“ਮੰਜਰ ਸੰਨ ਸੰਤਾਲੀ ਦਾ”
(ਇੱਕ ਦਿਲ ਦੀ ਹੂਕ)
ਕਤਲੋਗਾਰਦ ਦਾ ਸੀ ਮੰਜਰ,ਜੀਹਨੂੰ ਕਹਿਣ ਅਜ਼ਾਦੀ।
ਅਜ਼ਾਦੀ ਨਹੀਂ ਸੀ ਓਹ ਭਰਾਵੋ,ਓਹ ਤਾਂ ਸੀ ਬਰਬਾਦੀ।।
ਕੀ ਇਸ ਵਿੱਚ ਸ਼ੱਕ ਹੈ ਕੋਈ?ਓਦੋਂ ਗੁੰਡਾਗਰਦੀ ਹੋਈ।
ਮਾਨਵਤਾ ਸੀ ਓਦੋਂ ਵੀਰੋ,ਧਾਹਾਂ ਮਾਰ ਕੇ
ਰੋਈ।।
ਧਰਮ ਦੇ ਨਾਂ ਤੇ ਵੰਡੀਆਂ ਪਾਈਆਂ, ਅਖੌਤੀ ਠੇਕੇਦਾਰਾਂ।
ਦਿੱਤਾ ਨਾਮ ਅਜ਼ਾਦੀ ਵਾਲਾ,ਰਲਮਿਲ ਕਈ ਗਦਾਰਾਂ।।
ਨਾਲ ਪਿਆਰ ਦੇ ਰਹਿੰਦੇ ਸੀ,ਹਿੰਦੂ ਮੁਸਲਿਮ ਸਿੱਖ ਈਸਾਈ!
ਸਿਆਸਤ ਪਰ ਚਮਕਾਉਣ ਦੀ ਖ਼ਾਤਰ ਤਿੱਖੀ ਛੁਰੀ ਚਲਾਈ।।
ਲੁੱਟੀ ਗਈ ਸੀ ਅਬਲਾ ਦੀ ਪੱਤ,ਕੋਈ ਨਾ ਚੱਲਿਆ ਚਾਰਾ।
ਭਾਈ ਦਾ ਭਾਈ ਦੁਸ਼ਮਣ ਬਣਕੇ,ਬਣ ਗਿਆ ਸੀ ਹਤਿਆਰਾ।।
ਭਰੇ ਭੁਕੰਨੇ ਘਰਾਂ ਨੂੰ ਛੱਡਿਆ, ਜੋ ਸੀ ਰੀਝਾਂ ਨਾਲ ਬਣਾਏ।
ਅੱਲਾ ਤਾਲਾ ਇਹੋ ਜਿਹਾ ਵੇਲਾ,ਕਿਸੇ ਤੇ ਨਾ ਲਿਆਏ।।
ਅਣਖੀ ਬੰਦਿਆਂ ਆਪਣੇ ਜੀਅ,ਹੱਥੀਂ ਮਾਰ ਮੁਕਾਏ।
ਇਸ ਲਈ ਕਿ ਇਜ਼ਤ ਉੱਤੇ, ਸਾਹਵੇਂ ਆਂਚ ਨਾ ਆਏ।।
ਜਿਸ ਨੇ ਵੇਖਿਆ ਮੰਜਰ ਓਹੋ,ਦੱਸੇ ਜਦੋਂ ਜ਼ੁਬਾਨੋਂ।
ਸਹੁੰ ਰੱਬ ਦੀ ਇਉਂ ਲੱਗਦਾ ਹੈ ਜਿਉਂ, ਹੰਝੂ ਚੋਣ ਅਸਮਾਨੋਂ।।
ਐਸਾ ਵੇਲਾ ਮੇਰੇ ਦਾਤਿਆ,ਕਦੇ ਨਾ ਕਿਸੇ ਤੇ ਲਿਆਵੀਂ।
ਫ਼ਰਿਆਦ ਤੂੰ ਸੁਣ ਲਈਂ ਨੇੜੇ ਹੋ ਕੇ, ਦਿਲ ਦੀ ਆਸ ਪੁਗਾਵੀਂ।।
ਜੇ ਇਹ ਸੁਣਕੇ ਪੜ੍ਹਕੇ ਫਿਰ ਵੀ,ਆਪਾਂ ਜਸ਼ਨ ਮਨਾਈਏ।
ਦੱਦਾਹੂਰੀਆ ਕਹੇ ਲਿਖਾਰੀ,ਫਿਰ ਆਪਾਂ ਕੀ ਅਖਵਾਈਏ?
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556