ਮਾਨਸਾ (ਨਾਨਕ ਸਿੰਘ ਖੁਰਮੀ )
14 ਅਗਸਤ ਸੰਗਰੂਰ ਮੋਰਚੇ ਦੀਆਂ ਤਿਆਰੀਆਂ
ਬੇਰੁਜ਼ਗਾਰ ਸਾਂਝਾ ਮੋਰਚਾ,ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨਾ, ਨਵੀਆਂ ਪੋਸਟਾਂ ਦੇਣੀਆਂ ਤਾਂ ਵੱਡੀ ਗੱਲ ਰਹੀ ਸਗੋ ਪਿਛਲੇ ਸਮਿਆਂ ਵਿੱਚ ਜਾਰੀ ਕੀਤੀਆਂ ਪੋਸਟਾਂ ਰੱਦ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਲੈਕਚਰਾਰ ਦੀਆਂ 343, ਪੀ ਟੀ ਆਈ ਅਧਿਆਪਕਾਂ ਦੀਆਂ 646 ਅਤੇ ਤਾਜ਼ਾ ਸਹਾਇਕ ਪ੍ਰੋਫ਼ੈਸਰ ਦੀਆਂ 1158 ਪੋਸਟਾਂ ਵਰਨਣਯੋਗ ਹਨ। ਸਿੱਖਿਆ ਕ੍ਰਾਂਤੀ ਫੋਕਾ ਵਿਖਾਵਾ ਸਾਬਤ ਹੋ ਚੁੱਕੀ। ਇਸ ਲਈ “ਯੁੱਧ ਬੇਰੁਜ਼ਗਾਰੀ ਵਿਰੁੱਧ* ਤਹਿਤ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਹਾਇਕ ਪ੍ਰੋਫ਼ੈਸਰ, ਲੈਕਚਰਾਰ ਕਾਡਰ, ਮਾਸਟਰ ਕਾਡਰ ਆਦਿ ਸਾਰੀਆਂ ਸ਼੍ਰੇਣੀਆਂ ਦੀਆਂ ਪੋਸਟਾਂ ਜਾਰੀ ਕਰਵਾਉਣ, ਮਾਸਟਰ ਕਾਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਅੰਕ ਦੀ ਸ਼ਰਤ ਰੱਦ ਕਰਵਾਉਣ, 250 ਆਰਟ ਐਂਡ ਕਰਾਫਟ ਪੋਸਟਾਂ ਦਾ ਪੇਪਰ ਲੈਕੇ ਭਰਤੀ ਮੁਕੰਮਲ ਕਰਨ ਸੰਬੰਧੀ, ਰੁਜ਼ਗਾਰ ਉਡੀਕ ਕਰਦੇ ਓਵਰਏਜ਼ ਹੋ ਚੁੱਕੇ ਉਮੀਦਵਾਰਾਂ ਲਈ ਉਮਰ ਹੱਦ ਛੋਟ ਲੈਣ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਤੇ ਈ ਟੀ ਟੀ ਅਤੇ ਫੋਕੇਸ਼ਨਲ, ਆਰਟ ਐਂਡ ਕਰਾਫਟ ਦੀ ਪੋਸਟਾਂ ਨੂੰ ਸਪੈਸ਼ਲ ਐਜੂਕੇਸ਼ਨ ਟਰੇਨਰਾਂ ਵਿੱਚ ਬਦਲਣ ਦਾ ਫੈਸਲਾ ਵਾਪਸ ਲੈਣ ਸਬੰਧੀ ਮੰਗਾਂ ਨੂੰ ਲੈ ਕੇ 14 ਅਗਸਤ ਤੋਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਸ਼ੁਰੂ ਕਰਨ ਦੀਆਂ ਤਿਆਰੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸਦੇ ਤਹਿਤ ਹੀ ਮਾਨਸਾ ਜ਼ਿਲ੍ਹੇ ਦੇ ਬੇਰੁਜ਼ਗਾਰਾਂ ਦੀ ਮੀਟਿੰਗ ਸ਼ਹੀਦ ਬੂਝਾ ਸਿੰਘ ਭਵਨ ਮਾਨਸਾ ਵਿੱਚ ਹੋਈ। ਮੀਟਿੰਗ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆਂ ਮੋਰਚੇ ਦੇ ਆਗੂਆਂ ਹਰਜਿੰਦਰ ਸਿੰਘ ਝੁਨੀਰ ਅਤੇ ਸੰਦੀਪ ਸਿੰਘ ਮੋਫ਼ਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਵਾ ਤਿੰਨ ਸਾਲਾਂ ਵਿੱਚ ਇੱਕ ਵੀ ਭਰਤੀ ਨਹੀਂ ਕੱਢੀ ਗਈ। ਜਦਕਿ ਦੂਜੇ ਪਾਸੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਵੱਡੀ ਗਿਣਤੀ ਵਿੱਚ ਪੋਸਟਾਂ ਖਾਲੀ ਪਈਆਂ ਹਨ।ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਪ੍ਰਿੰਸੀਪਲ, ਲੈਕਚਰਾਰ ਕਾਡਰ ਦੀਆਂ ਪੋਸਟਾਂ ਤੋ ਇਲਾਵਾ ਮਾਸਟਰ ਕੇਡਰ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਖਾਲੀ ਹਨ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਸ੍ਰ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵੀ ਪੋਸਟ ਨਹੀਂ ਕੱਢੀ, ਸਗੋ ਪਿਛਲੇ ਸਮਿਆਂ ਜਾਰੀ ਭਰਤੀਆਂ ਨੂੰ ਮੁਕੰਮਲ ਨਹੀਂ ਕੀਤਾ। ਉਹਨਾਂ ਦੱਸਿਆ ਕਿ ਸਿਤਮ ਇਹ ਹੈ ਕਿ ਸਵਾ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਬੇਰੁਜ਼ਗਾਰਾਂ ਨਾਲ ਨਹੀਂ ਕੀਤੀ, ਉਲਟਾ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਵਿਖੇ ਬੇਰੁਜ਼ਗਾਰਾਂ ਉੱਤੇ ਪੁਲਿਸ ਵੱਲੋ ਜ਼ਬਰ ਢਾਹਿਆ ਜਾਂਦਾ ਹੈ।ਬੇਰੁਜ਼ਗਾਰਾਂ ਉੱਤੇ ਝੂਠੇ ਪਰਚੇ ਦਰਜ ਕਰਕੇ ਰੁਜ਼ਗਾਰ ਦੀ ਮੰਗ ਤੋ ਭੜਕਾਉਣ ਦੀ ਕੋਸਿਸ਼ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ 29 ਜੁਲਾਈ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਮੰਗਾਂ ਨਾ ਮੰਨੀਆਂ ਤਾਂ ਅਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਸੰਗਰੂਰ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਖਜੀਤ ਸਿੰਘ ਰਾਮਾਨੰਦੀ, ਬੌਬੀ ਸਿੰਘ ਹੀਰੋ ਕਲਾ, ਗੁਰਕਰਮ ਸਿੰਘ ਹੀਰੋ ਕਲਾਂ, ਸ਼ਿੰਦਰਪਾਲ ਕੌਰ ਧਲੇਵਾਂ, ਦੀਪਕ ਗੋਇਲ ਆਦਿ ਆਦਿ ਹਾਜਿਰ ਸਨ।