ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਜਿਵੇਂ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਭਾਵ ਮਨੁੱਖਤਾ ਦੀ ਕੋਈ ਕਦਰ ਨਹੀਂ। ਸਮੇਂ ਦੇ ਹੁਕਮਰਾਨ ਸਮੇਂ ਸਮੇਂ ‘ਤੇ ਕੋਝੀਆਂ ਹਰਕਤਾਂ ਨਾਲ ਮਨੁੱਖਤਾ ਦਾ ਘਾਣ ਕਰਦੇ ਆ ਰਹੇ ਹਨ। ਪਰ ਇਹ ਕਦੋਂ ਤੱਕ ਇਸ ਤਰ੍ਹਾਂ ਚੱਲਦਾ ਰਹੇਗਾ..? ਇਹ ਵੱਡਾ ਸਵਾਲ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੰਗ ਖ਼ੁਦ ਇੱਕ ਮਸਲਾ ਹੈ। ਜਦੋਂ ਕਿਤੇ ਜੰਗ ਦਾ ਮਾਹੌਲ ਬਣਦਾ ਹੈ ਤਾਂ ਲੋਕ ਲੋੜੀਂਦੀਆਂ ਵਸਤਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਸ ਦਾ ਅਸਰ ਹਰ ਇੱਕ ਵਰਗ ਦੇ ਲੋਕਾਂ ਉੱਤੇ ਪੈਂਦਾ ਹੈ। ਸੁਭਾਵਿਕ ਹੈ ਕਿ ਵਸਤਾਂ ਸਟੋਰ ਕਰਨ ਬਾਅਦ ਇਹ ਵਸਤਾਂ ਮਹਿੰਗੀਆਂ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਮਜ਼ਦੂਰ ਤਬਕਾ ਬਿਨਾਂ ਜੰਗ ਦੇ ਹਮਲੇ ਤੋਂ ਹੀ ਮਾਰਿਆ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਕਾਰੋਬਾਰ ਠੱਪ ਹੋ ਜਾਂਦੇ ਹਨ ਜਿਸ ਨਾਲ ਰਹਿਣਾ ਸਹਿਣਾ ਮੁਸ਼ਕਿਲ ਹੋ ਜਾਂਦਾ ਹੈ, ਭੁੱਖਮਰੀ ਅਮਰਵੇਲ ਵਾਂਗ ਮਨੁੱਖਤਾ ਨੂੰ ਜਕੜ ਲੈਂਦੀ ਹੈ। ਅਜਿਹੇ ਵਿੱਚ ਬਹੁਤ ਸਾਰੇ ਜ਼ਿੰਦਾ ਇਨਸਾਨ ਲਾਸ਼ਾਂ ਬਣ ਜਾਂਦੇ ਹਨ। ਬੇਸ਼ੱਕ ਜੰਗ ਦੋ ਢਾਈ ਅੱਖਰਾਂ ਦਾ ਸ਼ਬਦ ਹੈ ਪਰ ਇਹ ਕਈ ਪੀੜ੍ਹੀਆਂ ਨੂੰ ਤਬਾਹ ਕਰ ਦਿੰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਬਿਨਾਂ ਕਿਸੇ ਹਿੰਸਾ ਦੇ ਕਾਨੂੰਨ ਦੇ ਦਾਇਰੇ ਅੰਦਰ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਬਣਦੀ ਸਜਾ ਦੇਣੀ ਚਾਹੀਦੀ ਹੈ ਨਾ ਕਿ ਹਿੰਸਾ ਦਾ ਹਿੱਸਾ ਬਣਨਾ ਚਾਹੀਦਾ ਹੈ। ਇੱਕ ਭੇੜ ਮਗਰ ਤੁਰਨ ਵਾਲੀਆਂ ਭੇਡਾਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਥੋੜ੍ਹੇ ਨੁਕਸਾਨ ਨੂੰ ਝੱਲਿਆ ਜਾ ਸਕਦਾ ਹੈ ਪਰ ਜੰਗ ਦੇ ਹਾਲਤਾਂ ਵਿੱਚ ਹੋਏ ਨੁਕਸਾਨ ਨੂੰ ਝੱਲਣਾ ਕਿਸੇ ਦੇ ਵੀ ਹੱਥ ਵੱਸ ਨਹੀਂ ਹੈ। ਦੇਸ਼ ਦੀ ਆਰਥਿਕਤਾ ਕਮਜ਼ੋਰ ਹੋ ਜਾਂਦੀ ਹੈ, ਦੇਸ਼ ਕਈ ਗੁਣਾ ਪਿੱਛੇ ਚਲਾ ਜਾਂਦਾ ਹੈ ਅਤੇ ਮੁੜ ਦੁਬਾਰਾ ਉਸੇ ਸਟੇਜ ਤੇ ਆਉਣਾ ਅਸੰਭਵ ਹੋ ਜਾਂਦਾ ਹੈ। ਅਜਿਹੀ ਹਿੰਸਾ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਅਤੇ ਉਹਨਾਂ ਮਾਵਾਂ ਦੇ ਜਵਾਨ ਪੁੱਤਾਂ ਬਾਰੇ ਸੋਚਣਾ ਚਾਹੀਦਾ ਹੈ, ਇੱਕ ਮਾਂ ਆਪਣੇ ਪੁੱਤ ਨੂੰ ਅਵਾਰਾ ਫਿਰਦਾ ਸਹਾਰ ਸਕਦੀ ਹੈ, ਇੱਕ ਮਾਂ ਆਪਣੇ ਪੁੱਤ ਨੂੰ ਨਿਕੰਮਾ ਵੀ ਸਹਾਰ ਸਕਦੀ ਹੈ, ਇੱਕ ਮਾਂ ਆਪਣੇ ਪੁੱਤ ਨੂੰ ਸਿੱਧਰਾ ਵੀ ਸਹਾਰ ਸਕਦੀ ਹੈ, ਇੱਕ ਮਾਂ ਆਪਣੇ ਪੁੱਤ ਨੂੰ ਅੰਨਾ ਵੀ ਸਹਾਰ ਸਕਦੀ ਹੈ, ਇੱਕ ਮਾਂ ਆਪਣੇ ਪੁੱਤ ਨੂੰ ਗੂੰਗਾ ਬੋਲਾ ਵੀ ਸਹਾਰ ਸਕਦੀ ਹੈ, ਇੱਕ ਮਾਂ ਆਪਣੇ ਪੁੱਤ ਨੂੰ ਅਪਾਹਜ ਵੀ ਸਹਾਰ ਸਕਦੀ ਹੈ ਪਰ ਇੱਕ ਮਾਂ ਆਪਣੇ ਪੁੱਤ ਨੂੰ ਕਿਸੇ ਜੰਗ ਦਾ ਹਿੱਸਾ ਬਣਨ ਜਾਂ ਸ਼ਹੀਦ ਹੁੰਦਿਆਂ ਵੇਖ ਜਾਂ ਆਪਣੇ ਤੋਂ ਦੂਰ ਹੁੰਦਿਆਂ ਨਹੀਂ ਸਹਾਰ ਸਕਦੀ। ਸੋ ਸਮੇਂ ਦੇ ਹੁਕਮਰਾਨਾਂ ਨੂੰ ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ ਪੁਰਜ਼ੋਰ ਅਪੀਲ ਹੈ ਕਿ ਅਜਿਹੀਆਂ ਜੰਗਾਂ ਤੋਂ ਟਾਲਾ ਕੀਤਾ ਜਾਵੇ। ਚੰਦ ਬੰਦਿਆਂ ਦੀ ਨਲਾਇਕੀ ਖ਼ਾਤਰ ਸੈਂਕੜੇ ਮਨੁੱਖਾਂ, ਜਾਨਵਰਾਂ, ਜੀਵ ਜੰਤੂਆਂ ਨੂੰ ਦਾਅ ਤੇ ਲਗਾਉਣਾ ਕਿੱਥੋਂ ਦਾ ਨਿਆਂ ਹੈ। ਆਪਣੀ ਸੱਭਿਅਤਾ ਨੂੰ ਮਿਟਾ ਦੇਣਾ, ਆਪਣੇ ਸਿੱਖਿਆ ਢਾਂਚੇ ਨੂੰ ਗਿਰਾ ਦੇਣਾ, ਆਪਣੀ ਆਰਥਿਕ ਸਥਿਤੀ ਨੂੰ ਡਾਵਾਂ ਡੋਲ ਕਰ ਦੇਣਾ, ਆਪਣੇ ਵਾਤਾਵਰਨ ਨੂੰ ਤਬਾਹ ਕਰ ਦੇਣਾ, ਆਪਣੇ ਕੁਦਰਤੀ ਸੋਮਿਆਂ ਨੂੰ ਖ਼ਤਮ ਕਰ ਦੇਣਾ ਅਜਿਹਾ ਕਰਨ ਦਾ ਅਧਿਕਾਰ ਕਿਸੇ ਕੋਲ ਵੀ ਨਹੀਂ ਹੈ। ਇੱਕ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਇੱਕ ਪਾਸੇ ਦੇਸ਼/ਸਟੇਟ ਕੋਲ ਐਨਾ ਗੋਲਾ ਬਰੂਦ, ਤੋਪਾ, ਟੈਂਕ, ਮਸ਼ੀਨਰੀ ਅਤੇ ਅਸਲਾ ਹੈ, ਵੱਡੀਆਂ ਵੱਡੀਆਂ ਮਜੈਲਾਂ ਤੇ ਪਰਮਾਣੂ ਖਰੀਦਣ ਲਈ ਪੈਸਾ ਹੈ, ਪਰ ਦੂਜੇ ਪਾਸੇ ਦੇਸ਼ ਕੋਲ ਅਧਿਆਪਕਾਂ, ਪੁਲਿਸ ਮੁਲਾਜਮਾਂ, ਬੈਂਕ ਕਰਮਚਾਰੀਆਂ, ਡਾਕਟਰਾਂ, ਕਲਰਕਾਂ ਦੀਆਂ ਤਨਖਾਹਾਂ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਲਈ ਪੈਸਾ ਨਹੀਂ ਹੈ, ਕਿਸਾਨਾਂ ਦੀਆਂ ਫ਼ਸਲਾਂ ਸਮੇਂ ਸਿਰ ਨਹੀਂ ਚੱਕੀਆਂ ਜਾਂਦੀਆਂ, ਸਮੇਂ ਸਿਰ ਉਹਨਾਂ ਨੂੰ ਮੁੱਲ ਨਹੀਂ ਮਿਲਦੇ, ਅਜਿਹੇ ਵਿੱਚ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ, ਆਪਣੇ ਹੀ ਹੱਕਾਂ ਲਈ ਡਾਗਾਂ/ਜੇਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਕਿਉਂ…?? ਇਹ ਵੀ ਬਹੁਤ ਗੰਭੀਰ ਸਵਾਲ ਹੈ। ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਨਾ ਕਿ ਅਜਿਹੀਆਂ ਹਿੰਸਾ ਕਰਵਾ ਵਕਤ ਜਾਇਆ ਕਰਨਾ ਚਾਹੀਦਾ ਹੈ। ਦਾਸ ਅਜਿਹੀਆਂ ਜੰਗਾਂ ਦੀ ਜਾਂ ਕਿਸੇ ਵੀ ਪ੍ਰਕਾਰ ਦੀ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਬਹੁਤ ਕੁੱਝ ਲਿਖਣ ਲਈ ਰਹਿ ਗਿਆ ਹੋਵੇਗਾ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ। ਦੂਸਰਾ ਲੋਕਾਂ ਨੂੰ ਵੀ ਅਪੀਲ ਹੈ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰ ਸਾਥ ਦਿੱਤਾ ਜਾਵੇ ਅਤੇ ਆਪਣੇ ਨੂੰ ਅਜਿਹੇ ਹਾਲਾਤਾਂ ਵਿੱਚ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਬੇਸ਼ੱਕ ਕਿਸੇ ਹੱਥ ਵੱਸ ਨਹੀਂ ਹੈ ਪਰ ਡਰ ਨਾਲੋਂ ਕੋਸ਼ਿਸ਼ ਵੱਡੀ ਹੁੰਦੀ ਹੈ।