- ਕਲੱਬਾਂ ਦਾ ਪਿੰਡਾਂ ਚ ਸਰਗਰਮ ਹੋਣਾ ਸਮੇਂ ਦੀ ਮੁੱਖ ਲੋੜ : ਮਾਸਟਰ ਜਗਸੀਰ ਸਿੰਘ
- ਸਮਾਜ ਭਲਾਈ ਦੇ ਕਾਰਜਾਂ ਚ ਵੱਧ ਚੜ੍ਹ ਕੇ ਲਿਆ ਜਾਵੇ ਹਿੱਸਾ : ਜਤਿੰਦਰ ਭੱਲਾ
- 17 ਪੇਂਡੂ ਯੁਵਕ ਕਲੱਬਾਂ ਨੂੰ 6 ਲੱਖ 25 ਹਜ਼ਾਰ ਰੁਪਏ ਦੇ ਸਹਾਇਤਾ ਗ੍ਰਾਂਟ ਚੈਕਾਂ ਦੀ ਕੀਤੀ ਵੰਡ
25 ਜਨਵਰੀ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਚ ਸੁਧਾਰ ਕਰਨ ਲਈ ਨਿਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਚੋਂ ਨਸ਼ੇ ਦੇ ਕੋਹੜ ਦਾ ਮੁਕੰਮਲ ਖਾਤਮਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ 17 ਪੇਂਡੂ ਕਲੱਬਾਂ ਨੂੰ 6 ਲੱਖ 25 ਹਜ਼ਾਰ ਰੁਪਏ ਦੇ ਚੈਕਾਂ ਦੀ ਵੰਡ ਕਰਨ ਉਪਰੰਤ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਚ ਯੂਥ ਕਲੱਬਾਂ ਦਾ ਬਹੁਤ ਅਹਿਮ ਤੇ ਵੱਡਾ ਰੋਲ ਹੈ। ਇਸ ਦੌਰਾਨ ਉਨ੍ਹਾਂ ਯੂਥ ਕਲੱਬਾਂ ਨੂੰ ਕਿਹਾ ਕਿ ਉਹ ਇੱਕਜੁੱਟ ਹੋ ਕੇ ਸਮਾਜ ਭਲਾਈ ਲਈ ਕੰਮ ਕਰਨ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਤੋਂ ਇਲਾਵਾ ਪੰਜਾਬ ਦੇ ਪੁਰਾਣੇ ਇਤਿਹਾਸ ਬਾਰੇ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਪਿੰਡਾਂ/ਸ਼ਹਿਰਾਂ ਚ ਵੱਧ ਤੋਂ ਵੱਧ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਮਾੜੇ ਦੁਰਪ੍ਰਭਾਵਾਂ ਬਾਰੇ ਜਾਣੂ ਕਰਵਾ ਕੇ ਆਉਣ ਵਾਲੀ ਪੀੜ੍ਹੀ ਨੂੰ ਪੂਰਨ ਜਾਗਰੂਕ ਕਰਵਾਉਣ। ਉਨ੍ਹਾਂ ਕਲੱਬਾਂ ਨੂੰ ਇਹ ਵੀ ਕਿਹਾ ਕਿ ਜਿੰਮੇਵਾਰੀ ਨਾਲ ਟੀਚਾ ਮਿੱਥ ਕੇ ਆਪਣੇ ਪਿੰਡਾਂ ਅਤੇ ਲੋਕ ਭਲਾਈ ਲਈ ਨੇਕ ਕਾਰਜ ਕਰਨ।
ਇਸ ਦੌਰਾਨ ਵਿਧਾਇਕ (ਭੁੱਚੋ ਮੰਡੀ) ਮਾਸਟਰ ਜਗਸੀਰ ਸਿੰਘ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚੋਂ ਪਹੁੰਚੇ ਹੋਏ ਕਲੱਬਾਂ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਪਿੰਡ ਵਿੱਚ ਕਲੱਬ ਦਾ ਸਰਗਰਮ ਹੋਣਾ ਜ਼ਰੂਰੀ ਤੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਯੂਥ ਕਲੱਬਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ, ਸ਼ਹਿਰ ਅਤੇ ਸੂਬੇ ਦੀ ਭਲਾਈ ਲਈ ਨੇਕ ਉਪਰਾਲੇ ਕਰਦੇ ਰਹਿਣ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਅਜਿਹੇ ਨੇਕ ਕਾਰਜ ਕੀਤੇ ਜਾਣ ਜਿਨ੍ਹਾਂ ਨਾਲ ਨੌਜਵਾਨ ਪ੍ਰਭਾਵਿਤ ਹੋ ਕੇ ਯੂਥ ਕਲੱਬਾਂ ਨਾਲ ਜੁੜਨ।
ਇਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਨੇ ਵੱਖ-ਵੱਖ ਪਿੰਡਾਂ ਤੋਂ ਆਏ ਯੂਥ ਕਲੱਬਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਭਲਾਈ ਦੇ ਕਾਰਜਾਂ ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਲੱਬਾਂ ਨਾਲ ਜੋੜਿਆ ਜਾਵੇ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਰਘਵੀਰ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬ ਦੇ ਨੁਮਾਇੰਦੇ ਆਦਿ ਹਾਜ਼ਰ ਸਨ।