ਸੀ.ਪੀ.ਆਈ.(ਐਮ) ਵੱਲੋਂ ਲੋਕ ਲਾਮਬੰਦੀ ਮੁਹਿੰਮ ਤਹਿਤ ਭੀਖੀ ਇਲਾਕੇ ਦੇ ਪਿੰਡਾਂ ਵਿੱਚ ਕੀਤੇ ਜਨਤਕ ਇਕੱਠ
ਪੱਤਰ ਪ੍ਰੇਰਕ
ਭੀਖੀ – 4 ਸਤੰਬਰ
ਅੱਜ ਸੀ.ਪੀ.ਆਈ.(ਐਮ) ਵੱਲੋਂ ਆਰੰਭੀ ਲੋਕ ਸੰਪਰਕ ਮੁਹਿੰਮ ਭੀਖੀ , ਖੀਵਾ ਕਲਾਂ , ਸਮਾਓਂ , ਅਤਲਾ ਕਲਾਂ , ਅਤਲਾ ਖੁਰਦ ਅਤੇ ਭੁਪਾਲ ਕਲਾਂ ਪਿੰਡਾਂ ਵਿੱਚ ਜਨਤਕ ਇਕੱਠ ਕੀਤੇ ਗਏ। ਇੰਨ੍ਹਾਂ ਇਕੱਠਾਂ ਵਿੱਚ ਕਮਿਊਨਿਸਟ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਕਾਰਪੋਰੇਟ ਅਤੇ ਪੂੰਜੀਪਤੀ ਘਰਾਣਿਆਂ ਨੂੰ ਗੱਫ਼ੇ ਦਿੱਤੇ ਹਨ ਇਸਦੇ ਉਲਟ ਮਿਹਨਤਕਸ਼ ਅਵਾਮ ‘ਤੇ ਟੈਕਸਾਂ ਦਾ ਬੋਝ ਪਾਇਆ ਹੈ। ਆਗੂਆਂ ਨੇ ਕਿਹਾ ਕਿ ਮੋਦੀ ਨੇ ਸ਼ਾਸਨਕਾਲ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੇ ਭਾਈਚਾਰਕ ਸਾਂਝ ਨੂੰ ਵੀ ਸੱਟ ਮਾਰੀ ਹੈ। ਮਨੀਪੁਰ ਅਤੇ ਹਰਿਆਣਾ ਦੇ ਮੇਵਾਤ ਖੇਤਰ ਵਿੱਚ ਫਿਰਕੂ ਤਾਕਤਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ।
ਕਮਿਊਨਿਸਟ ਆਗੂਆਂ ਨੇ ਕੇਂਦਰ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਦੀ ਦੇ ਰਾਜਭਾਗ ਪਿਛਲੇ ਤਿੰਨ ਸਾਲਾਂ 13 ਲੱਖ ਤੋਂ ਵੱਧ ਔਰਤਾਂ ਗੁੰਮ ਹੋਈਆਂ ਹਨ , ਜਿਨ੍ਹਾਂ ਦਾ ਕੋਈ ਥਹੁਪਤਾ ਨਹੀਂ।
ਕਮਿਊਨਿਸਟ ਆਗੂਆਂ ਨੇ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਮੁਹਾਜ਼ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਸਾਰੇ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਜਿਉਂ ਦੀ ਤਿਉਂ ਹੈ। ਗੁੰਡਾਗਰਦੀ , ਲੁੱਟ ਖੋਹ , ਨਸ਼ੇ ਦਾ ਬੋਲਬਾਲਾ ਪਹਿਲਾਂ ਨਾਲੋਂ ਵਧੇਰੇ ਹੋਇਆ ਹੈ। ਸੱਤਾਧਾਰੀ ਚੁੱਪ ਧਾਰੀ ਬੈਠੇ ਹਨ।
ਸੀ.ਪੀ.ਆਈ.ਐਮ. ਆਗੂਆਂ ਨੇ ਪਿੰਡਾਂ ਦੀਆਂ ਸੱਥਾਂ ਵਿੱਚ ਬੋਲਦਿਆਂ ਕਿਹਾ ਕਿ ਅੱਜ ਦੇ ਹਾਕਮ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਬਜਾਏ ਸਾਮਰਾਜੀ ਲੋਟੂਆਂ ਦੀ ਬੁੱਕਲ ਵਿੱਚ ਬੈਠੇ ਹੋਏ ਹਨ ਅਤੇ ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕ ਰਹੇ ਹਨ। ਜਿਸ ਵਿਰੁੱਧ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਨੂੰ ਅੱਗੇ ਆਉਣਾ ਹੋਵੇਗਾ।
ਇਨ੍ਹਾਂ ਇਕੱਠਾਂ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਅਤੇ ਤਹਿਸੀਲ ਮਾਨਸਾ ਦੇ ਸਕੱਤਰ ਕਾ. ਨਛੱਤਰ ਸਿੰਘ ਢੈਪਈ , ਕਾ. ਅਮਰਜੀਤ ਸਿੰਘ ਸਿੱਧੂ , ਕਾ. ਅਵਤਾਰ ਸਿੰਘ ਛਾਪਿਆਂਵਾਲੀ , ਕਾ. ਜਸਵੰਤ ਸਿੰਘ ਬੀਰੋਕੇ , ਕਾ. ਹਰਨੇਕ ਸਿੰਘ ਖੀਵਾ , ਕਾ. ਘਣਸਾਮ ਦਾਸ ਨਿੱਕੂ , ਕਾ. ਸੁਰੇਸ਼ ਕੁਮਾਰ ਮਾਨਸਾ , ਕਾ.ਗੁਰਜੰਟ ਸਿੰਘ ਕੋਟੜਾ , ਕਾ.ਪਰਵਿੰਦਰ ਸਿੰਘ ਭੀਖੀ , ਕਾ.ਅਮਰਜੀਤ ਸਿੰਘ ਖੀਵਾ , ਕਾ. ਜਗਦੇਵ ਸਿੰਘ ਢੈਪਈ , ਕਾ. ਹਰਦੇਵ ਸਿੰਘ ਖੀਵਾ ਕਲਾਂ , ਸੁਖਮਨ ਸਿੰਘ ਚਹਿਲ ਆਦਿ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਭੀਖੀ ਵਿਖੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ। ਫੋਟੋ ਕਰਨ ਭੀਖੀ