ਬਠਿੰਡਾ 4 ਦਸੰਬਰ (ਗਗਨਦੀਪ ਸਿੰਘ): ਬੀਤੇ ਦਿਨਾਂ ਤੋਂ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ ਰਜਿ: ਬਠਿੰਡਾ ਵੱਲੋਂ ਪ੍ਰਧਾਨ ਜਗਤਾਰ ਸਿੰਘ ਅਣਜਾਣ ਦੀ ਅਗਵਾਈ ਹੇਠ ਚਾਰ ਰੋਜ਼ਾ ਮੇਲਾ ਜਾਗਦੇ ਜੁਗਨੂੰਆਂ ਦਾ ਕਰਵਾਇਆ ਜਾ ਰਿਹਾ ਹੈ। ਮੇਲਾ ਜਾਗਦੇ ਜੁਗਨੂੰਆਂ ਦੇ ਤੀਜੇ ਦਿਨ ਦੀ ਸ਼ੁਰੂਆਤ ਸ. ਉਜਾਗਰ ਸਿੰਘ ਢਿੱਲੋਂ ਜੀ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਮੰਚ ਦੀ ਸ਼ੁਰੂਆਤ ਵਿੱਚ ਪਹਿਲੇ ਸੈਸ਼ਨ ਦੇ ਮਹਿਮਾਨ ਡਾ. ਕੁਮਾਰ ਸ਼ੁਸ਼ੀਲ ਜੀ ਸਨ ਤੇ ਜਿਨ੍ਹਾਂ ਨਾਲ ਦੱਬੇ ਕੁਚਲਿਆਂ ਦਾ ਸਿੱਖਿਆ ਸ਼ਾਸਤਰ ਵਿਸ਼ੇ ਉੱਪਰ ਹਰਜਿੰਦਰ ਸਿੰਘ ਸਿੱਧੂ ਜੀ ਨੇ ਵਿਸ਼ੇਸ਼ ਗੱਲਬਾਤ ਕੀਤੀ। ਬਾਅਦ ਨਾਮੀ ਸ਼ਾਇਰਾਂ ਦਾ ਮੁਸ਼ਾਇਰਾ ਹੋਇਆ ਜਿਸ ਵਿੱਚ ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਜਗਵਿੰਦਰ ਜੋਧਾ, ਬਲਕਾਰ ਔਲਖ, ਵਾਹਿਦ, ਮਨ ਮਾਨ, ਮਨਦੀਪ ਔਲਖ ਅਤੇ ਮਨਦੀਪ ਲੁਧਿਆਣਾ ਸ਼ਾਮਿਲ ਹੋਏ। ਇਸ ਮੁਸ਼ਾਇਰੇ ਦੇ ਸੂਤਰਧਾਰ ਸੁਰਿੰਦਰਪ੍ਰੀਤ ਘਣੀਆਂ ਜੀ ਸਨ। ਇਸ ਤੋਂ ਬਾਅਦ ਸਫ਼ਲ ਕਿਸਾਨ ਸੁਖਪਾਲ ਸਿੰਘ ਭੁੱਲਰ (ਨੈਸ਼ਨਲ ਐਵਾਰਡੀ ਅਤੇ ਉੱਘੇ ਬਾਗਵਾਨ) ਜੀ ਨਾਲ ਜਗਤਾਰ ਸਿੰਘ ਅਨਜਾਣ ਜੀ ਨੇ ਸੰਵਾਦ ਰਚਾਇਆ। ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿੱਚ ਸਾਹਿਤ, ਸੱਭਿਆਚਾਰ ਤੇ ਮੀਡੀਆ ਵਿਸ਼ੇ ਉੱਪਰ ਦੀਪ ਜਗਦੀਪ (ਮੀਡੀਆ ਖੋਜ ਮਾਹਿਰ) ਵੱਲੋਂ ਮਹਿਮਾਨ ਸਾਈਬਰ ਸੁਰੱਖਿਆ ਮਾਹਿਰ (ਲੰਡਨ ਸਕੂਲ ਆਫ ਇਕਨਾਮਿਕਸ, ਵਾਸ਼ਿੰਗਟਨ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ) ਸੰਗੀਤ ਤੂਰ ਜੀ ਨਾਲ ਵਿਸ਼ੇਸ਼ ਵਾਰਤਾ ਕੀਤੀ। ਦੁਪਹਿਰ ਬਾਅਦ ਦੇ ਸ਼ੈਸ਼ਨਾਂ ਦੌਰਾਨ ਜਤਿੰਦਰ ਸਿੰਘ (ਸਰੀਰਦਾਨੀ) ਬਿਜਨੈਸਮੈਨ, ਸਾਈਕਲਲਿਸਟ ਜੀ ਦਾ ਮੇਲੇ ਦੇ ਇਸ ਤੀਜੇ ਦਿਨ ਮੌਕੇ ਰੂ-ਬ-ਰੂ ਹਰਜਿੰਦਰ ਸਿੰਘ ਸਿੱਧੂ ਜੀ ਵੱਲੋਂ ਕੀਤਾ ਗਿਆ। ਬਾਅਦ ਸਮਾਜ ਦੀ ਤਸਵੀਕਸ਼ੀ ਵਿੱਚ ਲਘੂ ਫਿਲਮਾਂ ਦਾ ਮਹੱਤਵ ਦੇ ਸੰਦਰਭ ਵਿੱਚ ਮਹਿਮਾਨ ਵਿਰਾਟ ਮਾਹਲ, ਪ੍ਰੀਤ ਕੈਂਥ ਅਤੇ ਅਮਨ ਮਹਿਮੀ ਵੱਲੋਂ ਵਿਸ਼ੇਸ਼ ਚਰਚਾ ਕੀਤੀ ਗਈ। ਤੀਜੇ ਪਹਿਰ ਡਾ. ਪਰਵਿੰਦਰ ਸਿੰਘ ਸੰਧੂ (ਐੱਮ. ਡੀ) ਸਰਕਾਰੀ ਕੈਂਸਰ ਹਸਪਤਾਲ ਬਠਿੰਡਾ ਜੀ ਨਾਲ ਉਜਾਗਰ ਸਿੰਘ ਢਿੱਲੋਂ ਵੱਲੋਂ ਦਰਸ਼ਕਾਂ ਦੇ ਸਾਹਮਣੇ ਗੱਲਬਾਤ ਕੀਤੀ ਗਈ। ਸ਼ਾਮ ਦੀ ਮਹਿਫ਼ਿਲ ਵਿੱਚ ਦਰਸ਼ਕਾਂ ਨੇ ਪ੍ਰੀਤ ਗਰੁੱਪ ਢੱਡੇ ਵੱਲੋਂ ਪੇਸ਼ ਕੀਤੀ ਕਵੀਸ਼ਰੀ ਦਾ ਅਨੰਦ ਮਾਣਿਆ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੀ ਰੱਖਿਆ। ਸ਼ਾਮ ਦੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਜੀ ਅਤੇ ਉਹਨਾਂ ਦੇ ਸਾਥੀ ਸ਼ਾਮਿਲ ਹੋਏ ਅਤੇ ਮੇਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਹਜ਼ਾਰ ਰੁਪਏ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫ਼ੇਅਰ ਸੁਸਾਇਟੀ ਰਜਿ: ਬਠਿੰਡਾ ਨੂੰ ਸਹਿਯੋਗ ਕਰਨ ਦੀ ਘੋਸ਼ਣਾ ਕੀਤੀ। ਬਾਅਦ ਵਿੱਚ ਸੰਗੀਤਕ ਮਹਿਫ਼ਿਲ ਜਾਰੀ ਰਹੀ ਅਤੇ ਵੱਖ-ਵੱਖ ਪ੍ਰਸਿੱਧ ਅਤੇ ਨਵੇਂ ਉੱਭਰਦੇ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਿਆ। ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸੰਧੂ, ਬਲਵੀਰ ਚੋਟੀਆਂ, ਉਸਤਾਦ ਗਾਇਕ ਉਜਾਗਰ ਅੰਟਾਲ, ਜੈਸਮੀਨ ਚੋਟੀਆਂ, ਬਿੰਦਰ ਭੱਟੀ ਤੇ ਜੈਸਮੀਨ ਮਿਆਰੀ ਗਾਇਕੀ ਨਾਲ ਨਿਵਾਜਿਆ।