ਡੀ ਟੀ ਐੱਫ ਵੱਲੋਂ ਇਹਨਾਂ ਤੁਗਲਕੀ ਆਦੇਸ਼ਾਂ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ
ਸਰਕਾਰ ਜਮੀਨੀ ਪੱਧਰ ਤੇ ਨਸ਼ਿਆਂ ਨੂੰ ਰੋਕਣ ਦੇ ਯਤਨ ਕਰੇ
ਬਠਿੰਡਾ, 30 ਜੁਲਾਈ (ਨਾਨਕ ਸਿੰਘ ਖੁਰਮੀ) ਸਿੱਖਿਆ ਕ੍ਰਾਂਤੀ ਦੀ ਅਖ਼ੌਤੀ ਅਪਾਰ ਸਫਲਤਾ ਤੋਂ ਬਾਅਦ ਸੂਬੇ ਦੀ ਆਪ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਕੂਲ ਅਧਿਆਪਕਾਂ ਰਾਹੀਂ ਘਰੋ ਘਰੀਂ ਪਹੁੰਚਾਉਣ ਦੇ ਫੁਰਮਾਨ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲੇ ਦੇ ਪਿੰਡ ਅਰਨੀਵਾਲਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਸਕੂਲ ਆਫ ਐਮੀਨੈਂਸ ਵਿੱਚ ਇਸ ਮੁਹਿੰਮ ਤਹਿਤ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਨਾ ਹੈ। ਜਿਸ ਤਹਿਤ ਜਿਲਿਆਂ ਦੇ ਸਿੱਖਿਆ ਅਫਸਰਾਂ ਵੱਲੋਂ ਜੁਬਾਨੀ ਹੁਕਮਾਂ ਰਾਹੀਂ ਅਧਿਆਪਕਾਂ ਨੂੰ ਦਰਸਾਏ ਗਏ ਸਕੂਲ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡੈਮੋਕਰੈਟਿਕ ਟੀਚਰ ਫਰੰਟ ਦੇ ਜਿਲ੍ਹਾ ਰੇਸ਼ਮ ਸਿੰਘ ਖੇਮੂਆਣਾ , ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ,ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਕਿ ਜਿਲਾ ਸਿੱਖਿਆ ਅਫਸਰ ਬਠਿੰਡਾ ਵੱਲੋਂ ਵੀ ਬਠਿੰਡਾ ਦੇ ਅਧਿਆਪਕਾਂ ਨੂੰ ਅਰਨੀਵਾਲਾ ਵਿਖੇ ਪਹੁੰਚਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਇਸ ਤਰ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਰੈਲੀਆਂ ਵਿੱਚ ਇਕੱਠ ਕਰਨ ਦੇ ਲਈ ਲਿਜਾਣਾ ਸਰਾਸਰ ਗਲਤ ਹੈ। ਓਹਨਾ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟਣ ਵਾਲੀ ਆਪ ਸਰਕਾਰ ਇੱਕ ਅਗਸਤ ਨੂੰ ਸਕੂਲਾਂ ਵਿੱਚੋਂ ਸੈਂਕੜੇ ਅਧਿਆਪਕਾਂ ਨੂੰ ਬਾਹਰ ਕੱਢ ਕੇ ਹਜ਼ਾਰਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਜਾ ਰਹੀ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਆਪਣਾ ਨਾਮ ਚਮਕਾਉਣ ਲਈ ਅਧਿਆਪਕਾਂ ਦਾ ਇਕੱਠ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਪਹਿਲਾਂ ਹੀ ਸਿੱਖਿਆ ਕ੍ਰਾਂਤੀ ਦੇ ਉਦਘਾਟਨੀ ਪੱਥਰਾਂ ਤੇ ਅਧਿਆਪਕਾਂ ਵੱਲੋਂ ਆਪਣੇ ਪੱਲਿਓਂ ਖਰਚ ਕੀਤੇ ਗਏ ਪੈਸੇ ਅਧਿਆਪਕਾਂ ਨੂੰ ਹਾਲੇ ਤੱਕ ਪ੍ਰਾਪਤ ਨਹੀਂ ਹੋਏ । ਇਸ ਨਵੇਂ ਫਰਮਾਨ ਰਾਹੀਂ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਫਿਰ ਹਜ਼ਾਰਾਂ ਰੁਪਏ ਖਰਚ ਕੇ ਮੁੱਖ ਮੰਤਰੀ ਦਾ ਭਾਸ਼ਣ ਸੁਣਨ ਜਾਣਗੇ। ਬਲਾਕ ਪ੍ਰਧਾਨ ਭੋਲਾ ਤਲਵੰਡੀ, ਭੁਪਿੰਦਰ ਸਿੰਘ ਮਾਈਸਰਖਾਨਾ, ਬਲਕਰਨ ਸਿੰਘ ਕੋਟਸ਼ਮੀਰ, ਅਸ਼ਵਨੀ ਕੁਮਾਰ, ਰਾਜਵਿੰਦਰ ਸਿੰਘ ਜਲਾਲ, ਜਿਲ੍ਹਾ ਆਗੂ ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਵਲ ਇਕੱਠ ਕਰਨ ਲਈ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਆਪਣੇ ਨਾਲ ਦੋ ਤਿੰਨ ਅਧਿਆਪਕ ਲੈ ਕੇ ਆਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਖਜ਼ਾਨੇ ਦੇ ਪੈਸੇ ਨੂੰ ਬੇਤੁਕੇ ਸਮਾਗਮਾਂ ਅਤੇ ਮਸ਼ਹੂਰੀਆਂ ਵਿੱਚ ਪਾਣੀ ਵਾਂਗੂ ਰੋੜ ਰਹੀ। ਮੁਲਾਜ਼ਮ ਪਿਛਲੇ ਤਿੰਨ ਸਾਲਾਂ ਤੋਂ ਆਪਣੀਆਂ ਮੰਗਾਂ ਜਿਨ੍ਹਾਂ ਵਿਚ ਪੁਰਾਣੀ ਪੈਨਸ਼ਨ ਬਹਾਲੀ, ਡੀ. ਏ. ਦੇ ਬਕਾਇਆਂ ਦਾ ਭੁਗਤਾਨ, ਪੇਂਡੂ ਭੱਤੇ ਸਮੇਤ ਕੱਟੇ ਗਏ 37 ਤਰ੍ਹਾਂ ਦੇ ਭੱਤਿਆਂ ਦੀ ਮੁੜ ਬਹਾਲੀ, ਅਤੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਆੜ੍ਹ ਹੇਠ ਕੀਤੀ ਗਈ ਤਨਖਾਹ ਕਟੌਤੀ ਰੱਦ ਕਰਨ ਜਿਹੇ ਅਹਿਮ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ ਵਾਹ ਵਾਹ ਖੱਟਣ ਖਾਤਰ ਪਹਿਲਾਂ ਤੋਂ ਗੈਰ ਵਿੱਦਿਅਕ ਕੰਮਾਂ ਅਤੇ ਪੜੋ ਪੰਜਾਬ , ਮਿਸ਼ਨ ਸਮਰੱਥ ਜਿਹੇ ਗੈਰ ਵਿਗਿਆਨਕ ਪ੍ਰੋਜੈਕਟਾਂ ਦੀ ਮਾਰ ਝੱਲ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਗਲ ਨਵੀਂ ਮੁਸੀਬਤ ਪਾਉਣ ਜਾਂ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਇਸ ਤਰ੍ਹਾਂ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਲਗਾਤਾਰ ਡਟਵਾਂ ਵਿਰੋਧ ਕੀਤਾ ਜਾਵੇਗਾ।