ਲਹਿਰਾਗਾਗਾ 3 ਮਈ (ਬੂਟਾ ਸਿੰਘ ਭੁਟਾਲ)ਅੱਜ ਦਾ ਦਿਨ ਬੇਹੱਦ ਮੁਬਾਰਕ ਅਤੇ ਸੁਭਾਗਾ ਹੈ। ਰਜਿੰਦਰ ਪਾਲ ਸ਼ਰਮਾ ਜੀ, ਜਿਨ੍ਹਾਂ ਨੇ ਇੱਕ ਲੰਮੇ ਅਰਸੇ ਤੱਕ ਇਸ ਪਿੰਡ ਸੰਗਤੀਵਾਲ ਵਿਖੇ ਪੂਰੇ 37-6 ਸਾਲ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿਚ ਨੌਕਰੀ ਕੀਤੀ, ਅੱਜ ਆਪਣੀ ਨੌਕਰੀ ਦੇ ਉਸ ਖ਼ੂਬਸੂਰਤ ਮੁਕਾਮ ‘ਤੇ ਪਹੁੰਚ ਗਏ ਹਨ ਜੋ ਹਰ ਮੁਲਾਜ਼ਮ ਦੀ ਤਮੰਨਾ ਹੁੰਦੀ ਹੈ। ਵਾਹਿਗੁਰੂ ਜੀ ਦੀ ਮਿਹਰ ਹੈ ਕਿ ਉਹ ਖ਼ੁਸ਼ੀ ਅਤੇ ਸਿਹਤਯਾਬੀ ਦੇ ਨਾਲ ਸੇਵਾਮੁਕਤ ਹੋ ਰਹੇ ਹਨ। ਅਸੀਂ ਸਾਰੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਇਸ ਖ਼ੁਸ਼ੀਆਂ ਭਰੇ ਮੌਕੇ ‘ਤੇ ਮੁਬਾਰਕਬਾਦ ਦਿੰਦੇ ਹਾਂ।
ਸਾਡੇ ਲਈ ਇਹ ਬੜੇ ਫ਼ਖ਼ਰ ਦੀ ਗੱਲ ਹੈ ਕਿ ਸ਼ਰਮਾ ਜੀ ਨੇ ਆਪਣੀ ਜ਼ਿੰਦਗੀ ਦਾ ਉਹ ਕੀਮਤੀ ਸਰਮਾਇਆ, ਜਿਸ ਵਿੱਚ ਇਨਸਾਨ ਆਪਣੀਆਂ ਮੰਜ਼ਿਲਾਂ ਦੀ ਭਾਲ ਕਰਦਾ ਹੈ ਅਤੇ ਉਹਨਾਂ ਨੂੰ ਸਰ ਕਰਨ ਲਈ ਆਪਣੀ ਹਸਤੀ ਦਾਅ ‘ਤੇ ਲਗਾ ਦਿੰਦਾ ਹੈ, ਉਹ ਤਮਾਮ ਵਕਤ ਸਾਡੇ ਪਿੰਡ ਸੰਗਤੀ ਵਾਲਾ ਦੀ ਬਿਹਤਰੀ ਲਈ ਲਾਇਆ।
ਖ਼ੂਬਸੂਰਤ ਗੱਲ ਤਾਂ ਇਹ ਹੈ ਕਿ ਸ਼ਰਮਾ ਜੀ ਨੇ ਆਪਣੀ ਸੇਵਾ ਦੌਰਾਨ ਇਸ ਪਿੰਡ ਵਿੱਚ ਉਹ ਮਰਤਬਾ ਹਾਸਲ ਕੀਤਾ ਹੈ ਜੋ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦਾ। ਅੱਜ ਪੂਰਾ ਪਿੰਡ ਇੰਝ ਮਹਿਸੂਸ ਕਰ ਰਿਹਾ ਹੈ ਜਿਵੇਂ ਸਾਡੇ ਆਪਣੇ ਪਰਿਵਾਰ ਦਾ ਕੋਈ ਜੀਅ ਅੱਜ ਵਿਦਾ ਹੋ ਰਿਹਾ ਹੋਵੇ। ਇਹ ਉਹਨਾਂ ਦੀ ਫ਼ਰਾਖ਼ਦਿਲੀ ਅਤੇ ਮਿਲਣਸਾਰ ਸੁਭਾਅ ਕਰਕੇ ਪਿੰਡ ਦਾ ਹਰ ਸ਼ਖ਼ਸ ਉਹਨਾਂ ਨੂੰ ਆਪਣਾ ਰੂਹਾਨੀ ਰਿਸ਼ਤੇਦਾਰ ਮੰਨਦਾ ਹੈ। ਅਸੀਂ ਉਹਨਾਂ ਦੀ ਕਾਮਯਾਬੀ ‘ਤੇ ਖ਼ੁਸ਼ ਵੀ ਹਾਂ, ਪਰ ਦਿਲ ਵਿੱਚ ਇੱਕ ਮਲਾਲ ਵੀ ਹੈ ਕਿ ਉਹ ਸਾਥੋਂ ਜੁਦਾ ਹੋ ਰਹੇ ਹਨ।
ਪਿਛਲੇ ਦਿਨੀਂ ਜਦੋਂ ਸ਼ਰਮਾਂ ਜੀ ਨੇ ਸੇਵਾਮੁਕਤੀ ਦੀ ਖੁਸ਼ੀ ਵਿੱਚ ਪਿੰਡ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ, ਤਾਂ ਹਰ ਘਰ ਵਿੱਚੋਂ ਸ਼ਾਮਿਲ ਹੋਈ ਸੰਗਤ ਉਹਨਾਂ ਦੀ ਮੁਹੱਬਤ ਦਾ ਜ਼ਿੰਦਾ ਸਬੂਤ ਸੀ।
ਪੰਡਿਤ ਜੀ ਨੇ ਸੰਗਤੀਵਾਲਾ ਵਿੱਚ ਬੜਾ ਲੰਬਾ ਵਕਤ ਗੁਜ਼ਾਰਿਆ ਹੈ। ਪਰ ਯਾਦਾਂ ਵਿਚੋਂ, ਇੱਕ ਗੱਲ ਜੋ ਮੈਂ ਖ਼ਾਸ ਤੌਰ ‘ਤੇ ਸਾਂਝੀ ਕਰਨੀ ਚਾਹੁੰਦਾ ਹਾਂ, ਉਹ ਹੈ ਉਹਨਾਂ ਦਾ ਸਬਰ/ਵਡੱਪਣ। ਪੰਡਿਤ ਜੀ ਨੇ ਤਿੰਨ ਪੀੜ੍ਹੀਆਂ ਨਾਲ ਆਪਣੀ ਦੋਸਤੀ ਕਾਇਮ ਰੱਖੀ। ਉਹਨਾਂ ਦੀ ਮੁਹੱਬਤ ਦਾ ਆਲਮ ਇਹ ਹੈ ਕਿ ਜਿੰਨੀ ਨੇੜਤਾ ਮੇਰੇ ਤੋਂ 20-25 ਸਾਲ ਵੱਡੇ ਬਜ਼ੁਰਗਾਂ ਨਾਲ ਹੈ, ਉਨੀ ਹੀ ਗੂੜ੍ਹੀ ਸਾਂਝ ਉਹਨਾਂ ਦੀ ਮੇਰੇ ਹਮ-ਉਮਰ ਦੋਸਤਾਂ ਨਾਲ ਹੈ ਅਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਅੱਜ ਉਹ ਛੋਟੇ ਬੱਚਿਆਂ ਦੇ ਵੀ ਉਨੇ ਹੀ ਅਜ਼ੀਜ਼ ਦੋਸਤ ਬਣ ਕੇ ਵਿਚਰ ਰਹੇ ਹਨ।
ਦੋਸਤੋ, ਪੰਡਿਤ ਜੀ ਦੀ ਸ਼ਖ਼ਸੀਅਤ ਦਾ ਇੱਕ ਹੋਰ ਚਮਕਦਾ ਪਹਿਲੂ ਉਹਨਾਂ ਦਾ ‘ਜਜ਼ਬਾ-ਏ-ਜੁਨੂੰਨ’ ਹੈ। ਮੈਨੂੰ ਯਾਦ ਹੈ, ਇੱਕ ਵਾਰ ਮੈਂ ਫੇਸਬੁੱਕ ‘ਤੇ ਮੋਗੇ ਵੱਲ ਕਿਸੇ ਪਿੰਡ ਦੇ ਕੂਹਣੀ ਮੋੜਾਂ ‘ਤੇ ਲੱਗੇ ਸ਼ੀਸ਼ੇ’ ਵੇਖੇ। ਮੇਰੇ ਦਿਲ ਵਿੱਚ ਖ਼ਾਹਿਸ਼ ਪੈਦਾ ਹੋਈ ਕਿ ਇਹ ਸਾਡੇ ਪਿੰਡ ਵੀ ਹੋਣੇ ਚਾਹੀਦੇ ਹਨ। ਮੈਂ ਆਪਣਾ ਇਹ ਤਸੱਵਰ ਪੰਡਿਤ ਜੀ ਨਾਲ ਸਾਂਝਾ ਕੀਤਾ, ਤਾਂ ਉਹਨਾਂ ਨੇ ਬਿਨਾਂ ਦੇਰੀ ਕੀਤੇ ਪੂਰੀ ਤਨਦੇਹੀ ਨਾਲ ਇਸ ਕੰਮ ਦਾ ਬੀੜਾ ਉਠਾਇਆ। ਉਹਨਾਂ ਨੇ ਪਿੰਡ ਦੇ ਨੌਜਵਾਨਾਂ ਦੀ ਇੱਕ ਟੀਮ ਤਿਆਰ ਕੀਤੀ ਅਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ। ਸੰਗਤੀ ਵਾਲਾ ਤੋਂ ਸ਼ੁਰੂ ਹੋ ਕੇ ਗੁਆਂਢੀ ਪਿੰਡਾ ਤੋ ਪੂਰੇ ਸੰਗਰੂਰ ਤੱਕ, ਹਰ ਮੋੜ ‘ਤੇ ਲੱਗੇ ਉਹ ਸ਼ੀਸ਼ੇ ਸ਼ਰਮਾ ਜੀ ਦੀ ਮਿਹਨਤ ਦੀ ਗਵਾਹੀ ਦਿੰਦੇ ਹਨ। ਇਸ ਇਲਾਕੇ ਵਿੱਚ ਇਸ ਨਵੀਂ ਪਹਿਲ ਦਾ ਮੁੱਢ ਬੰਨ੍ਹਣ ਵਾਲੇ ਰਜਿੰਦਰ ਪਾਲ ਸ਼ਰਮਾ ਜੀ ਹੀ ਹਨ।
ਸ਼ਰਮਾਂ ਜੀ ਦੀ ਸਿਫ਼ਤ ਵਿੱਚ ਜੇ ਇਹ ਕਹਾ ਕਿ ਉਹ ‘ਹਰਫ਼ਨ ਮੌਲਾ’ ਹਨ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਉਹਨਾਂ ਦੀ ਡਿਊਟੀ ਕਿਸੇ ਹੋਰ ਮਹਿਕਮੇ ਵਿੱਚ ਸੀ, ਪਰ ਸਮਾਜ ਭਲਾਈ ਦਾ ਕੋਈ ਵੀ ਕੰਮ ਹੋਵੇ, ਉਹ ਉਸ ਨੂੰ ਆਪਣੀ ਰੂਹ ਨਾਲ ਨਿਭਾਉਂਦੇ ਹਨ। ਮੈਨੂੰ ਇੱਕ ਹੋਰ ਵਾਕਿਆ ਯਾਦ ਆ ਰਿਹਾ ਹੈ; ਸਕੂਲ ਲਈ ਇੱਕ ਮੈਡਮ ਨੇ ਕੁਝ ਰੁਪਏ ਦਾਨ ਦਿੱਤਾ ਅਤੇ ਇੱਛਾ ਜਤਾਈ ਕਿ ਕੁਝ ਅਜਿਹਾ ਬਣਾਇਆ ਜਾਵੇ ਜੋ ਲਾ-ਜਵਾਬ ਹੋਵੇ। ਮੇਰੇ ਜ਼ਿਹਨ ਵਿੱਚ ਇੱਕ ‘ਵਰਕਿੰਗ ਗਲੋਬ’ ਦਾ ਖ਼ਿਆਲ ਆਇਆ, ਪਰ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਜਦੋਂ ਸ਼ਰਮਾਂ ਜੀ ਨੂੰ ਦੱਸਿਆ, ਤਾਂ ਉਹਨਾਂ ਨੇ ਬੜੇ ਇਤਮਿਨਾਨ ਨਾਲ ਕਿਹਾ, “ਤੁਸੀਂ ਫ਼ਿਕਰ ਨਾ ਕਰੋ, ਇਹ ਹੋ ਜਾਵੇਗਾ।”
ਸੱਚ ਜਾਣਿਓ, ਉਹਨਾਂ ਨੇ ਆਪਣੀ ਕਾਬਲੀਅਤ ਅਤੇ ਜੁਗਾੜ ਨਾਲ ਇੱਕ ਪੁਰਾਣੇ ਗੱਡੇ ਦਾ ਹਿੱਸਾ ਲਿਆ, ਉਸ ਉੱਤੇ ਪੱਥਰ ਦੀ ਟੈਂਕੀ ਟਿਕਾਈ ਅਤੇ ਇੱਕ ਅਜਿਹੀ ਆਲੀਸ਼ਾਨ ‘ਵਰਕਿੰਗ ਗਲੋਬ’ ਤਿਆਰ ਕੀਤੀ ਜੋ ਪਿੰਡ ਭਾਈ ਕੀ ਪਿਸ਼ੌਰ ਦੇ ਸਕੂਲ ਦੀ ਸ਼ਾਨ ਹੈ। ਅੱਜ ਉਸ ਵਿਚਾਰ ਨੂੰ ਮੋਡੀਫਾਈ ਕਰਕੇ ਕਈ ਸਕੂਲਾਂ ਵਿੱਚ ਗਲੋਬ ਬਣੇ ਹੋਏ ਹਨ ।
ਪੰਡਿਤ ਜੀ ਦੇ ਗੁਣਾਂ ਦੀ ਸੂਚੀ ਬਹੁਤ ਲੰਮੀ ਹੈ। ਚਾਹੇ ਨਹਿਰ ਵਿੱਚ ਤਾਰੀਆਂ ਲਾਉਣੀਆਂ ਹੋਣ, ਚਾਹੇ ਵਾਲੀਬਾਲ ਦੇ ਮੈਦਾਨ ਵਿੱਚ ਜੌਹਰ ਦਿਖਾਉਣੇ ਹੋਣ, ਜਾਂ ਕਿਸੇ ਦੀ ਮਦਦ ਲਈ ਅੱਗੇ ਆਉਣਾ ਹੋਵੇ—ਮੈਂ ਉਹਨਾਂ ਦੇ ਮੂੰਹ ਤੋਂ ਕਦੇ ‘ਨਾ’ ਨਹੀਂ ਸੁਣੀ। ਉਹ ਸਿਰਫ਼ ਸਰੀਰਕ ਤੌਰ ‘ਤੇ ਹੀ ਨਹੀਂ, ਬਲਕਿ ਮਾਲੀ (ਆਰਥਿਕ) ਤੌਰ ‘ਤੇ ਵੀ ਹਮੇਸ਼ਾ ਹਾਜ਼ਿਰ ਰਹਿੰਦੇ ਹਨ। ਪਿੰਡ ਵਿੱਚ ਜਦੋਂ ਵੀ ਕਿਸੇ ਨੇਕ ਕੰਮ ਲਈ ‘ਢਾਲ’ ਪੈਂਦੀ ਹੈ, ਤਾਂ ਸਭ ਤੋਂ ਪਹਿਲਾ ਹੱਥ ਸ਼ਰਮਾ ਜੀ ਦਾ ਹੁੰਦਾ ਹੈ।
ਇੱਕ ਹੋਰ ਵਾਕਿਆ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ, ਉਹ ਹੈ ਉਹਨਾਂ ਦਾ ਜਜ਼ਬਾ-ਏ-ਹਮਦਰਦੀ। ਇੱਕ ਵਾਰ ਅਸੀਂ ਗੱਲਾਂ ਕਰ ਰਹੇ ਸੀ ਕਿ ਘਰਾਂ ਵਿੱਚ ਵਾਧੂ ਕੱਪੜੇ ਇਕੱਠੇ ਹੋ ਰਹੇ ਹਨ। ਮੇਰੇ ਭਰਾ ਨੇ ਦੱਸਿਆ ਸੀ ਕਿ ਆਸਟਰੇਲੀਆ ਵਰਗੇ ਮੁਲਕਾਂ ਵਿੱਚ ਲੋਕ ਪੁਰਾਣੀਆਂ ਚੀਜ਼ਾਂ ਬਾਹਰ ਰੱਖ ਦਿੰਦੇ ਹਨ ਤਾਂ ਜੋ ਲੋੜਵੰਦ ਲੈ ਜਾਣ। ਅਸੀਂ ਵੀ ਅਜਿਹਾ ਹੀ ਕੁਝ ਕਰਨ ਦਾ ਮਨ ਬਣਾਇਆ।
ਸ਼ਰਮਾ ਜੀ ਨੇ ਤੁਰੰਤ ਆਪਣੇ ਦੋਸਤਾਂ-ਮਿੱਤਰਾਂ ਤੋਂ ਤਿੰਨ ਵੱਡੇ ਬੋਰੇ ਵਧੀਆ ਪੈਂਟ-ਕੋਟ ਅਤੇ ਕੱਪੜਿਆਂ ਦੇ ਲਿਆ ਕੇ ਮੈਨੂੰ ਦਿੱਤੇ। ਮੈਂ ਹੋਰ ਸਾਥੀ ਅਧਿਆਪਕਾਂ ਦੀ ਮਦਦ ਨਾਲ ਉਹ ਸਾਰੇ ਕੱਪੜੇ ਸਕੂਲ ਵਿੱਚ ‘ਮਾਪੇ ਅਧਿਆਪਕ ਮਿਲਣੀ’ (PTM) ਵਾਲੇ ਦਿਨ ਰੱਖ ਦਿੱਤੇ। ਸੱਚ ਜਾਣਿਓ, ਉਹਨਾਂ ਲੋੜਵੰਦਾਂ ਦੇ ਚਿਹਰਿਆਂ ਦੀ ਰੌਣਕ ਅਤੇ ਨਿੱਕੇ-ਨਿੱਕੇ ਬੱਚਿਆਂ ਦੀ ਮਸਰਤ (ਖ਼ੁਸ਼ੀ) ਦੇਖਣਯੋਗ ਸੀ। ਜਦੋਂ ਉਹ ਬੱਚੇ ਆਪਣੇ ਮਾਪਿਆਂ ਲਈ ਪੈਂਟ-ਕੋਟ ਅਤੇ ਕੱਪੜੇ ਲੈ ਕੇ ਜਾ ਰਹੇ ਸੀ, ਤਾਂ ਮੇਰੀ ਰੂਹ ਨੂੰ ਜੋ ਸਕੂਨ ਮਿਲਿਆ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਇਹ ਨੇਕ ਕੰਮ ਵੀ ਸ਼ਰਮਾ ਜੀ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦਾ ਸੀ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼ਰਮਾ ਜੀ ਨਾਲ ਇਕ ਕਾਰਜ ਜੋ ਹਰ ਘਰ ਅੱਗੇ ਨਾਮ ਵਾਲੀ ਪਲੇਟ ਲਗਾਉਣ ਦਾ ਸ਼ੁਰੂ ਕੀਤਾ ਸੀ ਉਹ ਅਧੂਰਾ ਰਹਿ ਗਿਆ। ਪਰ ਵਾਹਿਗੁਰੂ ਜੀ ਕਿਰਪਾ ਕਰਨ ਉਹ ਵੀ ਸ਼ਰਮਾ ਜੀ ਦੇ ਸਾਥ ਨਾਲ ਹੀ ਪੂਰਾ ਕਰਨ ਦਾ ਯਤਨ ਜਰੂਰ ਕਰਾਂਗੇ।
ਅਜਿਹੀ ਬਾ-ਕਮਾਲ ਸ਼ਖ਼ਸੀਅਤ ਦਾ ਸਾਡੇ ਪਿੰਡ ਅਤੇ ਸਾਡੀ ਜ਼ਿੰਦਗੀ ਵਿੱਚ ਹੋਣਾ ਸਾਡੀ ਖ਼ੁਸ਼ਕਿਸਮਤੀ ਹੈ।
ਅਜਿਹੇ ਪਿਆਰੇ ਸੱਜਣ ਵਿਭਾਗੀ ਤੌਰ ਤੇ ਸੇਵਾਮੁਕਤ ਹੋ ਜਾਂਦੇ ਹਨ ਪਰ ਇਹਨਾਂ ਦਾ ਮਾਣ ਸਨਮਾਣ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਬਣਿਆ ਰਹਿੰਦਾ ਹੈ। ਓਹਨਾਂ ਨੂੰ ਕਿਸੇ ਰਸਮੀ ਸੱਦੇ ਦੀ ਲੋੜ ਨਹੀਂ।ਅਖ਼ੀਰ ਵਿੱਚ, ਮੈਂ ਆਪਣੇ ਵਲੋਂ ਅਤੇ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਮਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਖ-ਲੱਖ ਮੁਬਾਰਕਬਾਦ ਪੇਸ਼ ਕਰਦਾ ਹਾਂ। ਮੇਰੀ ਦੁਆ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਅਗਲਾ ਪੜਾਅ ਹੋਰ ਵੀ ਖ਼ੁਸ਼ਗਵਾਰ ਅਤੇ ਪੁਰ-ਸੁਕੂਨ ਹੋਵੇ।
