05 ਅਕਤੂਬਰ (ਨਾਨਕ ਸਿੰਘ ਖੁਰਮੀ) ਬੁਢਲਾਡਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦੀ ਅਹਿਮ ਮੀਟਿੰਗ ਗੁਰਜੀਤ ਸਿੰਘ ਬਰੇ ਦੀ ਪ੍ਰਧਾਨਗੀ ਹੇਠ ਮਾਤਾ ਕੱਲਰ ਵਾਲੀ ਮੰਦਰ ਵਿਖੇ ਹੋਈ। ਜਿਸ ਵਿੱਚ ਬਲਾਕ ਦੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ‘ਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸਹਾਇਕ ਸੂਬਾ ਵਿੱਤ ਸਕੱਤਰ ਵੈਦ ਤਾਰਾ ਚੰਦ ਭਾਵਾ ਅਤੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਵੀ ਪਹੁੰਚੇ। ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰੇ, ਸਕੱਤਰ ਬੂਟਾ ਸਿੰਘ ਅਤੇ ਕੈਸ਼ੀਅਰ ਨਾਇਬ ਸਿੰਘ ਵੱਲੋਂ ਪਾਰਦਰਸ਼ੀ ਢੰਗ ਨਾਲ ਹੋਏ ਸੂਬਾ ਇਜਲਾਸ ਵਿੱਚ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ । ਮਹਿਮਾਨਾਂ ਅਤੇ ਮੈਂਬਰ ਸਾਥੀਆਂ ਦਾ ਗਰਮ ਜੋਸ਼ੀ ਨਾਲ ਸਵਾਗਤ ਕਰਦਿਆਂ, ਤੀਸਰੀ ਵਾਰ ਸੂਬਾ ਪ੍ਰਧਾਨ ਚੁਣੇ ਜਾਣ ਤੇ ਧੰਨਾ ਮੱਲ ਗੋਇਲ ਅਤੇ ਵੈਦ ਤਾਰਾ ਚੰਦ ਭਾਵਾ ਨੂੰ ਸੂਬਾ ਸਹਾਇਕ ਵਿੱਤ ਸਕੱਤਰ ਚੁਣੇ ਜਾਣ ਤੇ ਵਧਾਈ ਦਿੱਤੀ। ਸ਼ਾਮਲ ਆਗੂਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਾਬਤੇ ਵਿੱਚ ਰਹਿਕੇ ਤਨਦੇਹੀ ਨਾਲ ਉਪਰਾਲੇ ਕਰਨ ਦੀ ਸਖ਼ਤ ਜ਼ਰੂਰਤ ਹੈ ਮੌਜੂਦਾ ਜਥੇਬੰਦਕ ਢਾਂਚੇ ਪ੍ਰਤੀ ਬੋਲਦਿਆਂ ਸਵੈਪੜਚੋਲ, ਸਹਿਨਸ਼ੀਲਤਾ ਅਤੇ ਭਾਰਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦੀ ਲੋੜ ਤੇ ਜੋਰ ਦਿੰਦਿਆ ਭਵਿੱਖੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਅਤੇ ਪਿਰਤ ਅਨੁਸਾਰ ਸਮਾਜਿਕ ਲਾਹਨਤਾਂ ਨਸ਼ਿਆਂ ਅਤੇ ਭਰੂਣ ਹੱਤਿਆਂ ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ ਖਿਲਾਫ ਹੋਰ ਵੱਡੀ ਲਾਮਬੰਦੀ ਦੀ ਲੋੜ ਹੈ। ਮੀਟਿੰਗ ਦੌਰਾਨ ਪਿਛਲੇ ਦਿਨੀਂ ਯੂਪੀ ਸਰਕਾਰ ਵੱਲੋਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਫੌਰੀ ਰੋਕਣ ਦੀ ਮੰਗ ਵੀ ਕੀਤੀ ਅਤੇ ਸਾਫ਼ ਸੁਥਰੀਆਂ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਦੀ ਮੰਗ ਦੁਹਰਾਈ ਅਤੇ ਕਿਹਾ ਕਿ ਜੇਕਰ ਸਰਕਾਰ ਨੂੰ ਲੋਕਾਂ ਦੀਆਂ ਸਿਹਤ ਸੇਵਾਵਾਂ ਦੀ ਸੱਚਮੁੱਚ ਹੀ ਚਿੰਤਾਂ ਹੈ ਤਾਂ ਦੇਸ਼ ਅੰਦਰ ਗੈਰ ਮਿਆਰੀ ਦਵਾਈਆਂ ਬਣਾਉਣ ਵਾਲਿਆਂ ਅਤੇ ਜਾਅਲੀ ਡਿਗਰੀਆਂ ਵੇਚਣ ਵਾਲਿਆਂ ਤੇ ਫੌਰੀ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਵੀ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਪੈਦਾਇਸ਼ ਲਗਾਤਾਰ ਜਾਰੀ ਹੈ ਇਸ ਨੂੰ ਅਣਗੌਲਿਆਂ ਕੀਤਾ ਜਾਣਾ ਸਮਝੋ ਬਾਹਰੀ ਗੱਲ ਹੈ। ਇਸ ਮੌਕੇ ਚੇਅਰਮੈਨ ਰਮਜਾਨ ਖਾਨ , ਸੀਨੀਅਰ ਵਾਇਸ ਪ੍ਰਧਾਨ ਲੱਖਾ ਸਿੰਘ ਹਸਨਪੁਰ, ਜਗਤਾਰ ਸਿੰਘ ਖਾਲਸਾ, ਮੇਜ਼ਰ ਸਿੰਘ ਗੋਬਿੰਦਪੁਰਾ , ਜੱਗਾ ਸਿੰਘ ਗੜੱਦੀ ਆਦਿ ਨੇ ਸਾਥੀਆਂ ਨੂੰ ਅਪੀਲ ਕੀਤੀ ਕਿ ਜਥੇਬੰਦਕ ਜਾਬਤੇ ਵਿੱਚ ਰਹਿੰਦਿਆਂ ਤਨਦੇਹੀ ਨਾਲ ਕੰਮ ਕਰਨ ਅਤੇ ਜਥੇਬੰਦੀ ਪ੍ਰਤੀ ਗੁਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਤੇ ਜੋਰ ਦਿੰਦਿਆਂ ਮੀਟਿੰਗਾਂ ਵਿੱਚ ਲਗਾਤਾਰ ਆਉਣ ਅਤੇ ਦਿੱਤੀਆਂ ਜ਼ੁਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਸੱਦੇ ਤੇ ਪਹੁੰਚੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮਹੇਸ਼ ਕੁਮਾਰ ਮਿੰਟਾ , ਪਵਨ ਕੁਮਾਰ ਜੈਨ , ਕਮਲਪ੍ਰੀਤ ਕੌਰ , ਤੇਜ਼ਾ ਸਿੰਘ ਗੁਰਨੇ, ਰਾਮ ਸਿੰਘ ਗੁਰਨੇ , ਸੇਵਕ ਸਿੰਘ ਗੁਰਨੇ , ਜਗਦੇਵ ਦਾਸ,ਲਖਬੀਰ ਸਿੰਘ ਟਾਹਲੀਆਂ , ਸੁਰੇਸ਼ ਕੁਮਾਰ , ਅਮਰੀਕ ਸਿੰਘ ਆਦਿ ਸਮੁੱਚੇ ਮੈਂਬਰ ਵੀ ਹਾਜ਼ਰ ਸਨ।