ਮਾਨਸਾ14 ਅਗਸਤ (ਨਾਨਕ ਸਿੰਘ ਖੁਰਮੀ) – ਅੱਜ ਬੂਝਾ ਸਿੰਘ ਭਵਨ ਮਾਨਸਾ ਵਿਖੇ ਕਿਸਾਨ ਆਗੂ ਭੂਰਾ ਸਿੰਘ ਮਾਨ ਦੀ ਨੌਵੀਂ ਬਰਸੀ ਮੌਕੇ ਸੁਖਚਰਨ ਦਾਨੇਵਾਲੀਆ,ਗੁਰਤੇਜ ਸਿੰਘ ਵਰੇ,ਅਮਰੀਕ ਸਿੰਘ ਕੋਟਧਰਮੂੰ,ਬਲਦੇਵ ਸਿੰਘ ਸਮਾਓ,ਮੱਖਣ ਮਾਨ ਦੀ ਪਰਧਾਨਗੀ ਹੇਠ ਕਿਸਾਨ ਕਨਵੈਨਸਨ ਕੀਤੀ ਗਈ I ਇਸ ਮੌਕੇ ਅਮਰੀਕੀ ਟੈਰਿਫ ਫੈਸਲੇ ਤੇ ਕੀਤੀ ਗਈ ਕਨਵੈਨਸਨ ਨੂੰ ਉੱਘੇ ਵਿਸਲੇਸਿਕ ਡਾ. ਪਿਆਰੇ ਲਾਲ ਗਰਗ ਨੇ ਸੰਬੋਧਨ ਕੀਤਾ I ਕਿਹਾ ਕਿ ਭਾਰਤ ਦੀ ਆਰਥਿਕਤਾ, ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰ ਦੀ ਮਜ਼ਬੂਤੀ ਸਾਡੇ ਲੋਕਾਂ ਦੀ ਰੋਜ਼ੀ-ਰੋਟੀ, ਦੇਸ ਦੀ ਸਰਬਸੰਮਤੀ ਅਤੇ ਭਵਿੱਖੀ ਵਿਕਾਸ ਦਾ ਮੂਲ ਹੈ ਇਸ ਲਈ ਅਮਰੀਕਾ ਨਾਲ ਹੋਣ ਵਾਲਾ ਕੋਈ ਵੀ ਵਪਾਰ ਸਮਝੌਤਾ ਤਦ ਹੀ ਸਵੀਕਾਰਯੋਗ ਹੋਵੇਗਾ ਜਦੋਂ ਇਹ ਪੂਰੀ ਤਰ੍ਹਾਂ ਭਾਰਤੀ ਹਿੱਤਾਂ ਨੂੰ ਸੁਰੱਖਿਅਤ ਕਰੇI
ਉਨਾਂ ਕਿਹਾ ਕਿ ਖੇਤੀਬਾੜੀ ਉਤਪਾਦਾਂ ‘ਤੇ ਸਖਤ ਸਟੈਂਡਰਡ ਅਤੇ ਇੰਸਪੈਕਸ਼ਨ ਲਾਗੂ ਕਰਕੇ ਭਾਰਤੀ ਕਿਸਾਨਾਂ ਦੇ ਉਤਪਾਦਾਂ ਦੀ ਅਮਰੀਕੀ ਬਾਜ਼ਾਰ ਤੱਕ ਪਹੁੰਚ ਘਟਾਉਣ ਦੀ ਬਜਾਏ ਭਾਰਤੀ ਖੇਤੀ ਉਤਪਾਦਾਂ ਨੂੰ ਅਮਰੀਕੀ ਬਜਾਰ ਵਿੱਚ ਬਣਦਾ ਸਨਮਾਨ ਦੇਵੇ I
ਉਨਾਂ ਕਿਹਾ ਕਿ ਅਮਰੀਕਾ ਨੇ ਹਮੇਸਾਂ ਕੁਝ ਖੇਤਰਾਂ ਵਿੱਚ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਨੀਤੀ ਫ਼ਾਇਦੇ ਦੇਣ ਦਾ ਦਬਾਅ ਬਣਾਇਆ, ਜਿਸ ਨਾਲ ਭਾਰਤੀ ਘਰੇਲੂ ਉਦਯੋਗਾਂ ਨੂੰ ਮੁਕਾਬਲੇ ‘ਚ ਘਾਟਾ ਪਿਆ ,ਅਜਿਹਾ ਭਾਰਤੀ ਹਿੱਤਾਂ ਲਈ ਲਾਹੇਵੰਦ ਨਹੀਂ ਰਹੇਗਾ I ਸੂਬਾ ਆਗੂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਭੀਖੀ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਭਾਰਤ–ਅਮਰੀਕਾ ਵਪਾਰ ਆਪਸੀ ਸੰਤੁਲਨ ਅਤੇ ਦੋਹਾਂ ਦੇਸ਼ਾਂ ਦੇ ਹਿੱਤਾਂ ਵਿੱਚ ਹੀ ਹੋਣਾ ਚਾਹੀਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਦੇਣ–ਲੈਣ ਸਿਰਫ਼ ਉਹਨਾਂ ਚੀਜ਼ਾਂ ਦਾ ਹੋਵੇ ਜੋ ਦੋਹਾਂ ਦੇਸ਼ਾਂ ਲਈ ਲੋੜੀਂਦੀਆਂ ਤੇ ਵਰਤੋਂਯੋਗ ਹਨ—ਨਾ ਕਿ ਉਹ ਆਯਾਤ-ਨਿਰਯਾਤ ਜੋ ਘਰੇਲੂ ਉਤਪਾਦਨ, ਰੋਜ਼ਗਾਰ ਜਾਂ ਖੇਤੀਬਾੜੀ ਨੂੰ ਨੁਕਸਾਨ ਪਹੁੰਚਾਵੇ। ਉਨਾਂ ਕਿਹਾ ਕਿ ਖੇਤੀਬਾੜੀ ਡੇਅਰੀ ਉਤਪਾਦ ਭਾਰਤ ਦੇ ਕਿਸਾਨ ਮਜਦੂਰ ਖੁਦ ਪੈਦਾ ਕਰਨ ਦੇ ਮਾਹਿਰ ਹਨ ,ਇਹ ਵਸਤਾਂ ਸਾਨੂੰ ਅਮਰੀਕਾ ਤੋਂ ਲੈਣ ਦੀ ਕੋਈ ਜਰੂਰਤ ਨਹੀਂ, ਉਨਾਂ ਕਿਹਾ ਕਿ ਬਿਨਾਂ ਸੱਕ ਇਹ ਵਪਾਰ ਸਾਡੇ ਨਿਰਯਾਤ ਨੂੰ ਵਧਾਵੇ, ਨਵਾਂ ਨਿਵੇਸ਼ ਲਿਆਵੇ, ਤਕਨਾਲੋਜੀ ਸਾਂਝੇਦਾਰੀ ਪੱਕੀ ਕਰੇ ਅਤੇ ਅਸਮਾਨ ਟੈਰਿਫਾਂ ਨੂੰ ਖਤਮ ਕਰੇ—ਨਾ ਕਿ ਸਿਰਫ਼ ਅਮਰੀਕੀ ਕੰਪਨੀਆਂ ਦੇ ਲਾਭ ਲਈ ਬਣੇ।