ਰਾਜਬੀਰ ਮੱਲ੍ਹੀ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ ਸਿੱਲ੍ਹਾ ਚਾਨਣ’ ਦੀਆਂ ਕਵਿਤਾਵਾਂ ਬਹੁਤ ਹੀ ਸੰਵੇਦਨਸ਼ੀਲ
ਅਤੇ ਮਨੁੱਖਤਾ ਦੀਆਂ ਸਮਾਜਿਕ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਸਮਾਜ ਵਿੱਚ ਵਾਪਰ ਰਹੀਆਂ ਅਨੇਕਾਂ ਘਟਨਾਵਾਂ ਅਤੇ
ਅਸਮਾਨਤਾਵਾਂ ਦੀਆਂ ਘਿਨਾਉਣੀਆਂ ਪ੍ਰਸਥਿਤੀਆਂ ਦਾ ਵਰਣਨ ਕਰਦੀਆਂ ਹਨ। ਰਾਜਬੀਰ ਮੱਲ੍ਹੀ ਦੀਆਂ ਕਵਿਤਾਵਾਂ ਮਾਨਵਤਾ ਦੀ
ਮਾਨਸਿਕਤਾ ਦੀ ਉਥਲ ਪੁਥਲ ਨੂੰ ਲੋਕਾਈ ਦੇ ਸਾਹਮਣੇ ਪ੍ਰਗਟਾਉਂਦੀਆਂ ਹੋਈਆਂ ਮਨੁੱਖਤਾ ਨੂੰ ਅਜਿਹੇ ਖਲਜਗਣ ਵਿੱਚੋਂ ਨਿਕਲਣ ਲਈ
ਪ੍ਰੇਰਦੀਆਂ ਹਨ। ਸ਼ਾਇਰ ਆਪਣੀ ਗੱਲ ਸਿੰਬਾਲਿਕ ਢੰਗ ਨਾਲ ਅਸਿਧੇ ਤੌਰ ‘ਤੇ ਕਹਿੰਦਾ ਹੈ। ਇਨਸਾਨੀ ਜ਼ਿੰਦਗੀ ਜਦੋਜਹਿਦ ਦਾ ਦੂਜਾ
ਨਾਮ ਹੈ। ਮਨੁੱਖ ਨੂੰ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਅਨੇਕਾਂ ਅਣਸੁਖਾਵੀਂਆਂ ਪ੍ਰਸਥਿਤੀਆਂ ਵਿੱਚੋਂ ਲੰਘਣ ਲਈ ਮਜ਼ਬੂਰ ਕਰਦੀਆਂ
ਹਨ। ਉਸ ਦੀਆਂ ਕਵਿਤਾਵਾਂ ਮੁਹੱਬਤ ਦੇ ਗੀਤ ਨਹੀਂ ਗਾਉਂਦੀਆਂ ਸਗੋਂ ਸਮਾਜਿਕ ਸਰੋਕਾਰਾਂ ਦੀ ਪ੍ਰੀਨਿਧਤਾ ਕਰਦੀਆਂ ਹਨ। ‘ਮੈਂ ਤੇ ਮੇਰੀ
ਜ਼ਿੰਦਗੀ’ ਕਵਿਤਾ ਜਦੋਜਹਿਦ ਦਾ ਪ੍ਰਗਟਾਵਾ ਕਰਦੀ ਹੈ। ‘ਜੂਠੀ ਚੁੱਪ’ ਕਵਿਤਾ ਵਿੱਚ ਸ਼ਾਇਰ ਸਿੰਬਾਲਿਕ ਢੰਗ ਨਾਲ ਸਮਾਜਿਕ ਮਿਲਾਵਟ
ਅਤੇ ਮਨੁੱਖ ਦੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ, ਰਿਸ਼ਤਿਆਂ ਦੀ ਗਿਰਾਵਟ ਅਤੇ ਬੇਵਫ਼ਾਈ ‘ਤੇ ਦੁੱਖ ਪ੍ਰਗਟ ਕਰਦੀ ਹੈ। ‘ਤੈਨੂੰ ਤੇ ਪਤਾ
ਹੈ ਮਾਂ!’ ਕਵਿਤਾ ਵਿੱਚ ਮਨੁੱਖ ਦੀ ਮਿਹਨਤ ਦਾ ਮੁਲ ਨਾ ਪੈਣ ਤੇ ਦੁੱਖ ਪ੍ਰਗਟ ਕਰਦਾ ਹੈ। ਗ਼ਰੀਬੀ ਇਨਸਾਨ ਦੀ ਸਫਲਤਾ ਦੇ ਰਾਹ ਵਿੱਚ
ਰੋੜਾ ਬਣਦੀ ਹੈ। ‘ਕਦੋਂ ਤੱਕ’ ਕਵਿਤਾ ਬੇਰੋਜ਼ਗਾਰੀ ਅਤੇ ਦੂਜਿਆਂ ਦੇ ਬਰਾਬਰ ਪਹੁੰਚਣ ਦੀ ਲਾਲਸਾ ਦਰਸਾਉਂਦੀ ਹੈ ਪ੍ਰੰਤੂ ਕਈ
ਮਜ਼ਬੂਰੀਆਂ ਬਸ ਸਿਰਜੇ ਸਪਨੇ ਪੂਰੇ ਨਹੀਂ ਹੁੰਦੇ। ‘ਰੱਬ ਜੀ’ ਕਵਿਤਾ ਵਿੱਚ ਰਾਜਬੀਰ ਮੱਲ੍ਹੀ ਰੱਬ ਨਾਲ ਨਿਹੋਰਾ ਕਰਦਾ ਹੈ ਕਿ ਕਿਉਂ ਦੁੱਖ
ਤਕਲੀਫ਼ ਦੇ ਕੇ ਜੀਵਨ ਬਸਰ ਕਰਨ ਨਹੀਂ ਦਿੰਦਾ। ਇਸ ਦੇ ਨਾਲ ਹੀ ਇਕ ਪਾਸੇ ‘ਦਿਲ ਦੇ ਵਿਹੜੇ’ ਕਵਿਤਾ ਵਿੱਚ ਦੁੱਖ ਸੁੱਖ ਨੂੰ ਜ਼ਿੰਦਗੀ
ਦਾ ਅਨਿਖੜ ਅੰਗ ਕਹਿੰਦਾ ਹੋਇਆ ਅਸਫ਼ਲਤਾ ਸਮੇਂ ਮਨੁੱਖ ਦੇ ਇਕ ਦੂਜੇ ‘ਤੇ ਇਲਜ਼ਾਮ ਲਗਾਉਣ ਦੇ ਸੁਭਾਅ ਦਾ ਜ਼ਿਕਰ ਕਰਦਾ ਹੈ।
ਪ੍ਰੰਤੂ ਫਿਰ ਵੀ ਮਨੁੱਖ ਦੇ ਜ਼ਜਬਾਤ ਅਧੂਰੇ ਰਹਿ ਜਾਂਦੇ ਹਨ। ‘ਵਪਾਰ’ ਕਵਿਤਾ ਵਿੱਚ ਪਖੰਡਵਾਦ, ਵਹਿਮ ਭਰਮ ਦਾ ਜ਼ਿਕਰ ਕਰਦਾ
ਕਹਿੰਦਾ ਹੈ ਕਿ ਮਨੁੱਖ ਪਰਮਾਤਮਾ ਨਾਲ ਵੀ ਸੌਦੇਬਾਜ਼ੀ ਕਰਕੇ ਵਪਾਰ ਕਰਦਾ ਹੈ, ਉਹ ਪਰਮਾਤਮਾ ਅੱਗੇ ਮੱਥੇ ਰਗੜਕੇ ਆਪਣੇ
ਕਾਰੋਬਾਰ ਵਿੱਚ ਪ੍ਰਫੁਲਤਾ ਭਾਲਦਾ ਹੈ ਤੇ ਇਵਾਜਾਨੇ ਵਿੱਚ ਵਾਅਦਾ ਪੂਰਾ ਕਰਨ ਦੀ ਗੱਲ ਕਰਕੇ ਵਪਾਰ ਕਰਦਾ ਹੈ। ‘ਮੇਰਾ ਕੀ ਹੈ?’
ਕਵਿਤਾ ਵਿੱਚ ਮਨੁੱਖ ਦੀ ਮਿਰਗ ਤ੍ਰਿਸ਼ਨਾ ਬਾਰੇ ਦਸਦਾ ਹੋਇਆ ਸੁਪਨੇ ਸਿਰਜਣ ਦੀ ਗੱਲ ਕਰਦਾ ਹੈ। ਵਹਿਮਾ ਭਰਮਾ ਦਾ ਆਸਰਾ ਲੈਣ
ਦੀ ਨਿੰਦਿਆ ਕਰਦਾ ਹੈ। ‘ਮੈਂ ਦੀ ਕੈਦ’ ਕਵਿਤਾ ਵਿੱਚ ਇਨਸਾਨੀ ਹਓਮੈ ਦੀ ਫਿਤਰਤ ਅਤੇ ਸਾਜ਼ਸ਼ਾਂ ਦੀ ਤਰਕੀਬ ਨਾਲ ਸਫਲਤਾ ਪ੍ਰਾਪਤ
ਕਰਨ ਨੂੰ ਹਓਮੈ ਦੀ ਕੈਦ ਕਹਿੰਦਾ ਹੈ। ‘ ਰਿਸ਼ਤਿਆਂ ਦੀ ਚਾਦਰ’ ਕਵਿਤਾ ਵਿੱਚ ਸਮਾਜਿਕ ਰਿਸ਼ਤਿਆਂ ਦੀ ਗਿਰਾਵਟ ਤੇ ਇੱਕ ਵਾਰ ਟੁੱਟੇ
ਰਿਸ਼ਤਿਆਂ ਦੇ ਜੁੜਨ ਨੂੰ ਅਸੰਭਵ ਕਹਿੰਦਾ ਹੈ। ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ। ‘ਮਹਾਂ ਭਾਰਤ’ ਕਵਿਤਾ ਵਿੱਚ
ਸ਼ਾਇਰ ਦੱਸਦਾ ਹੈ ਕਿ ਮਨੁੱਖ ਸਾਰੀ ਉਮਰ ਇਕ ਦੂਜੇ ਦੇ ਹੁਜਾਂ ਮਾਰਦਾ ਰਹਿੰਦਾ ਹੈ ਪ੍ਰੰਤੂ ਜੇਕਰ ਉਹ ਆਪਣੇ ਆਪ ਵਿੱਚ ਸੁਧਾਰ ਕਰਨ
ਦੀ ਕੋਸ਼ਿਸ਼ ਕਰੇ ਤਾਂ ਕੋਈ ਵੱਡੀ ਗੱਲ ਨਹੀਂ, ਸੁਧਰ ਸਕਦਾ ਹੈ। ਇਨਸਾਨ ਨੂੰ ਆਪਣੇ ਅੰਦਰਲਾ ਹਨ੍ਹੇਰਾ ਦੂਰ ਕਰਨਾ ਚਾਹੀਦਾ ਹੈ। ‘ਬਾਬਾ
ਬੋਹੜ’ ਲੰਬੀ ਕਵਿਤਾ ਮਨੁੱਖ ਵੱਲੋਂ ਆਪਣੀ ਵਿਰਾਸਤ ਨਾਲੋਂ ਟੁੱਟਣ ਨਾਲ ਹੋ ਰਹੇ ਨੁਕਸਾਨ ਬਾਰੇ ਯਾਦ ਕਰਵਾਉਂਦਾ ਹੈ। ਮਨੁੱਖ ਭਾਵੇਂ
ਪਰਵਾਸ ਵਿੱਚ ਚਲਾ ਗਿਆ ਹੈ ਪ੍ਰੰਤੂ ਆਪਣੀ ਵਿਰਾਸਤ ਖੁਸਣ ਨਾਲ ਦੁੱਖੀ ਹੁੰਦਾ ਹੈ। ਪਿੰਡ ਦਾ ਮੋਹ ਉਸਨੂੰ ਸਤਾਉਂਦਾ ਰਹਿੰਦਾ ਹੈ।
ਆਧੁਨਿਕਤਾ ਨੇ ਸਾਡੀ ਜੰਗਲਾਂ, ਬੋਹੜਾਂ, ਪਿਪਲਾਂ, ਸੱਥਾਂ, ਪੰਛੀਆਂ, ਜਾਨਵਰਾਂ, ਪਸ਼ੂਆਂ, ਤ੍ਰਿੰਝਣਾ, ਮਧਾਣੀਆਂ, ਪਹਿਰਾਵਾ, ਮੋਹ ਮੁਹੱਬਤ
ਦੇ ਸਭਿਆਚਾਰ ਨੂੰ ਨਿਗਲ ਲਿਆ ਹੈ। ਸ਼ਾਇਰ ਬਾਬਾ ਬੋਹੜ ਨੂੰ ਸਿੰਬਲ ਬਣਾਕੇ ਆਪਣੇ ਦਿਲ ਦੀ ਹੂਕ ਦਾ ਪ੍ਰਗਟਾਵਾ ਕਰਦਾ ਹੈ ਕਿ ਹੁਣ
ਸਾਡੇ ਪਿੰਡਾਂ ਦੀ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ। ਇਨਸਾਨ ਆਧੁਨਿਕਤਾ ਦਾ ਗੁਲਾਮ ਹੋ ਗਿਆ ਹੈ। ਰਿਸ਼ਤੇ, ਟਿੱਬੇ, ਡਾਚੀਆਂ, ਦੁੱਖ
ਸੁੱਖ ਦਾ ਸਾਥ ਖ਼ਤਮ ਹੋ ਗਿਆ। ਪਿੰਡਾਂ ਦੇ ਲੋਕ ਗੁਰਦੁਆਰਿਆਂ ਅਤੇ ਸ਼ਮਸ਼ਾਨ ਘਾਟਾਂ ਵਿੱਚ ਵੰਡੇ ਗਏ। ਭਰੂਣ ਹੱਤਿਆਵਾਂ ਆਮ ਜਿਹੀ
ਗੱਲ ਹੋ ਗਈਆਂ। ਲੜਕੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਨੌਜਵਾਨ ਸਰਹੱਦਾਂ ‘ਤੇ ਅਤੇ ਮਜ਼ਦੂਰ ਖੇਤਾਂ ਵਿੱਚ ਮਰ ਰਹੇ ਹਨ।
ਦਰਸ਼ਨੀ ਨੌਜਵਾਨ ਤੇ ਮੁਟਿਆਰਾਂ ਲੱਭਦੀਆਂ ਨਹੀਂ। ‘ਅੱਲੜ੍ਹ ਬਲੜ੍ਹ ਬਾਵੇ ਦਾ’ ਬਹੁਤ ਹੀ ਸੰਵੇਦਨਸ਼ੀਲ, ਹਿਰਦੇਵੇਦਿਕ ਬਹੁ ਅਰਥੀ
ਕਵਿਤਾ ਹੈ। ਇਸ ਕਵਿਤਾ ਵਿੱਚ ਇੱਕ ਕਿਸਾਨ ਦੇ ਪਰਿਵਾਰ ਦੀ ਕਰਜ਼ੇ ਹੇਠ ਦੱਬਣ ਤੋਂ ਬਾਅਦ ਜ਼ਮੀਨ ਦੇ ਵਿਕ ਜਾਣ ਤੇ ਜੋ ਤਰਸਯੋਗ
ਹਾਲਤ ਬਣਦੀ ਹੈ, ਉਸ ਦਾ ਵਿਵਰਣ ਦਿੱਤਾ ਗਿਆ ਹੈ, ਕਿਸ ਪ੍ਰਕਾਰ ਉਸ ਨੂੰ ਆਪਣੇ ਹੀ ਖੇਤ ਵਿੱਚ ਦਿਹਾੜੀਦਾਰ ਬਣਨਾ ਪਿਆ ਅਤੇ
ਉਸ ਦੀ ਤ੍ਰੀਮਤ ਨੂੰ ਵੀ ਨਰੇਗਾ ਅਧੀਨ ਮਜ਼ਦੂਰੀ ਕਰਨਂੀ ਪੈ ਰਹੀ ਹੈ। ਦੋਵੇਂ ਬੱਚੇ ਆਧੁਨਿਕਤਾ ਦੀ ਮਾਰ ਹੇਠ ਜੀਵਨ ਬਸਰ ਕਰਦੇ ਹਨ,
ਜਿਹੜੇ ਮਾਪਿਆਂ ਲਈ ਅਤਿਅੰਦ ਦੁੱਖਦਾਈ ਹੁੰਦਾ ਹੈ। ਪਰਿਵਾਰ ਸਰਕਾਰ ਦੀਆਂ ਮੁਫਤ ਦੀਆਂ ਸਕੀਮਾ ਅਧੀਨ ਨੀਲੇ ਕਾਰਡ ਬਣਾਕੇ
ਰਾਸ਼ਣ ਲੈਂਦੇ ਸ਼ਰਮਸਾਰ ਹੋ ਰਹੇ ਹਨ। ‘ਸੋਨ ਚਿੜੀ ‘ਤੇ ਮੈਂ’, ‘ਪਿੱਪਲ ਪੱਤੀਏ’ ਅਤੇ ‘ਗੱਲਾਂ’ ਅੰਤਰ ਮੁੱਖੀ, ਭਾਵਨਾਤਮਿਕ ਤੇ ਬਹੁ ਮੰਤਵੀ
ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਸਮਾਜ ਨੂੰ ਬੇਦਰਦੀ ਦਸਦਿਆਂ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ‘ਸੌਖਾ ਤਾਂ ਕਦੇ
ਵੀ ਨਹੀਂ ਹੁੰਦਾ’ ਕਵਿਤਾ ਵਿੱਚ ਮਨੁੱਖ ਦੇ ਦੋਹਰੇ ਕਿਰਦਾਰ ਬਾਰੇ ਦੱਸਿਆ ਹੈ ਕਿ ਬਾਹਰਮੁਖੀ ਕੁਝ ਹੋਰ ਹੁੰਦਾ ਹੈ ਪ੍ਰੰਤੂ ਅੰਦਰ ਬੜਾ ਕੁਝ
ਟੁੱਟਿਆ ਹੁੰਦਾ ਹੈ। ਸੱਧਰਾਂ ਮਰਦੀਆਂ ਰਹਿੰਦੀਆਂ, ਕੁਦਰਤ ਦੀ ਤਬਾਹੀ ਦੁੱਖ ਦਿੰਦੀ ਰਹਿੰਦੀ, ਖਾਹਿਸ਼ਾਂ ਦਬਾ ਕੇ ਰੱਖਣੀਆਂ ਪੈਂਦੀਆਂ ਅਤੇ
ਦੁਨੀਆਂ ਦੀਆਂ ਤੂਹਮਤਾਂ ਸਹਿਣੀਆਂ ਪੈਂਦੀਆਂ ਹਨ। ਮਨੁੱਖ ਅਜਿਹੀ ਸਥਿਤੀ ਵਿੱਚੋਂ ਵਿਚਰ ਰਿਹਾ ਹੈ। ‘ਮੈਂ ਇੱਕ ਨਹੀਂ ਦੋ ਹਾਂ’ ਵਿੱਚ ਮਨੁੱਖ
ਆਪਣੇ ਚੰਗੇ ਦਿਨਾ ਨੂੰ ਯਾਦ ਕਰਕੇ ਦੁੱਖਾਂ ਮੁਸੀਬਤਾਂ ਦੇ ਰੰਗਾਂ ਵਿੱਚ ਰੰਗਿਆ ਦੋਹਰੀ ਦਿੱਖ ਵਾਲਾ ਮਹਿਸੂਸ ਕਰਦਾ ਹੈ। ਸਾਰਾ ਕੁਝ ਹੀ
ਬਦਲ ਗਿਆ ਹੈ। ‘ਬੇਟੇ ਦੇ ਸੋਲ੍ਹਵੇਂ ਜਨਮ ਦਿਨ ਤੇ’ ਕਵਿਤਾ ਵਿੱਚ ਮਾਪਿਆਂ ਵੱਲੋਂ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਕੀਤੀਆਂ ਅਣਥੱਕ
ਕੋਸ਼ਿਸ਼ਾਂ ਨੂੰ ਯਾਦ ਕਰਦਿਆਂ ਬੱਚਿਆਂ ਵੱਲੋਂ ਮਾਪਿਆਂ ਦੀ ਬੇਰੁੱਖੀ ਨਾਲ ਝੰਬਿਆ ਹੋਇਆ ਮਹਿਸੂਸ ਕਰਦਾ ਹੈ। ਬੱਚੇ ਮਾਪਿਆਂ ਦੀ ਪਰਵਾਹ
ਨਹੀਂ ਕਰਦੇ ਤੇ ਨਾ ਹੀ ਮਾਪਿਆਂ ਵੱਲੋਂ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ ਕੀਤੀ ਜਦੋਜਹਿਦ ਨੂੰ ਯਾਦ ਰੱਖਦੇ ਹਨ। ਮਾਪਿਆਂ ਦੀ ਪਰਵਾਹ ਕੀਤੇ
ਬਿਨਾ ਆਪਣੀ ਮਰਜ਼ੀ ਦੇ ਰਸਤੇ ਚਲ ਰਹੇ ਹਨ। ਇਸ ਦੇ ਨਾਲ ਹੀ ਬਹੁਰੰਗੀ ਦੁਨੀਆਂ ਬਾਰੇ ਸੁਚੇਤ ਵੀ ਕਰਦੇ ਹਨ ਕਿ ਕਿਤੇ ਝਾਂਸੇ ਵਿੱਚ
ਫਸ ਨਾ ਜਾਣ। ‘ਧੁੱਪ ਦਿਨੇ ਹੀ ਕਾਲੀ ਹੋ ਗਈ’ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਸਮਾਂ ਹਾਲਾਤ ਬਦਲ ਦਿੰਦਾ ਹੈ, ਲੋਕਾਈ ਵਿੱਚ
ਅਪਣਤ ਦੀ ਭਾਵਨਾ ਹੀ ਖ਼ਤਮ ਹੋ ਗਈ ਹੈ ਪ੍ਰੰਤੂ ਸੁਨਹਿਰੇ ਭਵਿਖ ਦੀ ਆਸ ਨਹੀਂ ਛੱਡਣੀ ਚਾਹੀਦੀ। ‘ਪਿਆਰ ਦੀ ਜੋਤ’ ਵਿੱਚ ਦੱਸਿਆ ਹੈ
ਕਿ ਪਿਆਰ ਅਹਿਸਾਸ ਦਾ ਦੂਜਾ ਨਾਮ ਹੈ। ਪੱਥਰ ਦਿਲ ਸੰਸਾਰ ਨੂੰ ਅਹਿਸਾਸਾਂ ਦੀ ਕਦਰ ਨਹੀਂ ਹੈ। ‘ਅਜੇ ਤਾਂ ਮੌਸਮ ਡੱਬ ਖ਼ੜੱਬਾ’
ਕਵਿਤਾ ਦਸਦੀ ਹੈ ਕਿ ਸੰਸਾਰ ਦੇ ਹਾਲਾਤ ਵਾਜਬ ਨਹੀਂ ਹਨ, ਲੋਕ ਸਮਾਜਿਕ ਸੰਬੰਧਾਂ ਨੂੰ ਦਰਕਿਨਾਰ ਕਰਦੇ ਹਨ। ‘ਮਾਂ ਕੁੰਡਾ ਖੋਹਲ’,
‘ਇਹ ਭਾਣਾ ਕੀ ਵਰਤ ਗਿਆ’, ‘ਕਦੋਂ ਤੀਕ’, ਚੁੱਪ ਮੇਰੀ ਨੂੰ ਚੁੱਪ ਰਹਿਣ ਦਿਓ’ ਅਤੇ ‘ਜਸ਼ਨ ਨਵਾਂ ਇੱਕ ਹੋਰ ਮਨਾਈਏ’ ਕਵਿਤਾਵਾਂ
ਲੜਕੀਆਂ ਦੀ ਬੇਗਾਨੇ ਘਰਾਂ ਵਿੱਚ ਦੁਰਦਸ਼ਾ ਅਤੇ ਦਾਜ ਵਰਗੀਆਂ ਘਿਨੌਣੀਆਂ ਹਰਕਤਾਂ ਵਿਰੁੱਧ ਲੋਕਾਈ ਨੂੰ ਆਵਾਜ਼ ਬੁਲੰਦ ਕਰਨ ਦੀ
ਪ੍ਰੇਰਨਾ ਦਿੰਦੀਆਂ ਹਨ। ਮਰਦ ਪਿਤਾ, ਪਤੀ ਤੇ ਭਰਾ ਦੇ ਰੂਪ ਵਿੱਚ ਔਰਤ ਨੂੰ ਗੁਲਾਮ ਰੱਖਣਾ ਚਾਹੁੰਦਾ ਹੈ। ਸਮਾਜ ਦੀ ਚੁੱਪ ਨੁਕਸਾਨ
ਪਹੁੰਚਾਉਂਦੀ ਹੈ। ਲੋਕ ਰੋਹ ਪੈਦਾ ਕਰਨਾ ਜ਼ਰੂਰੀ ਹੈ। ‘ਸੋਚ ਮੇਰੀ ਦੇ ਖੰਭ ਗੁਆਚੇ’ ਕਵਿਤਾ ਵਿੱਚ ਇਨਸਾਨ ਦੀ ਸੋਚ ਤਾਂ ਉਚੀ ਹੁੰਦੀ ਹੈ
ਪ੍ਰੰਤੂ ਉਸ ਸੋਚ ਨੂੰ ਪੂਰਾ ਕਰਨ ਦੇ ਮਨੁੱਖ ਸਮਰਥ ਨਹੀਂ ਹੈ। ‘ਰੁੱਖ ਤੇ ਕੈਨਵਸ’ ਕਵਿਤਾ ਵਿੱਚ ਦਰਸਾਇਆ ਹੈ ਕਿ ਮਨੁੱਖ ਆਪਣੇ ਜੀਵਨ
ਦੀ ਕੈਨਵਸ ਵਿੱਚ ਖੁਦ ਰੰਗ ਭਰ ਸਕਦਾ ਹੈ ਪ੍ਰੰਤੂ ਹੌਸਲਾ ਨਹੀਂ ਕਰਦਾ। ‘ਬੁੱਤ’, ‘ਮੈਂ ਤੇ ਚਿੜੀ’,‘ ਘਰ’, ‘ਬੇਬਸੀ’ ਕਵਿਤਾਵਾਂ ਵਿੱਚ ਲੇਖਕ
ਸਮਾਜ ਬਦਲ ਸਕਦੇ ਹਨ, ਅਹਿਸਾਸਾਂ ਦੀ ਪੂਰਤੀ, ਘਰਾਂ ਵਿੱਚ ਵਸਣ ਵਾਲਿਆਂ ਦੀ ਭਾਵਨਾਵਾਂ ਸਮਰੱਥ ਹੋਣੀਆਂ, ਫ਼ਿਕਰਾਂ, ਚਿੰਤਾਵਾਂ
ਅਤੇ ਲੋੜਾਂ ਨੂੰ ਸਨਮੁੱਖ ਰੱਖਿਆ ਹੈ ਪ੍ਰੰਤੂ ਇਨ੍ਹਾਂ ਨੂੰ ਦੂਰ ਕਰਨ ਲਈ ਆਸਵੰਦ ਹੋਣਾ ਜ਼ਰੂਰੀ ਹੈ। ‘ਮੈਂ ਧਰੇਕਾਂ ਦੇ ਹਾਣ ਦੀ’ ਭਾਵਨਾਤਮਿਕ
ਕਵਿਤਾ ਹੈ, ਜਿਸ ਵਿੱਚ ਔਰਤ ਦੀ ਤ੍ਰਾਸਦੀ ਦਾ ਪ੍ਰਗਟਾਵਾ ਹੈ। ਇਸਤਰੀਆਂ ਦੀਆਂ ਇਛਾਵਾਂ ਦੀ ਅਪੂਰਤੀ ਦਾ ਜ਼ਿਕਰ ਹੈ। ‘ਦਿੱਲੀ’
ਸਿਰਲੇਖ ਵਾਲੀ ਕਵਿਤਾ ਵਿੱਚ ਦਿੱਲੀ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਚੀਸ 84 ਦੇ ਕਤਲੇਆਮ ਦੇ ਰੂਪ ਵਿੱਚ ਹਮੇਸ਼ਾ
ਰੜਕਦੀ ਰਹਿੰਦੀ ਹੈ, ਜਿਥੋਂ ਇਨਸਾਫ਼ ਦੀ ਉਮੀਦ ਹੀ ਨਹੀਂ। ‘ਦਫ਼ਨ ਹਸਰਤਾਂ’ ਵਿੱਚ ਇਨਸਾਨ ਦੀ ਫਿਤਰਤ ਦਾ ਪ੍ਰਗਟਾਵਾ ਹੈ ਕਿਉਂਕਿ
ਇਛਾਵਾਂ ਕਦੀਂ ਵੀ ਪੂਰੀਆਂ ਨਹੀਂ ਹੁੰਦੀਆਂ। ‘ਰੁੱਖ ਨਹੀਂ ਹਾਂ ਮੈਂ’, ‘ਪੀੜਾਂ’, ਮਸਾਂ ਤਾਂ ਸੂਰਜ ਉਗਿਆ’ ਕਵਿਤਾਵਾਂ ਵਿੱਚ ਸਮਾਜ ਦੇ
ਅਣਮਨੁੱਖ ਵਿਵਹਾਰ ‘ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਭਵਿਖ ਵਿੱਚ ਰਾਜਬੀਰ ਮੱਲ੍ਹੀ ਤੇ ਹੋਰ ਵਧੇਰੇ ਸਾਰਿਥਿਕ ਕਾਵਿ ਸੰਗ੍ਰਹਿ ਦੀ
ਉਮੀਦ ਕੀਤੀ ਜਾ ਸਕਦੀ ਹੈ।
128 ਪੰਨਿਆਂ, 200 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਨਵਰੰਗ ਪਬਲੀਕੇਸ਼ਜ਼ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com