੇਨਿੰਗ ਲਈ ਅਤੇ ਮਗਰੋਂ ਸਿੱਖ ਰੈਜੀਮੈਂਟ ‘ਚ 2/Lt ਲਾਇਆ ਗਿਆ। ਦੂਜੀ ਸੰਸਾਰ ਜੰਗ ਵੇਲੇ ਉਹ ਕੋਹੀਮਾ ਵਿੱਚ ਤੈਨਾਤ ਰਹੇ। 1941 ਵਿੱਚ SIKH LI ਵਿੱਚ ਅਤੇ ਆਖ਼ਰੀ ਸਮੇਂ ਤੱਕ ਆਨਰੇਰੀ ਕਰਨਲ ਆਫ ਰੈਜੀਮੈਂਟ ਰਹੇ।
ਇਸੇ ਸਮੇਂ ਦੌਰਾਨ 1934 ‘ਚ ਬਾਲਗ ਹੋਣ ‘ਤੇ ਇਹਨਾਂ ਰਾਜਪ੍ਰਬੰਧ ਵੀ ਸੰਭਾਲ ਲਿਆ। ਇਹਨਾਂ ਨੇ ਸੋਚਿਆ ਕਿ ਸੁਚਿਆਰਾ ਰਾਜਪ੍ਰਬੰਧ ਚਲਾਉਣ ਲਈ ਰਿਆਸਤ ਦਾ ਸਿੱਖਿਆ ਦਾ ਪੱਧਰ ਉੱਚਾ ਕਰਨਾ ਅਤੇ ਰਿਆਸਤ ‘ਚ ਵਿੱਦਿਆ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ। ਉਸ ਸਮੇਂ ਇੱਕ ਹਾਈ ਸਕੂਲ ‘ਤੇ 5 ਮਿਡਲ ਸਕੂਲ ਸਨ ਜਦੋਂ ਕਿ ਇਹਨਾਂ ਦੇ ਰਾਜ ਪ੍ਰਬੰਧ ਵਿੱਚ ਇਹ ਗਿਣਤੀ ਬਹੁਤ ਵੱਧ ਗਈ ਸੀ। ਇਹਨਾਂ ਨੇ ਜੋ ਸਿੱਖਿਆ ਸੰਸਥਾਵਾਂ ਚਲਾਈਆਂ ਉਹਨਾਂ ਵਿੱਚ
ਸਾਇੰਸ ਤੇ ਆਰਟਸ ਲਈ ਬ੍ਰਿਜਿੰਦਰਾ ਕਾਲਜ (ਜੋ ਪਹਿਲਾਂ ਸਕੂਲ ਸੀ) ਅਤੇ ਨਾਲ ਹੀ
ਖੇਤੀਬਾੜੀ ਕਲਾਸਾਂ ਚਾਲੂ ਕੀਤੀਆਂ (ਜੋ ਹੁਣ ਬੰਦ ਹੋਣ ਮਗਰੋਂ ਸੈਲਫ ਫਾਇਨਾਂਸਡ ਪ੍ਰੋਗਰਾਮ ਤਹਿਤ ਸਾਹ ਵਰੋਲ਼ ਰਹੀਆਂ ਹਨ।)
ਬੈਚੂਲਰ ਆਫ ਟੀਚਿੰਗ BT (ਅੱਜ ਦਾ ਬੀਐਡ ਕਾਲਜ, ਅਣਵੰਡੇ ਪੰਜਾਬ ‘ਚ ਸਿਰਫ ਤਿੰਨ ਕਾਲਜ ਸਨ)
ਬਿਕਰਮ ਕਾਲਜ ਆਫ ਕਾਮਰਸ (ਜੋ ਅੱਜਕੱਲ੍ਹ ਪਟਿਆਲ਼ਾ ਵਿਖੇ ਚੱਲ ਰਿਹਾ ਹੈ, ਹੁਣ ਦੇ ਬੀਐਡ ਕਾਲਜ ‘ਚ ਚੱਲਦਾ ਸੀ)
JVT ਟ੍ਰੇਨਿੰਗ ਵਿੰਗ (ਭਾਸ਼ਾ ਅਧਿਆਪਕਾਂ ਲਈ ਜੂਨੀਅਰ ਵਰਨੇਕੂਲਰ ਟੀਚਰਜ ਟ੍ਰੇਨਿੰਗ)
ਦਰਜਨਾਂ ਹਾਈ ਸਕੂਲ ਤੇ ਰਿਆਸਤ ਦੇ ਹਰ ਪਿੰਡ ‘ਚ ਪ੍ਰਾਇਮਰੀ ਸਕੂਲ
ਹਾਈ ਸਕੂਲਾਂ ਦੇ ਨਾਲ ਹੋਸਟਲ ਹੁੰਦਾ ਸੀ ਤਾਂ ਜੋ ਦੂਰ ਵਾਲੇ ਵਿਦਿਆਰਥੀ ਰਹਿ ਕੇ ਪੜ੍ਹ ਸਕਣ।
ਇਹਨਾਂ ਨੂੰ ਖੁਦ ਖੇਡਣ ਦਾ ਸ਼ੌਂਕ ਸੀ ਸੋ ਇਹਨਾਂ ਵਿਕਟਰੀ ਸਟੇਡੀਅਮ ਬਣਾਇਆ ਜਿਸਨੂੰ ਹੁਣ ਨਹਿਰੂ ਸਟੇਡੀਅਮ ਕਹਿੰਦੇ ਹਨ। ਇਸ ਵਿੱਚ ਦੌੜਨ ਲਈ ਟਰੈਕ, ਸਾਇਕਲਿੰਗ ਟਰੈਕ ਅਤੇ ਅਥਲੈਟਿਕਸ ਈਵੈਂਟ ਸ਼ੁਰੂ ਕੀਤੇ ਗਏ। ਖੁਦ ਪੋਲੋ ਤੋਂ ਬਿਨਾ ਹਾਕੀ ਦੇ ਵੱਡੇ ਸ਼ੌਕੀਨ ਸਨ ਸੋ ਹਾਕੀ, ਕੁਸ਼ਤੀ, ਕਬੱਡੀ ਅਤੇ ਸੌਂਚੀ ਦੀ ਸਿਖਲਾਈ ਸ਼ੁਰੂ ਕੀਤੀ ਗਈ।
ਪੇਂਡੂ ਰਾਹਾਂ ਨੂੰ ਪੱਕੀਆਂ ਸ਼ੜਕਾਂ ਬਣਾ ਕੇ ਸ਼ਹਿਰ ਨਾਲ ਜੋੜਿਆ ਗਿਆ ਅਤੇ ਮੰਡੀਆਂ ਨੂੰ ਅਧੁਨਿਕ ਰੂਪ ਦਿੱਤਾ।
ਸਹਿਕਾਰੀ ਸਭਾਵਾਂ ਅਤੇ ਬੈਂਕ ਤੱਕ ਦੀ ਸਥਾਪਨਾ ਇਹਨਾਂ ਦੇ ਰਾਜ ਵਿੱਚ ਹੋ ਚੁੱਕੀ ਸੀ। ਪਿੰਡਾਂ ‘ਚ ਪੰਚਾਇਤੀ ਸਿਸਟਮ ਸ਼ੁਰੂ ਕੀਤਾ ਜਿਸ ਵਿੱਚ ਕੁਝ ਮੈਂਬਰ ਪਿੰਡ ਵਾਲੇ ਆਪ ਚੁਣਦੇ ਸਨ ਅਤੇ ਕੁਝ ਮੈਂਬਰ ਨਾਮਜ਼ਦ ਹੁੰਦੇ ਸਨ ਅਤੇ ਬਹੁਤੇ ਮਸਲੇ ਪਿੰਡ ਪੱਧਰ ‘ਤੇ ਨਿਪਟਾਏ ਜਾਂਦੇ ਸਨ।
ਰਾਜ ਪ੍ਰਬੰਧ ਹੋਰ ਦਰੁਸਤ ਕਰਨ ਲਈ 1934 ‘ਚ ਸੈਕਟਰੀਏਟ (ਅੱਜਕੱਲ੍ਹ ਜੁਡੀਸ਼ੀਅਲ ਕੰਪਲੈਕਸ) ਬਣਾਈ ਗਈ ਤੇ ਇੱਥੇ ਇਹਨਾਂ ਦਾ ਖੁਦ ਦਾ ਦਫ਼ਤਰ ਅਤੇ ਨਿਆਂ ਮਹਿਕਮਾ ਅਤੇ ਰਿਆਸਤ ਦੇ ਬਾਕੀ ਪ੍ਰਬੰਧਕੀ ਦਫਤਰ ਬਣਾਏ ਗਏ। ਫਰੀਦਕੋਟ ਅਤੇ ਕੋਟਕਪੂਰਾ ‘ਚ ਵੱਡੇ ਹਸਪਤਾਲਾਂ ਤੋਂ ਬਿਨਾ ਪਸ਼ੂ ਹਸਪਤਾਲ, ਰਿਆਸਤ ਦੇ ਵੱਡੇ ਪਿੰਡਾਂ ਵਿੱਚ ਪਸ਼ੂ ਡਿਸਪੈਂਸਰੀਆਂ ਬਣਾਈਆਂ ਸਨ। ਇਸ ਤੋਂ ਬਿਨਾ ਖੂਹ, ਬਾਗ, ਖੇਤੀਬਾੜੀ ਫਾਰਮ ਵੀ ਬਣਾਏ ਗਏ। ਇਸ ਤੋਂ ਬਿਨਾ ਕੁਝ ਸਨਅਤਾਂ ਵੀ ਲਗਾਈਆਂ ਗਈਆਂ ਜਿਵੇਂ-
ਸ਼ੀਸ਼ਾ ਫੈਕਟਰੀ (ਜਿੱਥੇ ਅੱਜਕੱਲ੍ਹ ਦਸਮੇਸ਼ ਪਬਲਿਕ ਸਕੂਲ ਦਾ ਮੁੱਖ ਗੇਟ ਹੈ)
ਇਸ ਵਿੱਚ ਹੀ ਕਿਰਪਾਨ ਫੈਕਟਰੀ ਸੀ।
ਸਟਾਰਚ ਫੈਕਟਰੀ (ਜਿੱਥੇ ਅੱਜਕੱਲ੍ਹ ਬੀਐਸਐਫ ਦਾ ਟਿਕਾਣਾ ਹੈ)
ਸਕਰਿਊ ਫੈਕਟਰੀ ਜਿੱਥੇ ਅੱਜਕੱਲ੍ਹ ਅਮਰ ਆਸ਼ਰਮ ਹੁਣ ਅਮਰ ਪੈਲੇਸ ਹੈ।
ਡਿਸਟਿਲਰੀ (ਸ਼ਰਾਬ ਦੀ ਇਹ ਫੈਕਟਰੀ ਅੱਜ ਦੇ ਸਦਰ ਥਾਣਾ ਵਿਖੇ ਸੀ ਅਤੇ ਇਹ ਸ਼ਰਾਬ ਲਾਇਲਪੁਰ ਤੱਕ ਮਸ਼ਹੂਰ ਸੀ)
ਇਹ ਇਕਾਈਆਂ ਹੁਣ ਦੇ ਪਬਲਿਕ ਸੈਕਟਰ ਦੀ ਤਰ੍ਹਾਂ ਸਨ ਜੋ ਕਿ ‘ਅਜ਼ਾਦੀ’ ਮਗਰੋਂ ਬੰਦ ਕਰ ਦਿੱਤੀਆਂ ਗਈਆਂ।
ਇਹਨਾਂ ਨੇ ਆਖ਼ਰੀ ਸਮੇਂ ਤੱਕ ਸਿੱਖ ਸਟੇਟ ਬਣਾ ਕੇ ਅਲੱਗ ਸਿੱਖ ਦੇਸ਼ ਬਣਾਉਣ ਦੀਆਂ ਕੋਸ਼ਸ਼ਾਂ ਕੀਤੀਆਂ ਪਰ ਬਾਕੀ ਰਿਆਸਤਾਂ ਦਾ ਸਾਥ ਨਾ ਮਿਲਣ ਕਰਕੇ ਇਹ ਕੋਸ਼ਸ਼ਾਂ ਅਸਫਲ ਰਹੀਆਂ। ਇਹਨਾਂ ਇਥੋਪੀਆ ਵਿਖੇ ਜ਼ਮੀਨ ਖਰੀਦ ਕੇ ਅਲੱਗ ਦੇਸ਼ ਬਣਾਉਣ ਦੀ ਕੋਸ਼ਸ਼ ਵੀ ਕੀਤੀ ਪਰ ਇੱਥੇ ‘ਅਜਾਦੀ ਮਿਲਣ’ ਅਤੇ ਇਥੋਪੀਆ ‘ਚ ਰਾਜ ਪਲਟਾ ਹੋ ਜਾਣ ਕਰਕੇ ਇਹਨਾਂ ਨੂੰ ਕਾਮਯਾਬੀ ਨਾ ਮਿਲ ਸਕੀ। ਰਿਆਸਤ ਦਾ ਬਹੁਤਾ ਪੈਸਾ ਅਤੇ ਹੀਰੇ ਜਵਾਹਰਾਤ ਸਮੁੰਦਰ ਰਸਤੇ ਇਥੋਪੀਆ ਤਬਦੀਲ ਕਰਨ ਦੇ ਚੱਕਰ ‘ਚ ਹੀ ਅੱਜਕੱਲ੍ਹ ਮੁੰਬਈ ਦੇ ਬੈਂਕਾਂ ‘ਚ ਪਿਆ ਹੈ। ਇਹਨਾਂ ਦਾ ਵਿਆਹ ਭਰੇਲੀ (ਅੰਬਾਲਾ) ਦੇ ਸਰਦਾਰ ਭਗਵੰਤ ਸਿੰਘ ਦੀ ਪੁੱਤਰੀ ਨਰਿੰਦਰ ਕੌਰ ਨਾਲ ਹੋਇਆ ਅਤੇ ਇਹਨਾਂ ਦੇ ਇੱਕ ਪੁੱਤਰ ਟਿੱਕਾ ਹਰਮੋਹਿੰਦਰ ਸਿੰਘ (ਜਿੰਨਾਂ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਗਈ ਸੀ) ਤਿੰਨ ਧੀਆਂ ਅੰਮ੍ਰਿਤ ਕੌਰ (ਅੱਜਕੱਲ੍ਹ ਚੰਡੀਗੜ੍ਹ ਵਿਖੇ), ਦੀਪਇੰਦਰ ਕੌਰ (ਬਰਧਮਾਨ ਰਿਆਸਤ ਦੀ ਮਹਾਰਾਣੀ, ਹੁਣ ਮੌਤ ਹੋ ਚੁੱਕੀ ਹੈ) ਅਤੇ ਮਹੀਪਇੰਦਰ ਕੌਰ( ਬਚਪਨ ‘ਚ ਮੌਤ ਹੋ ਗਈ) ਸਨ।
ਰਾਜਾ ਹਰਇੰਦਰ ਸਿੰਘ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ ਸੀ।
ਇਹਨਾਂ ਤੋਂ ਬਾਅਦ ਇਹਨਾਂ ਬਹੁਤੀ ਜਾਇਦਾਦ ‘ਤੇ ਟਰੱਸਟ ਦਾ ਕਬਜ਼ਾ ਸੀ ਜਿਸਦੀ ਚੇਅਰਪਰਸਨ ਇਹਨਾਂ ਦੀ ਵਿਚਕਾਰਲੀ ਬੇਟੀ ਅਤੇ ਬੰਗਾਲ ਵਿੱਚ ਬਰਧਮਾਨ ਰਿਆਸਤ ਦੀ ਮਹਾਰਾਣੀ ਦੀਪਇੰਦਰ ਕੌਰ ਰਹੀ ਸੀ। ਇਸ ਟਰੱਸਟ ਨੂੰ ਵੱਡੀ ਬੇਟੀ ਅੰਮ੍ਰਿਤ ਕੌਰ ਨੇ ਅਦਾਲਤ ‘ਚ ਚੈਲਿੰਜ ਕੀਤਾ ਸੀ ਜਿਸ ਦਾ ਲੰਮਾ ਸਮਾਂ ਕੇਸ ਚੱਲਿਆ ਅਤੇ ਟਰੱਸਟ ਕੇਸ ਹਾਰ ਗਿਆ ਸੀ. ਅਦਾਲਤ ਨੇ ਲਗਭਗ ਵੀਹ-ਪੱਚੀ ਹਜ਼ਾਰ ਕਰੋੜ ਦੀ ਸੰਪਤੀ ਦਾ ਬਟਵਾਰਾ ਰਾਜਾ ਸਾਹਿਬ ਦੀਆਂ ਦੋ ਬੇਟੀਆਂ ਅਤੇ ਰਾਜਾ ਸਾਹਿਬ ਦੇ ਭਰਾ ਦੇ ਪਰਿਵਾਰ ਵਿੱਚ ਕੀਤਾ ਹੈ ਪਰੰਤੂ ਇਹਨਾਂ ਪਰਿਵਾਰਾਂ ਵਿੱਚ ਆਪਸੀ ਸਹਿਮਤੀ ਤੇ ਵੰਡ ਨਾ ਹੋ ਸਕਣ ਕਾਰਨ ਰਿਆਸਤ ਦੀਆਂ ਜਾਇਦਾਦਾਂ, ਜਿੰਨਾਂ ਵਿੱਚ ਵਾਹੀਯੋਗ ਜ਼ਮੀਨਾਂ, ਬਾਗ, ਕਿਲਾ, ਰਾਜ ਮਹਿਲ, ਇੱਕ ਚੈਰੀਟੇਬਲ ਹਸਪਤਾਲ ਅਤੇ ਫਰੀਦਕੋਟ, ਦਿੱਲੀ, ਸ਼ਿਮਲਾ ਆਦਿ ਵਿੱਚ ਵੱਡੀਆਂ ਜਾਇਦਾਦਾਂ ਖੰਡਰ ਬਣ ਰਹੇ ਹਨ। ਪੈਸਾ ਅਤੇ ਹੀਰੇ ਜਵਾਹਰਾਤ ਮੁੰਬਈ ਦੀਆਂ ਬੈਂਕਾਂ ਵਿੱਚ ਪਿਆ ਹੈ।
– ਸ਼ਿਵਜੀਤ ਸਿੰਘ ‘ਫਰੀਦਕੋਟ’